
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ (1977-78 ਤੋਂ) ਦੇ ਲੰਮੇ ਇਤਿਹਾਸ ਵਿਚ ਹੋਈਆਂ 28 ਚੋਣਾਂ 'ਤੇ ਨਜ਼ਰ ਮਾਰਦਿਆਂ.............
ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ (1977-78 ਤੋਂ) ਦੇ ਲੰਮੇ ਇਤਿਹਾਸ ਵਿਚ ਹੋਈਆਂ 28 ਚੋਣਾਂ 'ਤੇ ਨਜ਼ਰ ਮਾਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਕਦੇ ਵੀ ਕਿਸੇ ਲੜਕੀ ਨੂੰ ਪ੍ਰਧਾਨਗੀ ਨਸੀਬ ਨਹੀਂ ਹੋਈ। ਹਾਲਾਂਕਿ ਲੜਕੀਆਂ ਦੀ ਗਿਣਤੀ 70 ਫ਼ੀ ਸਦੀ ਤਕ ਮੰਨੀ ਜਾ ਰਹੀ ਹੈ। ਹੁਣ ਤਕ ਵਿਦਿਆਰਥੀ ਕੌਂਸਲ ਤੇ ਕਾਬਜ਼ ਰਹੀਆਂ ਪਾਰਟੀਆਂ ਨੇ ਲੜਕੀਆਂ ਨੂੰ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਤੋਂ ਪ੍ਰਹੇਜ਼ ਹੀ ਕੀਤਾ ਹੈ ਪਰ ਜਦੋਂ ਕਿਸੇ ਪਾਰਟੀ ਨੇ ਅਜਿਹਾ ਕੀਤਾ ਵੀ ਹੈ, ਤਾਂ ਬਹੁਗਿਣਤੀ ਵਿਚ ਹੁੰਦੀਆਂ ਹੋਈਆਂ ਵੀ ਕੁੜੀਆਂ ਨੇ ਕਿਸੇ ਮਹਿਲਾ ਉਮੀਦਵਾਰ ਨੂੰ ਜਿਤਾਇਆ ਨਹੀਂ।
ਸਾਲ 1977-78 ਤੋਂ ਲੈ ਕੇ ਸਾਲ 1983-84 ਅਤੇ ਫਿਰ ਸਾਲ 1997-98 ਤੋਂ ਲੈ ਕੇ ਸਾਲ 2012-13 ਤਕ ਅਤੇ ਪ੍ਰਧਾਨਗੀ ਹਮੇਸ਼ਾ ਮੁੰਡਿਆਂ ਕੋਲ ਰਹੀ ਹੈ। ਹਾਲਾਂਕਿ ਇਹ ਦੋਵੇਂ ਪਾਰਟੀਆਂ ਗ਼ੈਰ-ਸਿਆਸੀ ਅਤੇ ਕੈਂਪਸ ਨਾਲ ਸਬੰਧਤ ਸਨ। ਸਾਲ 2013-14 ਤੋਂ ਹੁਣ ਤਕ ਹੋਈਆਂ 5 ਚੋਣਾਂ ਵਿਚ 4 ਵਾਰ ਸਿਆਸੀ ਪਾਰਟੀਆਂ ਨਾਲ ਜੁੜੇ ਵਿਦਿਆਰਥੀ ਸੰਗਠਨ ਕੌਂਸਲ ਚੋਣਾਂ ਜਿੱਤਦੇ ਰਹੇ ਹਨ ਪਰ ਇਨ੍ਹਾਂ ਨੇ ਵੀ ਲੜਕੀਆਂ ਨੂੰ ਪ੍ਰਧਾਨਗੀ ਦੇਣ 'ਚ ਕੋਈ ਦਿਲਚਸਪੀ ਨਹੀਂ ਵਿਖਾਈ।
ਖੱਬੇ ਪੱਖੀਆਂ ਨੇ ਦਿਤਾ ਮੌਕਾ : ਇਸ ਮਾਮਲੇ ਵਿਚ ਖੱਬੇਪੱਖੀ ਵਿਚਾਰਧਾਰਾ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਨੇ ਥੋੜ੍ਹੀ ਦਿਲਚਸਪੀ ਵਿਖਾਈ ਹੈ। ਸਾਲ 2013-14 ਦੀਆਂ ਚੋਣਾਂ 'ਚ ਐਸ.ਐਫ਼.ਆਈ. ਨੇ ਨਵਜੋਤ ਕੌਰ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਬਣਾਇਆ ਜ਼ਰੂਰ ਪਰ ਉਸ ਨੂੰ ਸਿਰਫ਼ 341 ਵੋਟਾਂ (3.78 ਫ਼ੀ ਸਦੀ) ਹੀ ਮਿਲੀਆਂ। ਇਸ ਤੋਂ ਪਹਿਲਾਂ ਸਾਲ 2012-13 ਦੀਆਂ ਚੋਣਾਂ 'ਚ ਚੌਟਾਲਾ ਪਾਰਟੀ ਨਾਲ ਜੁੜੀ ਇਨਸੋ ਨੇ ਰੀਟਾਂ ਨੂੰ ਉਮੀਦਵਾਰ ਬਣਾਇਆ ਪਰ ਨਤੀਜਾ ਉਹੀ ਰਿਹਾ, ਸਿਰਫ਼ 376 ਵੋਟਾਂ ਮਿਲੀਆਂ। ਸਾਲ 2014-15 ਵਿਚ ਨਵੀਂ ਬਣੀ ਜਥੇਬੰਦੀ ਐਸ.ਐਫ਼.ਐਸ. ਨੇ ਅਮਨਦੀਪ ਕੌਰ ਨੂੰ ਉਮੀਦਵਾਰ ਬਣਾਇਆ,
ਉਹ 7 ਉਮੀਦਵਾਰਾਂ 'ਚੋਂ 1334 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ, ਸਾਲ 2015-16 ਦੀਆਂ ਵੋਟਾਂ ਵਿਚ ਐਨ.ਐਸ.ਯੂ.ਆਈ. ਅਤੇ ਸੋਪੂ ਨੇ ਮਿਲ ਕੇ ਸ਼ੀਆ ਮਨੋਚਾ ਨੂੰ ਉਮੀਦਵਾਰ ਬਣਾਇਆ, ਉਸ ਨੂੰ 2074 ਵੋਟਾਂ ਵੀ ਪਈਆਂ ਪਰ ਉਸ ਦਾ ਸਥਾਨ ਚੌਥਾ ਰਿਹਾ। ਪਿਛਲੇ ਸਾਲ ਖੱਬੇ ਪੱਖੀ ਵਿਚਾਰਧਾਰਾ ਵਾਲੀ ਐਸ.ਐਫ਼.ਐਸ. ਪਾਰਟੀ ਨੇ ਹਸ਼ਨਪ੍ਰੀਤ ਕੌਰ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਬਣਾਇਆ ਪਰ ਬਾਜ਼ੀ ਲੈ ਗਿਆ ਐਨ.ਐਸ.ਯੂ.ਆਈ. ਦਾ ਜਸ਼ਨ ਕੰਬੋਜ।
ਮੀਤ ਪ੍ਰਧਾਨਗੀ ਪੱਕੀ : ਕੈਂਪਸ ਦੀਆਂ ਚੋਣਾਂ ਵਿਚ ਮੀਤ ਪ੍ਰਧਾਨਗੀ ਦੀ ਸੀਟ ਕੁੜੀਆਂ ਲਈ ਰਾਖਵੀਂ ਸੀਟ ਵਰਗੀ ਹੀ ਹੈ ਕਿਉਂਕਿ ਲਗਭਗ 99 ਫ਼ੀ ਸਦੀ ਇਹ ਸੀਟ ਕੁੜੀਆਂ ਨੂੰ ਹੀ ਮਿਲੀ ਹੈ। ਹਾਲਾਂਕਿ ਮੀਤ ਪ੍ਰਧਾਨ ਦੀ ਸੀਟ ਕੋਈ ਬਹੁਤੀ ਵੁੱਕਤ ਵਾਲੀ ਨਹੀਂ ਗਿਣੀ ਜਾਂਦੀ। ਵਿਦਿਆਰਥੀ ਜਥੇਬੰਦੀਆਂ ਕੀ ਸੋਚਦੀਆਂ ਹਨ? : ਇਸ ਮਾਮਲੇ ਬਾਰੇ ਜਦ ਸਪੋਕਸਮੈਨ ਵਲੋਂ ਕੈਂਪਸ ਦੀਆਂ ਕੁੱਝ ਜਥੇਬੰਦੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰਿਆਂ ਨੇ ਗੋਲਮੋਲ ਗੱਲ ਕਰਦਿਆਂ ਕਿਹਾ ਕਿ ਉਹ ਲੜਕੀਆਂ ਨੂੰ ਬਰਾਬਰ ਦੇ ਹੱਕ ਦੇਣ ਲਈ ਤਿਆਰ ਹਨ।
ਆਈ.ਐਸ.ਏ. ਦੇ ਬਾਨੀ ਪ੍ਰਧਾਨ ਕਰਨਬੀਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਕ ਖੋਜ ਸਕਾਲਰ ਲੜਕੀ ਨੂੰ ਪ੍ਰਧਾਨਗੀ ਸੌਂਪੀ ਹੈ ਪਰ ਚੋਣਾਂ ਵਿਚ ਲੜਕੀ ਨੂੰ ਮੂਹਰੇ ਕਰਨ ਬਾਰੇ ਹਾਲੇ ਵਿਚਾਰ ਜਾਰੀ ਹੈ। ਸੋਈ ਦੇ ਇਕ ਨੇਤਾ ਗੁਰਪਾਲ ਮਾਨ ਨੇ ਦਸਿਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਕੁੜੀਆਂ ਨੂੰ ਪ੍ਰਧਾਨਗੀ ਦੇਣ ਬਾਰੇ ਮੀਟਿੰਗ ਕਰ ਰਹੇ ਹਨ।
ਪੁਸੁ ਦੇ ਇਥ ਸਾਬਕਾ ਨੇਤਾ ਹਾਰਦਿਕ ਆਹਲੂਵਾਲੀਆ ਜਿਨ੍ਹਾਂ ਨੇ ਅੱਜ ਕਲ ਨਵੀਂ ਜਥੇਬੰਦੀ ਲਾਅ ਸਟੂਡੈਂਟਸ ਯੂਨੀਅਨ ਦੀ ਕਮਾਨ ਸੰਭਾਲੀ ਹੈ, ਨੇ ਦਸਿਆ ਕਿ ਉਹ ਨਿਜੀ ਤੌਰ 'ਤੇ ਲੜਕੀਆਂ ਨੂੰ ਅੱਗੇ ਲਿਆਉਣ ਦੇ ਹੱਕ ਵਿਚ ਹਨ ਪਰ ਕਈ ਵਾਰ ਪਾਰਟੀਆਂ ਦੀਆਂ ਨੀਤੀਆਂ ਕਾਰਨ ਮਜਬੂਰੀ ਹੋ ਜਾਂਦੀ ਹੈ। ਹੁਣ ਵੇਖਣਾ ਬਾਕੀ ਹੈ ਕਿ ਸਤੰਬਰ ਮਹੀਨੇ ਹੋਣ ਵਾਲੀਆਂ ਚੋਣਾਂ ਵਿਚ ਪੁਰਾਣੀ ਰਵਾਇਤ ਤੋੜ ਕੇ ਲੜਕੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਬਣਾਉਣ ਦੀ ਕਿਹੜੀ ਪਾਰਟੀ ਪਹਿਲ ਕਰਦੀ ਹੈ।