
ਚਿੱਟ ਫੰਡ ਕੇਸਾਂ ’ਚੋਂ ਕਢਵਾਉਣ ਬਦਲੇ ਮੰਗੇ ਸਨ 5 ਕਰੋੜ ਰੁਪਏ
ਲੁਧਿਆਣਾ: ਸਰਾਭਾ ਨਗਰ ਥਾਣੇ ਵਿਚ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਪੰਜ ਹੋਰਾਂ ਵਿਰੁਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਤੇ ਹੋਰਨਾਂ 'ਤੇ ਪਰਲ ਚਿੱਟ ਫੰਡ ਘੁਟਾਲੇ ਦੇ ਮੁੱਖ ਦੋਸ਼ੀ ਨਿਰਮਲ ਸਿੰਘ ਭੰਗੂ ਨੂੰ ਜੇਲ੍ਹ ਤੋਂ ਬਚਾਉਣ ਲਈ 3.50 ਕਰੋੜ ਰੁਪਏ ਲੈਣ ਦਾ ਇਲਜ਼ਾਮ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਇਹ ਵੀ ਪੜ੍ਹੋ: 700 ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ: ਜਲੰਧਰ ਦਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ 'ਚ ਗ੍ਰਿਫ਼ਤਾਰ
ਇਸ ਸਮੇਂ ਨਿਰਮਲ ਸਿੰਘ ਭੰਗੂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਹ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਬਠਿੰਡਾ ਜੇਲ੍ਹ ਵਿਚ ਮਿਲਿਆ ਸੀ। ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਨਿਰਮਲ ਸਿੰਘ ਭੰਗੂ ਦੇ ਸਾਰੇ ਕੇਸ ਖਾਰਜ ਕਰਵਾ ਦੇਣਗੇ। ਕੋਟਭਾਈ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ 'ਤੇ ਚਿੱਟ ਫੰਡ ਦੇ ਕਈ ਕੇਸ ਸਨ ਜੋ ਕਿ ਉਸ ਨੇ ਖ਼ਤਮ ਕਰਵਾ ਲਏ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਵਿਚ ਚੰਗੀ ਪਹੁੰਚ ਹੈ। ਕੋਟਭਾਈ ਨੇ ਸਾਰੇ ਕੇਸਾਂ ਤੋਂ ਛੁਟਕਾਰਾ ਦਿਵਾਉਣ ਲਈ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ੇ ਵਿਚ ਦਿਤੀ ਖ਼ਾਸ ਟੀ-ਸ਼ਰਟ
ਤਿਹਾੜ ਜੇਲ੍ਹ ਵਿਚ ਬੰਦ ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਅਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ ਦੀ ਸਹਿਮਤੀ ਜਤਾਈ। ਇਸ ਤੋਂ ਬਾਅਦ ਉਸ ਨੇ ਪ੍ਰੀਤਮ ਸਿੰਘ ਦੇ ਕਹਿਣ 'ਤੇ ਗਿਰਧਾਰੀ ਲਾਲ ਤੋਂ ਵਿਆਜ 'ਤੇ 3.5 ਕਰੋੜ ਰੁਪਏ ਲਏ, ਜਿਸ ਨੇ ਡੀਡੀ ਬਣਾ ਕੇ ਪੈਸੇ ਵੱਖ-ਵੱਖ ਫਰਮਾਂ ਨੂੰ ਟਰਾਂਸਫਰ ਕਰ ਦਿਤੇ।ਪਰ ਜਦੋਂ ਉਸ ਨੇ 3.5 ਕਰੋੜ ਰੁਪਏ ਟਰਾਂਸਫਰ ਕੀਤੇ ਤਾਂ ਉਸ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਕੰਪਨੀਆਂ/ਫਰਮਾਂ ਨੂੰ ਪ੍ਰੀਤਮ ਸਿੰਘ ਨੇ ਸਾਰਾ ਪੈਸਾ ਟਰਾਂਸਫਰ ਕਰਵਾਇਆ ਸੀ, ਉਹ ਫਰਜ਼ੀ ਸਨ।
ਇਹ ਵੀ ਪੜ੍ਹੋ: ਸੋਨਾਲੀ ਫੋਗਾਟ ਕਤਲ ਮਾਮਲਾ: ਮੁਲਜ਼ਮ ਦੀ ਜ਼ਮਾਨਤ ਮਗਰੋਂ ਪ੍ਰਵਾਰ ਨੇ ਸਾਂਝੀ ਕੀਤੀ ਪੋਸਟ, ‘ਸਾਨੂੰ ਇਨਸਾਫ਼ ਨਹੀਂ ਮਿਲਿਆ’
ਪੁਲਿਸ ਨੇ ਪੁਛਗਿਛ ਤੋਂ ਬਾਅਦ ਐਫ.ਆਈ.ਆਰ ਨੰਬਰ 84 ਮਿਤੀ 23/6/23 ਨੂੰ ਧਾਰਾ 406, 420, 467, 468, 471,120ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਸਾਬਕਾ ਵਿਧਾਇਕ ਤੋਂ ਇਲਾਵਾ ਜੀਵਨ ਸਿੰਘ, ਧਰਮਵੀਰ,ਦਲੀਪ ਕੁਮਾਰ, ਸੰਜੇ ਸ਼ਰਮਾ, ਸਾਇਦ ਪਰਵੇਜ਼ ਵਿਰੁਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਜੀਵਨ ਸਿੰਘ ਵਾਸੀ ਵੀ.ਐਲ. ਧੌਲਾ ਤਹਿਸੀਲ ਗਿੱਦੜਬਾਹਾ, ਧਰਮਵੀਰ, ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।