
ਅੱਜ ਦੀ ਇਕੱਤਰਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਪ੍ਰਧਾਨਗੀ ਹੇਠ ਕੈਂਪ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਹੋਈ........
ਅੰਮ੍ਰਿਤਸਰ : ਅੱਜ ਦੀ ਇਕੱਤਰਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਪ੍ਰਧਾਨਗੀ ਹੇਠ ਕੈਂਪ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਵਿਚ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਸ. ਮਨਮੋਹਨ ਸਿੰਘ ਸਠਿਆਲਾ ਆਦਿ ਨੇ ਹਿੱਸਾ ਲਿਆ ਅਤੇ ਸਰਬਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ। ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਕਿਹਾ ਕਿ ਅਸੀ ਕੇਂਦਰੀ ਗ੍ਰਹਿ ਮੰਤਰਾਲੇ ਪਾਸੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕਰਦੇ ਹਾਂ
ਕਿ ਉਹ ਤੁਰਤ ਹੀ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੀ ਨਿਯੁਕਤੀ ਕਰ ਕੇ ਮਿਆਦ ਪੁਗਾ ਚੁੱਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਤਰੁਤ ਚੋਣਾਂ ਕਰਾਵੇ। ਆਗੂਆਂ ਨੇ ਕਿਹਾ ਕਿ ਅਜੋਕੇ ਨਾਜੁਕ ਸਮੇਂ 'ਤੇ ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸਮੁੱਚੇ ਸਿੱਖ ਪੰਥ ਅਤੇ ਸਮੂਹ ਧਿਰਾਂ ਦੀਆਂ ਧਾਰਮਕ, ਸਮਾਜਕ, ਰਾਜਨੀਤਕ, ਆਰਥਕ ਅਤੇ ਸਭਿਆਚਾਰਕ ਰੀਝਾਂ ਅਤੇ ਇਛਾਵਾਂ ਦੀ ਪ੍ਰਾਪਤੀ ਅਤੇ ਪੂਰਤੀ ਦਾ ਪ੍ਰਤੀਕ ਹੋਵੇਗਾ। ਇਕੱਤਰਤਾ ਦੀਰਘ ਵਿਚਾਰ ਕਰਦੀ ਹੈ
ਕਿ ਬਾਦਲ ਪਰਵਾਰ ਦੇ ਡਿਕਟੇਟਰਾਨਾਂ ਅਤੇ ਭ੍ਰਿਸ਼ਟਾਚਾਰ ਰਵੀਈਏ ਨੇ ਸਿੱਖਾਂ ਦੀ ਸੰਸਦ ਤੇ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੂਰੀ ਤਰ੍ਹਾਂ ਰਾਜਸੀਕਰਨ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਯਾਦਾ ਨੂੰ ਭਾਰੀ ਠੇਸ ਪਹੁੰਚਾਈ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਦੀ ਅਦਾਲਤ ਵਲੋਂ ਹਜ਼ਾਰਾਂ ਮਸੂਮ ਅਤੇ ਨਿਹਥੇ ਸਿੱਖਾਂ ਦੇ ਕਾਤਲ ਅਤੇ ਕਾਂਗਰਸ ਪਾਰਟੀ ਦੇ ਆਗੂ ਸੱਜਣ ਕੁਮਾਰ ਨੂੰ ਮੌਤ ਤਕ ਉਮਰ ਕੈਦ ਦੀ ਸਜਾ ਸੁਣਾਏ ਜਾਣ ਦੇ ਫ਼ੈਸਲੇ ਉੱਤੇ ਕੁੱਝ ਰਾਹਤ ਅਤੇ ਸੰਤੁਸਟੀ ਪ੍ਰਗਟ ਕਰਦੀ ਹੈ
ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਅੰਜਾਮ ਤਕ ਪਹੁੰਚਾਉਣ ਅਤੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਕੀਲ ਸ੍ਰ. ਹਰਿੰਦਰ ਸਿੰਘ ਫੂਲਕਾ ਦਾ ਵਿਸ਼ੇਸ਼ ਤੌਰ 'ਤੇ ਅਤੇ ਹੋਰ ਕਨੂੰਨੀ ਮਾਹਰਾਂ ਵਕੀਲਾਂ, ਬੁਧੀਜੀਵੀਆਂ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀਆਂ ਸੰਸਥਾਵਾਂ ਅਤੇ ਸਾਰੇ ਗਵਾਹਾਂ ਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਭਰਪੂਰ ਸ਼ਬਦਾਂ ਵਿਚ ਧਨਵਾਦ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਹਾਂ ਦੇਸਾਂ ਦੇ ਪ੍ਰਧਾਨ ਮੰਤਰੀਆਂ ਸ਼੍ਰੀ. ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੀ ਪੁਰਜੋਰ ਸ਼ਬਦਾਂ ਵਿਚ ਪ੍ਰਸੰਸਾ ਵੀ ਕੀਤੀ। ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਵਲੋਂ ਆਪਣੇ ਬਿਆਨਾਂ ਰਾਹੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਦੀ ਏਜੰਸੀ ਆਈਐਸਆਈ ਦਾ ਹੱਥ ਹੋਣ ਦਾ ਅਵਾਮ ਵਿਚ ਖਦਸਾ ਪੈਦਾ ਕਰਕੇ ਇਸ ਲਾਂਘੇ ਨੂੰ ਤਾਰਪੀਡੋ ਕਰਨ ਦੀ ਕੋਝੀ ਚਾਲ ਦੀ ਘੋਰ ਸਬਦਾਂ ਵਿੱਚ ਨਿਖੇਧੀ ਕੀਤੀ।