
ਨਿਊਰੋ ਸਰਜਨਾਂ ਨੇ ਕਿਹਾ ਹੈ ਕਿ ਮਾਈਕਲ ਜੈਕਸਨ ਵਾਂਗ ਨੱਚਣ ਦਾ ਯਤਨ ਕਰਨ ਨਾਲ ਡਾਂਸਰਾਂ ਦੀ ਰੀੜ੍ਹ ਵਿਚ ਨਵੀਂ ਤਰ੍ਹਾਂ ਦੀਆਂ ਸਮੱਸਿਆਵਾਂ...
- ਚੰਡੀਗੜ੍ਹ ਪੀਜੀਆਈ ਦੇ ਤਿੰਨ ਨਿਊਰੋਸਰਜਨਾਂ ਨੇ ਕੀਤੀ ਖੋਜ - ਮਾਈਕਲ ਜੈਕਸਨ ਨੇ ਇਕ ਖ਼ਾਸ ਤਰ੍ਹਾਂ ਦੇ ਜੁੱਤਿਆਂ ਦਾ ਕਰਵਾਇਆ ਹੋਇਆ ਪੇਟੈਂਟ
ਚੰਡੀਗੜ੍ਹ : ਨਿਊਰੋ ਸਰਜਨਾਂ ਨੇ ਕਿਹਾ ਹੈ ਕਿ ਮਾਈਕਲ ਜੈਕਸਨ ਵਾਂਗ ਨੱਚਣ ਦਾ ਯਤਨ ਕਰਨ ਨਾਲ ਡਾਂਸਰਾਂ ਦੀ ਰੀੜ੍ਹ ਵਿਚ ਨਵੀਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਚੰਡੀਗੜ੍ਹ ਸਥਿਤ ਮੈਡੀਕਲ ਸਿੱਖਿਆ ਅਤੇ ਖੋਜ ਸੰਸਥਾ (ਪੀਜੀਆਈਐਮਈਆਰ) ਦੇ ਤਿੰਨ ਨਿਊਰੋ ਸਰਜਨਾਂ ਨਿਸ਼ਾਂਤ ਐਸ ਯਾਗਨਿਕ, ਮੰਜੁਲ ਤ੍ਰਿਪਾਠੀ ਅਤੇ ਸੰਦੀਪ ਮੋਹਿੰਦਰਾ ਨੇ ਮਾਈਕਲ ਜੈਕਸਨ ਦੇ ਮਿਊਜ਼ਕ ਵੀਡੀਓ 'ਸਮੂਥ ਕ੍ਰਿਮੀਨਲ' ਵਿਚ ਐਂਟੀਗ੍ਰੈਵਿਟੀ ਝੁਕਾਅ ਦੇ ਸਬੰਧ ਵਿਚ ਨਿਊਰੋ ਸਰਜਨ ਦੇ ਨਜ਼ਰੀਏ ਨਾਲ ਇਕ ਅਧਿਐਨ ਕੀਤਾ ਹੈ। ਅਧਿਐਨ ਦੇ ਨਤੀਜੇ ਜਨਰਲ ਆਫ਼ ਨਿਊਰੋ ਸਰਜਰੀ ਪੱਤ੍ਰਿਕਾ ਵਿਚ ਪ੍ਰਕਾਸ਼ਤ ਹੋਏ ਹਨ।
michael jackson
ਨਿਊਰੋ ਸਰਜਨਾਂ ਨੇ ਡਾਂਸਰਾਂ ਨੂੰ ਮਾਈਕਲ ਜੈਕਸਨ ਦੀ ਨਕਲ ਕਰਨ ਦੇ ਪ੍ਰਤੀ ਚਿਤਾਵਨੀ ਦਿਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਨਕਲ ਕਰਨ ਨਾਲ ਰੀੜ੍ਹ ਵਿਚ ਨਵੀਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਡਾਕਟਰ ਮੰਜੁਲ ਤ੍ਰਿਪਾਠੀ ਨੇ ਕਿਹਾ ਕਿ ਮੇਰੀ ਕਲੀਨਿਕਲ ਪ੍ਰੈਕਟਿਸ ਦੌਰਾਨ ਮੈਂ ਡਾਂਸਰਾਂ ਦੀ ਰੀੜ੍ਹ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖੀਆਂ ਹਨ, ਜਿਸ ਵਿਚ ਮਾਸਪੇਸ਼ੀਆਂ ਦਾ ਫਟਣਾ, ਡਿਸਕ ਸਬੰਧੀ ਦਿੱਕਤ ਅਤੇ ਗ੍ਰੀਵਾ ਅਸਥੀ ਵਿਚ ਦਰਾੜ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
michael jackson
ਇਕ ਰਿਪੋਰਟ ਅਨੁਸਾਰ ਨਿਊਰੋ ਸਰਜਰੀ ਪੱਤ੍ਰਿਕਾ ਵਿਚ 'ਹਾੳ ਡਿਡ ਮਾਈਕਲ ਜੈਕਸਨ ਚੈਲੰਜ ਆਰ ਅੰਡਰਸਟੈਂਡਿੰਗ ਆਫ਼ ਸਪਾਈਨ ਬਾਇਓਮੈਕੇਨਿਕਸ?' ਨਾਮ ਨਾਲ ਪ੍ਰਕਾਸ਼ਤ ਅਧਿਐਨ ਵਿਚ ਇਹ ਵੀ ਦਸਿਆ ਗਿਆ ਹੈ ਕਿ ਕਿਵੇਂ ਮਾਈਕਲ ਜੈਕਸਨ ਰੀੜ੍ਹ ਦੀ ਹੱਡੀ ਨੂੰ ਝੁਕਾਏ ਬਿਨਾਂ ਸਿਰਫ਼ ਪੈਰਾਂ ਦੇ ਸਹਾਰੇ 45 ਡਿਗਰੀ ਤਕ ਝੁਕ ਜਾਂਦੇ ਸਨ?
dance moves
ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਅਪਣੀ ਪਿੱਠ ਨੂੰ ਸਿੱਧਾ ਰੱਖਦੇ ਹੋਏ ਜਦੋਂ ਅਸੀਂ ਅੱਗੇ ਵੱਲ ਝੁਕਦੇ ਹਾਂ ਤਾਂ ਇਰੈਕਟਰ ਸਪਾਨੀ ਸਮਲ (ਮਾਸਪੇਸ਼ੀਆਂ ਦਾ ਅਜਿਹਾ ਸਮੂਹ ਜੋ ਪਿੱਠ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਉਸ ਨੂੰ ਘੁੰਮਾਉਣ ਵਿਚ ਮਦਦ ਕਰਦਾ ਹੈ) ਜੋ ਵਰਟੀਬ੍ਰਿਰੀ (ਰੀੜ੍ਹ ਦਾ ਜੋੜ) ਦੇ ਨਾਲ-ਨਾਲ ਚਲਦੀ ਹੈ, ਕਿਸੇ ਤਾਰ ਦੇ ਵਾਂਗ ਕੰਮ ਕਰਨ ਲਗਦੀ ਹੈ ਜੋ ਕਿ ਗਰੂਤਾਕਰਸ਼ਣ ਦੇ ਵਿਰੁਧ ਸਰੀਰ ਨੂੰ ਡਿਗਣ ਤੋਂ ਬਚਾਉਂਦੀ ਹੈ। ਉਨ੍ਹਾਂ ਦਸਿਆ ਕਿ ਜਦ ਤਕ ਤੁਸੀਂ ਮਾਈਕਲ ਜੈਕਸਨ ਨਾ ਹੋਵੋ ਉਦੋਂ ਤਕ ਪਿੱਠ ਨੂੰ ਸਿੱਧਾ ਰੱਖਦੇ ਹੋਏ ਇਕ ਤੈਅ ਹੱਦ ਤਕ ਹੀ ਅੱਗੇ ਵੱਲ ਝੁਕਿਆ ਜਾ ਸਕਦਾ ਹੈ।
michael jackson
ਮਾਈਕਲ ਜੈਕਸਨ ਦੇ ਸਮੂਥ ਕ੍ਰਿਮੀਨਲ ਨਾਮ ਦੇ ਮਿਊਜ਼ਿਕ ਵੀਡੀਓ ਵਿਚ ਪਿੱਠ ਨੂੰ ਝੁਕਾਏ ਬਿਨਾਂ ਉਹ 45 ਡਿਗਰੀ ਤਕ ਝੁਕ ਜਾਂਦੇ ਹਨ, ਉਹ ਵੀ ਬਿਨਾਂ ਡਿੱਗੇ। ਰਿਪੋਰਟ ਅਨੁਸਾਰ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਖ਼ਲਾਈ ਪ੍ਰਾਪਤ ਡਾਂਸਰ ਵੀ ਇਸ ਐਕਟ ਨੂੰ ਕਰਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ 25 ਤੋਂ 30 ਡਿਗਰੀ ਤਕ ਹੀ ਪਿੱਠ ਨੂੰ ਸਿੱਧਾ ਰੱਖਦੇ ਹੋਏ ਅੱਗੇ ਵੱਲ ਝੁਕ ਸਕਦੇ ਹਨ। ਮਾਈਕਲ ਜੈਕਸਨ ਦੇ ਸਾਰੇ ਫੈਨ ਤੋਂ ਇਲਾਵਾ ਇਸ ਅਧਿਐਨ ਦੇ ਲੇਖਕ ਨੇ ਵੀ ਉਨ੍ਹਾਂ ਦੇ ਇਸ ਡਾਂਸ ਸਟੈਪ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ ਅਤੇ ਅਜਿਹਾ ਕਰਦੇ ਹੋਏ ਖ਼ੁਦ ਨੂੰ ਸੱਟ ਪਹੁੰਚਾ ਲਈ।
michael jackson dance
ਜਿਵੇਂ ਬਹੁਤ ਲੋਕ ਸੋਚਦੇ ਹਨ, ਅਜਿਹਾ ਨਹੀਂ ਹੈ ਕਿ ਮਾਈਕਲ ਜੈਕਸਨ ਨੇ ਸਰੀਰ ਕਿਰਿਆ ਵਿਗਿਆਨ ਅਤੇ ਭੌਤਿਕੀ ਦੇ ਵਿਚਕਾਰ ਦੇ ਸਬੰਧਾਂ ਨੂੰ ਤੋੜ ਦਿਤਾ, ਉਨ੍ਹਾਂ ਦਾ ਡਾਂਸ ਸਟੈਪ ਇਕ ਚਲਾਕ ਆਵਿਸ਼ਕਾਰ ਦੀ ਵਜ੍ਹਾ ਨਾਲ ਸੰਭਵ ਹੋਇਆ ਸੀ। ਮਾਈਕਲ ਜੈਕਸਨ ਦੇ ਨਾਮ ਨਾਲ ਦਰਜ ਇਕ ਪੇਟੈਂਟ ਦਸਦਾ ਹੈ ਕਿ ਉਨ੍ਹਾਂ ਕੋਲ ਇਕ ਖ਼ਾਸ ਤਰ੍ਹਾਂ ਦੇ ਡਿਜ਼ਾਇਨ ਵਾਲੇ ਜੁੱਤੇ ਹੁੰਦੇ ਸਨ, ਜਿਨ੍ਹਾਂ ਦੀ ਮਦਦ ਨਾਲ ਉਹ ਪਿੱਠ ਨੂੰ ਸਿੱਧਾ ਰੱਖਦੇ ਹੋਏ ਅੱਗੇ ਵੱਲ ਝੁਕ ਜਾਂਦੇ ਸਨ।