
ਜਥੇਦਾਰ ਬ੍ਰਹਮਪੁਰਾ ਨਾਲ ਵੀ ਢੀਂਡਸਾ ਵਲੋਂ ਸੁਲਾਹ ਸਫ਼ਾਈ ਦੇ ਯਤਨ ਮੁੜ ਸ਼ੁਰੂ
ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵ ਗਠਤ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਹੁੰਗਾਰੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ। ਸੂਤਰਾਂ ਦੀ ਮੰਨੀਏ ਤਾਂ ਨਵੇਂ ਦਲ ਦੇ ਗਠਨ ਦੇ ਕੁੱਝ ਹੀ ਦਿਨਾਂ ਦੌਰਾਨ ਜਿਸ ਤਰ੍ਹਾਂ ਦਾ ਸਮਰਥਨ ਅਕਾਲੀ ਹਲਕਿਆਂ ਵਿਚ ਢੀਂਡਸਾ ਨੂੰ ਮਿਲਣ ਲੱਗਾ ਹੈ। ਉਸ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਨੇੜਲੇ ਸਲਾਹਕਾਰ ਵੀ ਚਿੰਤਤ ਹਨ ਤੇ ਪਾਰਟੀ ਆਗੂਆਂ ਨੂੰ ਦੂਜੇ ਪਾਸੇ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁਕੀਆਂ ਹਨ।
Sukhdev Dhindsa And Sukhbir Badal
ਪਤਾ ਲੱਗਾ ਹੈ ਕਿ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਨੂੰ ਢੀਂਡਸਾ ਨਾਲ ਜਾਣ ਤੋਂ ਰੋਕਣ ਲਈ ਐਨ ਆਖ਼ਰੀ ਸਮੇਂ ਤਕ ਯਤਨ ਕਰ ਕੇ ਉਸ ਨੂੰ ਮਨਾਉਣ ਲਈ ਬਾਦਲ ਦਲ ਦੇ ਕਈ ਸੀਨੀਅਰ ਆਗੂ ਲੱਗੇ ਰਹੇ ਪਰ ਸਫ਼ਲ ਨਹੀਂ ਹੋਏ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੇ ਵੀ ਸੁਖਦੇਵ ਸਿੰਘ ਢੀਂਡਸਾ ਵਲੋਂ ਯਤਨ ਸ਼ੁਰੂ ਕਰ ਦਿਤੇ ਗਏ ਹਨ ਤੇ ਜੇ ਸੁਲਾਹ ਸਫ਼ਾਈ ਹੋ ਜਾਂਦੀ ਹੈ ਤਾਂ ਬਾਦਲ ਦਲ ਲਈ ਮੁਸ਼ਕਲ ਹੋਰ ਵੀ ਵੱਧ ਜਾਵੇਗੀ। ਰਵੀਇੰਦਰ ਸਿੰਘ ਵਾਲੇ ਅਕਾਲੀ ਦਲ 1920 ਤੋਂ ਇਲਾਵਾ ਹੋਰ ਕਈ ਛੋਟੇ ਛੋਟੇ ਅਕਾਲੀ ਗਰੁਪ ਢੀਂਡਸਾ ਨਾਲ ਰਲੇਵਾਂ ਕਰ ਸਕਦੇ ਹਨ।
Sukhdev Singh Dhindsa
ਭਾਈ ਮੋਹਕਮ ਸਿੰਘ ਤਾਂ ਯੂਨਾਈਟਿਡ ਅਕਾਲੀ ਦਲ ਦਾ ਪਹਿਲਾਂ ਹੀ ਢੀਂਡਸਾ ਵਾਲੇ ਦਲ ਨਾਲ ਰਲੇਵਾਂ ਕਰ ਚੁਕੇ ਹਨ। ਜਿਥੋਂ ਤਕ ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਵਿਚ ਸੁਲਾਹ ਸਫ਼ਾਈ ਦੀ ਗੱਲ ਹੈ, ਇਸ ਬਾਰੇ ਟਕਸਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਬਿਆਨ ਵੀ ਏਕਤਾ ਵਲ ਸਾਫ਼ ਸੰਕੇਤ ਕਰਦਾ ਹੈ। ਉਨ੍ਹਾਂ ਬ੍ਰਹਮਪੁਰਾ ਦੇ ਢੀਂਡਸਾ ਨਾਲ ਸਰਪ੍ਰਸਤ ਬਣਨ ਦਾ ਸੁਝਾਅ ਦਿਤਾ ਹੈ ਤੇ ਕਿਹਾ ਹੈ ਕਿ ਇਸ ਪੰਥਕ ਏਕਤਾ ਲਈ ਕਦਮ ਅੱਗੇ ਵਧਾਉਣੇ ਬਹੁਤੇ ਜ਼ਰੂਰੀ ਹਨ। ਢੀਂਡਸਾ ਨੂੰ ਨਵਾਂ ਦਲ ਗਠਤ ਕੀਤਿਆਂ ਹਾਲੇ ਥੋੜ੍ਹੇ ਹੀ ਦਿਨ ਹੋਏ ਹਨ ਕਿ ਉਨ੍ਹਾਂ ਨਾਲ ਹਰ ਦਿਨ ਕੋਈ ਨਾ ਕੋਈ ਅਕਾਲੀ ਨੇਤਾ ਜੁੜ ਰਿਹਾ ਹੈ।
Sukhdev Singh Dhindsa
ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਸੰਗਰੂਰ, ਬਰਨਾਮਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਗੁਰਦਾਸਪੁਰ ਆਦਿ ਸ਼ਾਮਲ ਹਨ ਵਿਚ ਤਾਂ ਅਕਾਲੀ ਦਲ ਬਾਦਲ ਨੂੰ ਹੇਠਲੇ ਪੱਧਰ 'ਤੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਕਈ ਸਰਕਲ ਪੱਧਰ ਦੇ ਜਥੇਦਾਰ ਤੇ ਵਰਕਰ ਢੀਂਡਸਾ ਵਲ ਹੱਥ ਵਧਾ ਰਹੇ ਹਨ। ਢੀਂਡਸਾ ਵੀ ਵਾਰ ਵਾਰ ਮੀਡੀਆ ਨਾਲ ਗੱਲਬਾਤ ਸਮੇਂ ਪੂਰੇ ਭਰੋਸੇ ਨਾਲ ਇਹੋ ਦਾਅਵਾ ਕਰ ਰਹੇ ਹਨ ਕਿ ਕੁੱਝ ਮਹੀਨੇ ਠਹਿਰੋ ਅਕਾਲੀ ਦਲ ਬਾਦਲ ਤਾਂ ਖੇਰੂੰ ਖੇਰੂੰ ਹੋ ਜਾਵੇਗਾ।
Sukhdev Singh Dhindsa
ਅਕਾਲੀ ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਸਿਰਫ਼ ਬਾਦਲ ਦਲ ਦੇ ਪ੍ਰਮੁੱਖ ਆਗੂਆਂ ਨਾਲ ਹੀ ਅੰਦਰਖਾਤੇ ਸੰਪਰਕ ਨਹੀਂ ਸਾਧ ਰਹੇ ਬਲਕਿ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਤੇ ਕੁੱਝ ਹੋਰ ਆਗੂਆਂ ਰਾਹੀਂ ਬਾਦਲ ਦਲ ਦੇ ਕੁੱਝ ਵਿਧਾਇਕਾਂ ਨੂੰ ਵੀ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਾਰਟੀ ਅੰਦਰ ਅਣਦੇਖੀ ਕਾਰਨ ਕਈ ਵਿਧਾਇਕ ਨਾਰਾਜ਼ ਹਨ ਤੇ ਉਨ੍ਹਾਂ ਅਪਣੀਆਂ ਸਰਗਰਮੀਆਂ ਵੀ ਪਿਛਲੇ ਦਿਨਾਂ ਵਿਚ ਘਟਾਈਆਂ ਹੋਈਆਂ ਹਨ। ਬਾਦਲ ਦੀ ਕੋਰ ਕਮੇਟੀ ਤੇ ਹੋਰ ਵੱਡੇ ਅਹੁਦਿਆਂ ਸਮੇਂ ਨਜ਼ਰ ਅੰਦਾਜ਼ ਹੋਣ ਵਾਲੇ ਕੁੱਝ ਵਿਧਾਇਕਾਂ ਨੂੰ ਬਾਅਦ ਵਿਚ ਸੁਖਬੀਰ ਬਾਦਲ ਵਲੋਂ ਪਾਰਟੀ ਦੇ ਵਿੰਗਾਂ ਵਿਚ ਅਹੁਦੇ ਦੇ ਕੇ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।