
ਨਵਾਂ ਵਰ੍ਹਾਂ 2019 ਸ਼ੁਰੂ ਹੁੰਦਿਆਂ ਹੀ ਲੋਕ ਸਭਾ ਚੋਣਾਂ ਲਈ ਚਾਰਾਜੋਈ ਸ਼ੁਰੂ ਹੋ ਜਾਣੀ ਹੈ........
ਐੱਸ.ਏ.ਐੱਸ ਨਗਰ : ਨਵਾਂ ਵਰ੍ਹਾਂ 2019 ਸ਼ੁਰੂ ਹੁੰਦਿਆਂ ਹੀ ਲੋਕ ਸਭਾ ਚੋਣਾਂ ਲਈ ਚਾਰਾਜੋਈ ਸ਼ੁਰੂ ਹੋ ਜਾਣੀ ਹੈ, ਜਿਸ ਨੂੰ ਲੈ ਕੇ ਚੋਣਾਂ ਲੜਨ ਦੇ ਚਾਹਵਾਨ ਉਮਮੀਦਵਾਰ ਵਲੋਂ ਪਾਰਟੀ ਟਿਕਟ ਲੈਣ ਲਈ ਜੋੜ-ਤੋੜ ਸ਼ੁਰੂ ਕਰ ਦਿਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਫ਼ਰਵਰੀ ਵਿਚ ਅਧਿਸੂਚਨਾ ਜਾਰੀ ਹੋ ਜਾਣੀ ਹੈ ਅਤੇ ਅਪ੍ਰੈਲ ਵਿਚ ਚੋਣਾਂ ਹੋ ਜਾਣੀਆਂ ਹਨ। ਲੋਕ ਸਭਾ ਦੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਚੋਣ ਦੇਖੀ ਜਾਵੇ ਤਾਂ ਇਥੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਮੁੱਖ ਮੁਕਾਬਲਾ ਹੋਣਾ ਹੈ।
Ravneet Singh Bittu
ਜੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤਕ ਸਿਰਫ਼ 'ਆਪ' ਨੇ ਹੀ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਸ਼ੇਰਗਿੱਲ ਨੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਉਮੀਦਵਾਰ ਵਜੋਂ 2017 ਵਿਚ ਦੀ ਚੋਣ ਲੜੀ ਸੀ ਤੇ ਉਨ੍ਹਾਂ ਕਾਂਗਰਸ ਦੇ ਜੇਤੂ ਰਹੇ ਬਲਬੀਰ ਸਿੰਘ ਸਿੱਧੂ ਨੂੰ ਚੰਗੀ ਟੱਕਰ ਦਿਤੀ ਸੀ। ਸ਼ੇਰਗਿੱਲ ਖਰੜ ਤੋਂ ਐਸਜੀਪੀਸੀ ਮੈਂਬਰ ਰਹੇ ਭਜਨ ਸਿੰਘ ਸ਼ੇਰਗਿੱਲ ਦੇ ਪੁੱਤਰ ਹਨ। ਪਿਛਲੀ ਵਾਰ ਇਥੋਂ ਹਾਰਨ ਵਾਲੀ ਕਾਂਗਰਸ ਦੀ ਮਹਿਲਾ ਆਗੂ ਬੀਬੀ ਅੰਬਿਕਾ ਸੋਨੀ ਇਸ ਵਾਰ ਅਪਣੇ ਪੁੱਤਰ ਅਨੂਪ ਸੋਨੀ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ।
Kulwant Singh
ਪਿਛਲੀ ਵਾਰ ਅੰਬਿਕਾ ਸੋਨੀ ਨੂੰ ਆਨੰਦਪੁਰ ਸਾਹਿਬ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ । ਜੇ ਅਨੂਪ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਤੇ ਪੈਰਾਸ਼ੂਟ ਉਮੀਦਵਾਰ ਦਾ ਠੱਪਾ ਲੱਗਣਾ ਤੈਅ ਹੈ ਪਰ ਸੂਬੇ ਵਿਚ ਪਾਰਟੀ ਦੀ ਸਰਕਾਰ ਹੋਣ ਦਾ ਫ਼ਾਇਦਾ ਉਨ੍ਹਾਂ ਨੂੰ ਮਿਲਣਾ ਯਕੀਨੀ ਹੈ। ਇਸ ਦੇ ਨਾਲ ਹੀ ਇਥੋਂ ਪਹਿਲਾ ਵਾਰ ਸੰਸਦ ਮੈਂਬਰ ਬਣੇ ਰਵਨੀਤ ਸਿੰਘ ਬਿੱਟੂ ਜੋ ਅੱਜ-ਕਲ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਵੀ ਐਤਕੀ ਅਨੰਦਪੁਰ ਸਾਹਿਬ ਤੋਂ ਹੀ ਕਿਸਮਤ ਅਜਮਾਉਣ ਦੇ ਚੱਕਰ ਵਿਚ ਹਨ।
Narinder Singh Shergill
ਅਪਣੇ ਬਹੁਤ ਹੀ ਬੁਰੇ ਵਕਤ ਵਿਚੋਂ ਲੰਘ ਰਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਕਿਰਨਬੀਰ ਸਿੰਘ ਕੰਗ ਨੂੰ ਟਿਕਟ ਦੇ ਸਕਦੀ ਹੈ, ਹਾਲਾਂਕਿ ਕੰਗ ਤੇ ਸੁਖਬੀਰ ਦੀ ਨਾਰਾਜ਼ਗੀ ਜੱਗ ਜ਼ਾਹਰ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਸੁਖਬੀਰ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਲੋਂ ਸੁਲਹਾ ਕਰਵਾ ਦਿਤੀ ਗਈ ਹੈ। ਮੌਜੂਦਾ ਸਮੇਂ ਇਸ ਪਾਰਟੀ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੋਬਾਰਾ ਵੀ ਇਥੋਂ ਹੀ ਚੋਣ ਲੜਨ ਦੇ ਇੱਛੁਕ ਹਨ ਪਰ ਸੂਤਰਾਂ ਮੁਤਾਬਕ ਪਾਰਟੀ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਹਲਕੇ ਪਟਿਆਲਾ ਵਾਪਸ ਭੇਜਣ ਦੀ ਤਿਆਰੀ ਵਿਚ ਹੈ।
Kiranbir Singh Kang
ਇਨ੍ਹਾਂ ਦੋਨਾਂ ਤੋਂ ਇਲਾਵਾ ਇਕ ਹੋਰ ਰਾਜਨੀਤਕ ਹਸਤੀ ਸਥਾਨਕ ਮੇਅਰ ਕੁਲਵੰਤ ਸਿੰਘ ਵੀ ਇਸ ਦੌੜ ਵਿਚ ਹਨ। ਪਰ ਕਿਹਾ ਜਾ ਰਿਹਾ ਹੈ ਕਿ ਕੁਲਵੰਤ 2022 ਵਿਚ ਵਿਧਾਨ ਸਭਾ ਉਮੀਦਵਾਰ ਦੇ ਤੌਰ 'ਤੇ ਮੋਹਾਲੀ ਤੋਂ ਅਪਣੀ ਰਾਜਨੀਤਕ ਪਾਰੀ ਦਾ ਆਗਾਜ਼ ਕਰਨਾ ਚਾਹੁੰਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਵਿਚੋ ਬਾਜ਼ੀ ਕੌਣ ਮਾਰਦਾ ਹੈ।