
ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਪ੍ਰਾਜੈਕਟ ਅਲਾਟਮੈਂਟ ਕਮੇਟੀ ਵਲੋਂ ਰਾਜ ਵਿਚ 100 ਕਰੋੜ ਦੀ ਲਾਗਤ ਵਾਲੇ ਵੱਡ ਅਕਾਰੀ ਐਨ.ਆਰ.ਐਸ.ਈ. ਪ੍ਰਾਜੈਕਟਾਂ..............
ਚੰਡੀਗੜ੍ਹ : ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਪ੍ਰਾਜੈਕਟ ਅਲਾਟਮੈਂਟ ਕਮੇਟੀ ਵਲੋਂ ਰਾਜ ਵਿਚ 100 ਕਰੋੜ ਦੀ ਲਾਗਤ ਵਾਲੇ ਵੱਡ ਅਕਾਰੀ ਐਨ.ਆਰ.ਐਸ.ਈ. ਪ੍ਰਾਜੈਕਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਸੂਬੇ ਵਿਚ ਨਿਜੀ ਕਾਰੋਬਾਰੀਆਂ ਵਲੋਂ 60 ਕਰੋੜ ਦੀ ਲਾਗਤ ਨਾਲ 5.55 ਮੈਗਾਵਾਟ ਦੀ ਸਮਰੱਥਾ ਵਾਲੇ 9 ਛੋਟੇ ਹਾਇਡ੍ਰੋ ਪ੍ਰਾਜੈਕਟ, 17.50 ਕਰੋੜ ਦੀ ਲਾਗਤ ਨਾਲ 1 ਬਾਈਓ ਸੀ.ਐਨ.ਜੀ. ਪ੍ਰਾਜੈਕਟ ਅਤੇ 26.75 ਕਰੋੜ
ਦੀ ਲਾਗਤ ਵਿਚ ਬਾਈਓ ਕੋਲ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਇਹ ਹਾਈਡ੍ਰੋ ਪ੍ਰਾਜੈਕਟ ਮੁੱਖ ਤੌਰ 'ਤੇ ਸਿੱਧਵਾਂ ਬ੍ਰਾਂਚ ਅਤੇ ਬਠਿੰਡਾ ਕੈਨਾਲ ਬ੍ਰਾਂਚ ਦੇ ਨਾਲ ਅੱਪਰ ਬਾਰੀ ਦੁਆਬ ਕੈਨਾਲ ਬ੍ਰਾਂਚ 'ਤੇ ਊਰਜਾ ਦੇ ਨਿਰਮਾਣ ਲਈ ਲੋਅ/ਅਲਟਰਾ ਹੈੱਡ ਸਾਈਟਜ਼ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਝੋਨੇ ਦੀ ਪਰਾਲੀ ਸਮੇਤ ਹੋਰ ਖੇਤੀਬਾੜੀ ਰਹਿੰਦ-ਖੂੰਹਦ ਤੋਂ ਬਾਇਓ ਸੀ.ਐਨ.ਜੀ. ਦੇ ਨਿਰਮਾਣ ਲਈ ਇਹ ਪ੍ਰਾਜੈਕਟਮੈਸਰਜ਼ ਮਹਿੰਦਰਾ ਵੇਸਟ ਟੂ ਐਨਰਜੀ ਸਲਿਊਸ਼ਨਜ਼ ਲਿਮਟਿਡ, ਮੁੰਬਈ (ਜੋ ਕਿ ਮਹਿੰਦਰਾ ਐਂਡ ਮਹਿੰਦਰਾ ਦੀ ਕੰਪਨੀ ਹੈ) ਵਲੋਂ ਅਪਣੇ ਪੱਧਰ 'ਤੇ ਲਗਾਇਆ ਜਾਵੇਗਾ।
ਇਹ ਪ੍ਰਾਜੈਕਟ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਵੀ ਸਥਾਪਤ ਹੋਣ ਦੀ ਪ੍ਰਸਤਾਵਨਾ ਹੈ। ਝੋਨੇ ਦੀ ਪਰਾਲੀ ਦੀ ਪ੍ਰੋਸੈਸਿੰਗ 'ਤੇ ਆਧਾਰਿਤ ਬਾਈਓ ਕੋਲ ਪਲਾਂਟ ਪ੍ਰਾਜੈਕਟ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਮੈਸਰਜ਼ ਨਿਊ ਵੇਅ ਨਵਿਆਉਣਯੋਗ ਊਰਜਾ ਪ੍ਰਾਈਵੇਟ ਲਿਮਟਿਡ ਵਲੋਂ ਨਿਜੀ ਪੱਧਰ 'ਤੇ ਸਥਾਪਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਰੋਜ਼ਾਨਾ 300 ਟਨ ਝੋਨੇ ਦੀ ਪਰਾਲੀ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ।