
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ 1984 ਦੇ ਦਿੱਲੀ ਦੰਗਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ 'ਤੇ ਕੀਤੇ ਗਏ.................
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ 1984 ਦੇ ਦਿੱਲੀ ਦੰਗਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ 'ਤੇ ਕੀਤੇ ਗਏ ਹਮਲੇ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਅਣਉਚਿਤ ਅਤੇ ਬੇਤੁਕਾ ਦੱਸਿਆ ਹੈ। ਦਿੱਲੀ ਦੰਗਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ ਦੇ ਭਾਗੀਦਾਰ ਹੋਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਿਆਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਓਪ੍ਰੇਸ਼ਨ ਬਲਯੂ ਸਟਾਰ ਦੇ ਸਮੇਂ ਰਾਹੁਲ ਗਾਂਧੀ ਸਕੂਲ ਵਿਚ ਪੜ੍ਹਦਾ ਸੀ ਅਤੇ ਉਸ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਹਾਸੋਹੀਣੀ ਗੱਲ ਹੈ।
ਸੁਖਬੀਰ ਸਿੰਘ ਬਾਦਲ ਦੀ ਬੇਤੁੱਕੀ ਟਿੱਪਣੀ ਦੇ ਵਿਰੁੱਧ ਅੱਜ ਇੱਥੇ ਇੱਕ ਤਾਬੜਤੋੜ ਬਿਆਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਅਜੀਬ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਉਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਸ ਬਾਰੇ ਉਸ ਨੂੰ ਉਸ ਸਮੇਂ ਕੁਝ ਵੀ ਪਤਾ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਰਟੀ ਵੱਜੋਂ ਕਾਂਗਰਸ ਕਦੇ ਵੀ ਦੰਗਿਆਂ ਵਿਚ ਸ਼ਾਮਲ ਨਹੀਂ ਹੋਈ ਅਤੇ ਇਹ ਗੱਲ ਲਗਾਤਾਰ ਸਿੱਖ ਭਾਈਚਾਰੇ 'ਤੇ ਮੰਡਲਾਉਂਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀਗਤ ਰੂਪ ਵਿਚ ਇਸ ਵਿਚ ਸ਼ਾਮਲ ਸੀ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੇ ਕਾਰਨ ਸਮੁੱਚੀ ਪਾਰਟੀ ਉੱਤੇ ਦੋਸ਼ ਲਾਉਣਾ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਤੌਰ 'ਤੇ ਗਲਤ ਪਹੁੰਚ ਦਾ ਪ੍ਰਗਟਾਵਾ ਹੈ।