
ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਖ਼ਾਸਕਰ ਗੁਰਦਾਸਪੁਰੀਆਂ ਵਾਸਤੇ ਇਹ ਮਾਣ ਵਾਲੀ ਗੱਲ ਹੈ......
ਗੁਰਦਾਸਪੁਰ, : ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਖ਼ਾਸਕਰ ਗੁਰਦਾਸਪੁਰੀਆਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੀਆਂ ਚੁਣਾਵੀ ਰੈਲੀਆਂ ਦਾ ਆਗ਼ਾਜ਼ 3 ਜਨਵਰੀ ਨੂੰ ਗੁਰਦਾਸਪੁਰ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਸ੍ਰੀ ਮੋਦੀ ਲੋਕਾਂ ਦੇ ਏਨੇ ਨੇੜੇ ਰਹੇ ਹਨ ਕਿ ਲੋਕ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਵਾਰ ਫਿਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਸੁਖਬੀਰ ਸਿੰਘ ਬਾਦਲ ਪਿੰਡ ਬੱਬੇਹਾਲੀ ਵਿਖੇ ਮਾਝੇ ਅਧੀਨ ਪੈਂਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ, ਹੋਰ ਅਹੁਦੇਦਾਰਾਂ ਤੇ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 3 ਜਨਵਰੀ ਦੀ ਮੋਦੀ ਦੀ ਰੈਲੀ ਨੂੰ ਸਫ਼ਲ ਕਰਨ ਲਈ ਦਿਨ ਰਾਤ ਇਕ ਕਰ ਦੇਣ। ਬਾਦਲ ਨੇ ਕਿਹਾ ਕਿ ਜਿਸ ਕਾਂਗਰਸੀ ਆਗੂ ਰਾਜੀਵ ਗਾਂਧੀ ਦੀ ਪੁਸ਼ਤਪਨਾਹੀ ਹੇਠ ਨਵੰਬਰ 84 ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ
ਅਤੇ ਜੇ ਕੁੱਝ ਨੌਜਵਾਨਾਂ ਨੇ ਗੁੱਸੇ ਵਿਚ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਦਿਤੀ ਤਾਂ ਬਿਨਾਂ ਵਜ੍ਹਾ ਚੀਕ ਚਿਹਾੜਾ ਪਾਉਣਾ ਉਚਿਤ ਨਹੀਂ। ਇਕ ਕਾਂਗਰਸੀ ਅਪਣੀ ਦਸਤਾਰ ਨਾਲ ਗਾਂਧੀ ਦੇ ਚਿਹਰੇ ਤੋਂ ਕਾਲਖ ਸਾਫ਼ ਕਰ ਕੇ ਦਸਤਾਰ ਦੀ ਵੀ ਤੌਹੀਨ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਪਿੰਡਾਂ ਵਿਚ ਸ਼ਰਾਬ ਦੇ ਦੌਰ ਚੱਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕਿ ਸਿੱਖ ਕੌਮ ਵਾਸਤੇ ਇਹ ਸ਼ਹਾਦਤਾਂ ਦੇ ਦਿਨ ਕਿੰਨੇ ਅਹਿਮ ਹਨ। ਇਸ ਮੌਕੇ ਅਮਰਜੋਤ ਸਿੰਘ ਬੱਬੇਹਾਲੀ, ਨਿਰਮਲ ਸਿੰਘ ਕਾਹਲੋਂ, ਦਲਜੀਤ ਸਿੰਘ ਚੀਮਾ, ਲਖਬੀਰ ਸਿੰਘ ਲੋਧੀਨੰਗਲ ਵੀ ਮੌਜੂਦ ਸਨ।