
ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਾਣ ਜਾਂਦੇ ਜਗਦੀਸ਼ ਟਾਈਟਲਰ ਵਿਰੁਧ ਮੁਦਈ ਤੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ .................
ਅੰਮ੍ਰਿਤਸਰ: ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਾਣ ਜਾਂਦੇ ਜਗਦੀਸ਼ ਟਾਈਟਲਰ ਵਿਰੁਧ ਮੁਦਈ ਤੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਜੇਕਰ ਸਰਕਾਰ ਜਾਂ ਨਿਆਂਪਾਲਕਾ ਸਾਨੂੰ ਇਨਸਾਫ਼ ਦੇਣਾ ਚਾਹੁੰਦੀ ਹੈ ਤਾਂ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਅਦਾਲਤੀ ਸੁਣਵਾਈ ਹਰ ਰੋਜ਼ ਯਕੀਨੀ ਬਣਾਈ ਜਾਏ ।
ਅੱਜ ਇਥੇ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਦਸਿਆ ਕਿ ਕੇਂਦਰੀ ਜਾਂਚ ਬਿਊਰੋ ਦੀ ਜਾਂਚ ਉਪਰੰਤ ਜਦੋਂ ਤੋਂ ਜਗਦੀਸ਼ ਟਾਈਟਲਰ ਵਿਰੁਧ ਅਦਾਲਤੀ ਸੁਣਵਾਈ ਹੋਈ ਹੈ ਉਦੋਂ ਤੋਂ ਹੀ ਟਾਈਟਲਰ ਦੀ ਇਹ ਕੋਸ਼ਿਸ਼ ਰਹੀ ਹੈ ਕਿਸੇ ਤਰ੍ਹਾਂ ਇਹ ਕੇਸ ਲਟਕਿਆ ਹੀ ਰਹੇ।
ਉਸ ਨੇ ਕੁੱਝ ਜੱਜ ਤਾਂ ਇਹ ਕਹਿ ਕੇ ਬਦਲਾਏ ਕਿ ਉਨ੍ਹਾਂ ਪਾਸੋਂ ਇਨਸਾਫ਼ ਦੀ ਆਸ ਨਹੀਂ ਹੈ। ਬੀਬੀ ਜਗਦੀਸ਼ ਕੌਰ ਨੇ ਦਸਿਆ ਕਿ ਇਕ ਸਾਲ ਦਾ ਅਦਾਲਤੀ ਸਮਾਂ ਤਾਂ ਅਜੇਹੀ ਦਰਖ਼ਾਸਤ ਪੁਰ ਵਿਚਾਰ ਕਰਨ 'ਤੇ ਹੀ ਲੰਘ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਕੇਸ ਸੁਣਵਾਈ ਲਈ ਦਿੱਲੀ ਹਾਈ ਕੋਰਟ ਦੀ ਐਡੀਸ਼ਨਲ ਮੁੱਖ ਜੱਜ ਗੀਤਾ ਮਿੱਤਲ ਦੀ ਅਦਾਲਤ ਵਿਚ ਕੁੱਝ ਤੁਰਿਆ ਹੈ ਤਾਂ ਸਰਕਾਰ ਨੇ ਜੱਜ ਗੀਤਾ ਮਿੱਤਲ ਨੂੰ ਤਰੱਕੀ ਦੇ ਕੇ ਜੰਮੂ ਕਸ਼ਮੀਰ ਦਾ ਮੁੱਖ ਜੱਜ ਲਗਾ ਦਿਤਾ ਹੈ।
ਬੀਬੀ ਜਗਦੀਸ਼ ਕੌਰ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦਾ ਕੇਸ ਇਸੇ ਹੀ ਜੱਜ ਪਾਸ ਰਹਿੰਦਾ ਕਿਉਂਕਿ ਜੱਜ ਮਿੱਤਲ ਕੇਸ ਦੀ ਗੰਭੀਰਤਾ ਨੂੰ ਸਮਝ ਰਹੇ ਸਨ। ਉਨ੍ਹਾਂ ਨੇ ਕਤਲੇਆਮ ਨਾਲ ਜੁੜੇ ਪੁਰਾਣੇ ਮਾਮਲਿਆਂ ਨੂੰ ਮੁੜ ਖੋਲ੍ਹਣ ਅਤੇ ਨਿਆਇਕ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ। ਬੀਬੀ ਜਗਦੀਸ਼ ਕੌਰ ਨੇ ਦਸਿਆ ਕਿ ਪਿਛਲੇ 34 ਸਾਲਾਂ ਤੋਂ ਨਿਆਂ ਮਿਲਣ ਦੀ ਉਮੀਦ ਬੇ-ਮਾਇਨਾ ਜਿਹੀ ਲੱਗ ਰਹੀ ਹੈ।