
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਬੈਂਕਾਂ ਦੇ ਸਿਸਟਮ ਖਿਲਾਫ਼ ਅੱਜ ਧਰਨਾ ਲਗਾਇਆ ਗਿਆ।
ਸੰਗਰੂਰ, 28 ਮਈ (ਪਰਮਜੀਤ ਸਿੰਘ ਲੱਡਾ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਬੈਂਕਾਂ ਦੇ ਸਿਸਟਮ ਖਿਲਾਫ਼ ਅੱਜ ਧਰਨਾ ਲਗਾਇਆ ਗਿਆ। ਇਸ ਧਰਨੇ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਕਿਸਾਨ ਆਗੂ ਨੇ ਦੱਸਿਆ ਕਿ ਬੈਂਕਾਂ ਵੱਲੋਂ ਕਿਸਾਨਾਂ ਦੀ ਜ਼ਮੀਨਾਂ ਦੀਆਂ ਕੁਰਕੀਆਂ ਨਿਸ਼ਾਨੀਆਂ ਲਿਆਂਦੀਆਂ ਜਾ ਰਹੀਆਂ ਹਨ।
Farmers Protestਕਿਸਾਨ ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਬੈਂਕਾਂ ਅਤੇ ਸੂਦਖੋਰ ਆੜਤੀਏ ਕਿਸਾਨਾਂ ਪਾਸੋਂ ਖਾਲੀ ਚੈਕ ਲੈ ਲੈਂਦੇ ਹਨ। ਇਨ੍ਹਾਂ ਚੈਂਕਾਂ ਤੇ ਦਸਤਖਤ/ ਅੰਗੂਠੇ ਲਗਵਾਕੇ ਬਾਅਦ ਵਿੱਚ ਆਪਣੀ ਮਨਮਰਜੀ ਨਾਲ ਚੈਕਾਂ ਉੱਤੇ ਆਪਣੀ ਰਕਮ ਭਰ ਲੈਂਦੇ ਹਨ। ਕਿਸਾਨਾਂ ਦੇ ਖਾਤੇ ਵਿੱਚ ਪੈਸਾ ਨਾ ਹੋਣ ਕਰਕੇ ਕਿਸਾਨ ਦੇ ਚੈਕ ਬਾਉਂਸ ਹੋ ਜਾਂਦੇ ਹਨ ਅਤੇ ਫਿਰ ਇਹ ਬੈਂਕ ਅਤੇ ਸੂਦਖੋਰ ਕਿਸਾਨਾਂ ਨੂੰ ਜੇਲ੍ਹ ਭੇਜਣ ਵਿੱਚ ਸਫ਼ਲ ਹੋ ਜਾਂਦੇ ਹਨ।
ਕਿਸਾਨ ਆਗੂ ਨੇ ਦੱਸਿਆ ਕਿ ਹਾਊਸਫੈਡ ਵੱਲੋਂ ਜੋ ਲੋਨ ਦਿੱਤਾ ਜਾਂਦਾ ਹੈ ਉਸਤੇ ਵਿਆਜ ਤਕਰੀਬਨ 2 ਪ੍ਰਤੀਸ਼ਤ ਪੈ ਜਾਂਦਾ ਹੈ। ਇਸ ਕਰਕੇ ਕਿਸਾਨ ਅਤੇ ਮਜ਼ਦੂਰ ਹਰ ਰੋਜ ਖੁਦਕੁਸ਼ੀਆਂ ਕਰ ਰਹੇ ਹਨ ਪਰ ਕੈਪਟਨ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਨ ਤੇ ਸਮੂਹ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਪਰ ਕੈਪਟਨ ਦੀ ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਨ੍ਹਾਂ ਖਾਲੀ ਚੈਕਾਂ ਅਤੇ ਸੂਦਖੋਰਾਂ ਵੱਲੋਂ ਭਰੇ ਪਰਨੋਟਾਂ ਅਤੇ ਅਸ਼ਟਮਾਂ ਦੀ ਮਾਨਤਾ ਰੱਦ ਕੀਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਬੈਂਕ ਦੇ ਲੋਨ ਬਦਲੇ ਜੇਲ੍ਹ ਨਹੀਂ ਜਾਣ ਦੇਵਾਂਗੇ। ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਬੈਂਕਾਂ ਨੇ ਇਹ ਸਿਸਟਮ ਠੀਕ ਨਾ ਕੀਤਾ ਤਦ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਾਂਗੇ।
ਇਸ ਸਮੇਂ ਕਿਸਾਨ ਆਗੂਆਂ ਨੇ ਪ੍ਰੈੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਤੇ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਸੋਮਾ ਸਿੰਘ ਲੌਂਗੋਵਾਲ, ਜ਼ਿਲ੍ਹਾ ਆਗੂ ਦਰਬਾਗ ਸਿੰਘ ਛਾਜਲਾ, ਬਹਾਦਰ ਸਿੰਘ ਭੁਟਾਲ ਖੁਰਦ, ਸਿਆਮ ਦਾਸ ਕਾਂਝਲੀ, ਜਸਵੰਤ ਸਿੰਘ ਤੋਲਾਵਾਲ, ਬਲਜਿੰਦਰ ਸਿੰਘ ਹਥਨ, ਦਰਸ਼ਨ ਸਿੰਘ ਸ਼ਾਦੀਹਰੀ, ਗੋਬਿੰਦਰ ਸਿੰਘ ਮੰਗਵਾਲ, ਮਨਜੀਤ ਸਿੰਘ ਘਰਾਚੋਂ, ਲਾਭ ਸਿੰਘ ਖੁਰਾਣਾ, ਗਮਸ਼ਰਨ ਸਿੰਘ ਉਗਰਾਹਾਂ, ਕ੍ਰਿਪਾਲ ਸਿੰਘ ਧੂਰੀ, ਬਲਦੇਵ ਸਿੰਘ ਉੱਭਿਆ, ਸਰਬਜੀਤ ਭੂਰਥਲਾ, ਰਾਜਪਾਲ ਸਿੰਘ ਮੰਗਵਾਲ ਆਦਿ ਹਾਜ਼ਰ ਸਨ।