
25 ਸਾਲਾ ਖਿਡਾਰੀ ਨੇ ਮਈ ਵਿਚ ਫੈਡਰੇਸ਼ਨ ਕੱਪ ਵਿਚ 19.05 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਸੀ
ਨਵੀਂ ਦਿੱਲੀ: ਸ਼ਾਟ ਪੁਟਰ ਕਰਨਵੀਰ ਸਿੰਘ ਨੂੰ ਹਾਲ ਹੀ ਵਿਚ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਨ ਅਗਲੇ ਹਫ਼ਤੇ ਬੈਂਕਾਕ ਵਿਚ ਹੋਣ ਵਾਲੀ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿਤਾ ਗਿਆ ਹੈ। ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਵਿਚ ਸਿਖਲਾਈ ਲੈਣ ਵਾਲੇ ਕਰਨਵੀਰ ਨੂੰ ਪਹਿਲਾਂ 12 ਤੋਂ 16 ਜੁਲਾਈ ਤਕ ਹੋਣ ਵਾਲੀ ਮਹਾਂਦੀਪੀ ਚੈਂਪੀਅਨਸ਼ਿਪ ਲਈ 54 ਮੈਂਬਰੀ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ : ਟਾਈਟਲਰ ਵਿਰੁਧ ਚਾਰਜਸ਼ੀਟ ’ਤੇ 19 ਜੁਲਾਈ ਨੂੰ ਫੈਸਲਾ ਲਵੇਗੀ ਅਦਾਲਤ
ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਕਰਨਵੀਰ ਦੇ ਡੋਪ ਟੈਸਟ 'ਚ ਫੇਲ ਹੋਣ ਬਾਰੇ ਪੁੱਛੇ ਜਾਣ 'ਤੇ ਦਸਿਆ, ''ਹਾਂ, ਇਹ ਸਹੀ ਹੈ।'' 25 ਸਾਲਾ ਖਿਡਾਰੀ ਨੇ ਮਈ ਵਿਚ ਫੈਡਰੇਸ਼ਨ ਕੱਪ ਵਿਚ 19.05 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਸੀ ਜਦਕਿ ਉਹ ਜੂਨ ਵਿਚ ਕੌਮੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿਚ 19.78 ਮੀਟਰ ਦੀ ਕੋਸ਼ਿਸ਼ ਨਾਲ ਏਸ਼ਿਆਈ ਰਿਕਾਰਡ ਧਾਰਕ ਤਜਿੰਦਰਪਾਲ ਸਿੰਘ ਤੂਰ ਤੋਂ ਬਾਅਦ ਦੂਜੇ ਸਥਾਨ ’ਤੇ ਸੀ।
ਇਹ ਵੀ ਪੜ੍ਹੋ: ਦਿੱਲੀ ਵਿਚ ਸਿੱਖ ਵਿਦਿਆਰਥਣ ਨੂੰ ਕੜਾ ਪਾ ਕੇ ਪ੍ਰੀਖਿਆ ਹਾਲ ਵਿਚ ਦਾਖਲ ਹੋਣੋ ਰੋਕਿਆ
ਮੌਜੂਦਾ ਸੀਜ਼ਨ ਦੀ ਸੂਚੀ 'ਚ ਏਸ਼ੀਆਈ ਖਿਡਾਰੀਆਂ 'ਚ ਉਹ ਛੇਵੇਂ ਸਥਾਨ 'ਤੇ ਹਨ। ਕਰਨਵੀਰ ਦਾ ਨਿੱਜੀ ਸਰਬੋਤਮ 20.10 ਮੀਟਰ ਹੈ, ਜੋ ਉਨ੍ਹਾਂ ਨੇ ਪਿਛਲੇ ਸਾਲ ਨੈਸ਼ਨਲ ਓਪਨ ਚੈਂਪੀਅਨਸ਼ਿਪ ਦੌਰਾਨ ਹਾਸਲ ਕੀਤਾ ਸੀ। ਤੂਰ ਹੁਣ ਏਸ਼ਿਆਈ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਸ਼ਾਟ ਪੁਟ ਮੁਕਾਬਲੇ ਵਿਚ ਇਕੱਲੇ ਭਾਰਤੀ ਹੋਣਗੇ।