
10 ਮੀਟਰ ਏਅਰ ਰਾਈਫ਼ਲ ਮਿਕਸਡ 'ਚ ਭਾਰਤ ਦੇ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਕਾਂਸੀ ਦਾ ਤਮਗ਼ਾ ਭਾਰਤ ਦੀ ਝੋਲੀ ਪਾਇਆ..............
ਜਕਾਰਤਾ : 10 ਮੀਟਰ ਏਅਰ ਰਾਈਫ਼ਲ ਮਿਕਸਡ 'ਚ ਭਾਰਤ ਦੇ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਕਾਂਸੀ ਦਾ ਤਮਗ਼ਾ ਭਾਰਤ ਦੀ ਝੋਲੀ ਪਾਇਆ। ਪੁਰਸ਼ ਕਬੱਡੀ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਸ਼ਾਨਦਾਰ ਆਗ਼ਾਜ਼ ਕੀਤਾ ਅਤੇ ਪਹਿਲੇ ਦਿਨ ਦੇ ਤਿੰਨ ਦੇ ਤਿੰਨ ਮੈਚਾਂ 'ਚ ਹੀ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਤੈਰਾਕੀ 'ਚ ਵੀ ਭਾਰਤ ਦਾ ਸੱਜਣ ਪ੍ਰਕਾਸ਼ ਫ਼ਾਈਨਲ 'ਚ ਅਪਣੀ ਜਗ੍ਹਾ ਪੱਕੀ ਕਰ ਚੁਕਾ ਹੈ।
ਉਧਰ ਭਲਵਾਨ ਸੰਦੀਪ ਤੋਮਰ ਨੇ 57 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਦੇ ਪ੍ਰੀ-ਕੁਆਟਰ ਫ਼ਾਈਨਲ 'ਚ ਤੁਰਕਮੇਨਿਸਤਾਨ ਦੇ ਭਲਵਾਨ ਰੁਸਤਮ ਨਾਜਾਰੋਵ ਨੂੰ 12-8 ਨਾਲ ਹਰਾਉਣ ਤੋਂ ਬਾਅਦ ਕੁਆਟਰ ਫ਼ਾਈਨਲ 'ਚ ਈਰਾਨ ਦੇ ਭਲਵਾਨ ਤੋਂ ਹਾਰ ਗਿਆ। ਦੂਜੇ ਪਾਸੇ ਬੈਡਮਿੰਟਨ 'ਚ ਭਾਰਤੀ ਪੁਰਸ਼ ਟੀਮ ਨੇ ਮਾਲਦੀਵ ਦੇ ਖਿਡਾਰੀਆਂ ਨੂੰ 3-0 ਨਾਲ ਹਰਾ ਕੇ ਕੁਆਟਰ ਫ਼ਾਈਨਲ 'ਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਦੇ ਨਾਲ ਹੀ 74 ਕਿਲੋਗ੍ਰਾਮ ਭਾਰਤ ਵਰਗ 'ਚ ਭਾਰਤ ਦੇ ਸਟਾਰ ਭਲਵਾਨ ਤੇ ਦੋ ਵਾਰ ਦੇ ਉਲੰਪਿਕ ਤਮਗ਼ਾਧਾਰੀ ਸੁਸ਼ੀਲ ਕੁਮਾਰ ਨੂੰ ਪਹਿਲੇ ਹੀ ਦੌਰ 'ਚ ਬਹਿਰੀਨ ਦੇ ਭਲਵਾਨ ਬਾਤਿਰੋਵ ਐਡਮ ਹੱਥੋਂ 5-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦਾ ਏਸ਼ੀਆਈ ਖੇਡਾਂ 2018 ਦਾ ਸਫ਼ਰ ਖ਼ਤਮ ਹੋ ਗਿਆ। ਰੈਗੂ 'ਚ ਭਾਰਤੀ ਮਹਿਲਾ ਟੀਮ ਨੂੰ ਕੋਰੀਆ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਦੇ ਭਲਵਾਨ ਮੌਸਮ ਖੱਤਰੀ ਨੂੰ 97 ਕਿਲੋਗ੍ਰਾਮ ਭਾਰ ਵਰਗ 'ਚ ਉਜਬੇਕਿਸਤਾਨ ਦੇ ਬਰੈਸੀਮੋਵ ਮਗੋਮਡ ਹੱਥੋਂ ਕੁਆਅਰ ਫ਼ਾਈਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਉਪਰੰਤ 86 ਕਿਲੋਗ੍ਰਾਮ ਭਾਰ ਵਰਗ ਦੇ ਕੁਆਟਰ ਫ਼ਾਈਨਲ 'ਚ ਇਰਾਨ ਦੇ ਹਸਨ ਯਜ਼ਦਨੀਚਰਾਰਟੀ ਹੱਥੋਂ ਹਾਰ ਕੇ ਪਵਨ ਕੁਮਾਰ ਵੀ ਸੋਨ ਤਮਗ਼ਾ ਜਿੱਤਣ ਦੀ ਦੌੜ ਤੋਂ ਬਾਹਰ ਹੋ ਗਿਆ। ਬਾਅਦ ਦੁਪਹਿਰ ਖੇਡੇ ਗਏ ਹੈਂਡਬਾਲ ਦੇ ਗਰੁਪ ਏ ਦੇ ਮੁਕਾਬਲਿਆਂ 'ਚ ਭਾਰਤੀ ਮਹਿਲਾ ਟੀਮ ਨੂੰ ਵੀ ਚੀਨ ਹੱਥੋਂ 21-36 ਨਾਲ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤੀ ਮਹਿਲਾ ਵਾਲੀਬਾਲ ਟੀਮ ਨੂੰ ਵੀ ਪੂਲ ਬੀ 'ਚ ਸਾਊਥ ਕੋਰੀਆ ਨੇ ਹਰਾ ਦਿਤਾ। ਪਰ ਦੂਜੇ ਪਾਸੇ ਮਹਿਲਾ ਕਬੱਡੀ ਨੇ ਅਪਣਾ ਜੇਤੂ ਆਗ਼ਾਜ਼ ਕਰਦਿਆਂ ਜਾਪਾਨ ਦੀ ਟੀਮ ਨੂੰ 31 ਅੰਕਾਂ ਦੇ ਵੱਡੇ ਫ਼ਰਕ 'ਤੇ 43-12 ਨਾਲ ਹਰਾਇਆ। (ਏਜੰਸੀ)