
ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ਯ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿਤਿਆ। ਲਕਸ਼ਯ ਨੇ ਪੁਰਸ਼ ਏਕਲ ਵਰਗ ਦੇ ਫ਼ਾਈਨਲ 'ਚ ਥਾਈਲੈਂਡ................
ਜਕਾਰਤਾ : ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ਯ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿਤਿਆ। ਲਕਸ਼ਯ ਨੇ ਪੁਰਸ਼ ਏਕਲ ਵਰਗ ਦੇ ਫ਼ਾਈਨਲ 'ਚ ਥਾਈਲੈਂਡ ਦੇ ਖਿਡਾਰੀ ਕੁਨਲਾਵੁਤ ਵਿਤਿਦਸਾਰਨ ਨੂੰ ਹਰਾਇਆ। ਇਸ ਚੈਂਪੀਅਨਸ਼ਿਪ 'ਚ ਛੇਵੀਂ ਸੀਡ ਅੰਡਰ-19 ਦੇ ਫ਼ਾਈਨਲ 'ਚ ਵਿਤਿਦਸਾਰਨ ਨੂੰ 46 ਮਿੰਟਾਂ 'ਚ ਸਿੱਧੇ ਸੈੱਟਾਂ 'ਚ 21-19 ਤੇ 21-18 ਨਾਲ ਹਰਾਇਆ। ਫ਼ਾਈਨਲ ਮੁਕਾਬਲਾ ਬੇਹੱਦ ਦਿਲਚਸਪ ਰਿਹਾ। ਦੋਵੇਂ ਖਿਡਾਰੀ ਦਰਮਿਆਨ ਸਖ਼ਤ ਟੱਕਰ ਬਣੀ ਰਹੀ ਪਰ ਆਖ਼ਰੀ ਸਮੇਂ 'ਚ ਭਾਰਤੀ ਬੈਡਮਿੰਟਨ ਖਿਡਾਰੀ ਨੇ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਾਰਨ 'ਤੇ ਵਾਧਾ ਬਣਾ ਲਿਆ।
ਇਕ ਸਮੇਂ ਦੋਵੇਂ ਖਿਡਾਰੀ 14-14 ਦੀ ਬਰਾਬਰੀ 'ਤੇ ਚੱਲ ਰਹੇ ਸਨ ਪਰ ਲਕਸ਼ਯ ਸੇਨ ਨੇ ਵਾਧਾ ਬਣਾ ਕੇ ਦਬਾਅ ਕਾਇਮ ਰਖਿਆ ਅਤੇ ਮੁਕਾਬਲਾ ਅਪਣੇ ਨਾਮ ਕਰ ਲਿਆ। ਸੈਮੀਫ਼ਾਈਨਲ 'ਚ ਲਕਸ਼ਯ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਇਖ਼ਸਾਨ ਲਿਯੋਨਾਰਡੋ ਇਮਾਨੁਏਲ ਰੁਮਬੇ ਨਾਲ ਸੀ। ਲਕਸ਼ਯ ਨੇ ਇਖ਼ਸਾਨ ਨੂੰ ਉਹ ਮੈਚ 21-7, 21-14 ਨਾਲ ਹਰਾਇਆ ਸੀ। ਲਕਸ਼ਯ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਸਕੇ ਹਨ। ਲਕਸ਼ਯ ਤੋਂ ਪਹਿਲਾਂ ਇਸ ਚੈਂਪੀਅਨਸ਼ਿਪ 'ਚ 1995 'ਚ ਗੌਤਮ ਠੱਕਰ ਅਤੇ 2012 'ਚ ਪੀ.ਵੀ. ਸਿੰਧੂ ਨੇ ਸੋਨ ਤਮਗ਼ਾ ਜਿਤਿਆ ਸੀ।
ਲਕਸ਼ਯ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਲਕਸ਼ਯ ਸੇਨ ਦੇ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਭਾਰਤੀ ਬੈਡਮਿੰਟਨ ਸੰਘ (ਬੀਏਆਈ) ਨੇ ਨੌਜਵਾਨ ਖਿਡਾਰੀ ਲਕਸ਼ਯ ਸੇਨ ਨੂੰ 10 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ। ਲਕਸ਼ਯ ਨੇ ਪਿਛਲੇ ਸਾਲ ਇਸ ਟੂਰਨਾਮੈਂਟ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਬੀ.ਏ.ਆਈ. ਦੇ ਮੁਖੀ ਹੇਮੰਤ ਬਿਸਵ ਸਰਮਾ ਨੇ ਲਕਸ਼ਯ ਦੀ ਉਪਲਬਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਲਕਸ਼ਯ ਨੇ ਦੇਸ਼ ਦਾ ਮਾਣ ਵਧਾਇਆ ਹੈ। ਅਸੀਂ ਨੌਜਵਾਨਾਂ 'ਤੇ ਨਿਵੇਸ਼ ਕਰ ਰਹੇ ਹਾਂ ਅਤੇ ਉਸ ਦਾ ਨਤੀਜਾ ਦੇਖ ਕੇ ਖੁਸ਼ ਹਾਂ। ਬੀਏਆਈ ਦੇ ਮੁੱਖ ਸਕੱਤਰ ਅਜੇ ਸਿੰਘਾਨੀਆ ਨੇ ਵੀ ਇਸ ਖਿਡਾਰੀ ਦੀ ਤਾਰੀਫ਼ ਕੀਤੀ। (ਏਜੰਸੀ)