
ਭਾਰਤੀ ਭਲਵਾਨ ਬਜਰੰਗ ਪੂਨੀਆ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਨੂੰ ਅੱਜ ਪਹਿਲਾ ਸੋਨ ਤਮਗ਼ਾ ਦਿਵਾਇਆ..............
ਜਕਾਰਤਾ : ਭਾਰਤੀ ਭਲਵਾਨ ਬਜਰੰਗ ਪੂਨੀਆ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਨੂੰ ਅੱਜ ਪਹਿਲਾ ਸੋਨ ਤਮਗ਼ਾ ਦਿਵਾਇਆ। ਇਹ ਤਮਗ਼ਾ ਪੂਨੀਆ ਨੇ ਜਪਾਨ ਦੇ ਭਲਵਾਨ ਤਾਕਾਤਿਨੀ ਚਾਯਚੀ ਨੂੰ ਹਰਾ ਕੇ ਜਿੱਤਿਆ। ਬਜਰੰਗ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਫ਼੍ਰੀਸਟਾਈਲ 'ਚ ਇਹ ਤਮਗ਼ਾ ਜਿੱਤਿਆ। ਉਸ ਤੋਂ ਇਲਾਵਾ 10 ਮੀਟਰ ਏਅਰ ਰਾਈਫ਼ਲ ਮਿਕਸਡ 'ਚ ਭਾਰਤ ਦੇ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਕਾਂਸੀ ਦਾ ਤਮਗ਼ਾ ਭਾਰਤ ਦੀ ਝੋਲੀ ਪਾਇਆ।
ਪੁਰਸ਼ ਕਬੱਡੀ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਸ਼ਾਨਦਾਰ ਆਗ਼ਾਜ਼ ਕੀਤਾ ਅਤੇ ਪਹਿਲੇ ਦਿਨ ਦੇ ਤਿੰਨ ਦੇ ਤਿੰਨ ਮੈਚਾਂ 'ਚ ਹੀ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਤੈਰਾਕੀ 'ਚ ਵੀ ਭਾਰਤ ਦਾ ਸੱਜਣ ਪ੍ਰਕਾਸ਼ ਫ਼ਾਈਨਲ 'ਚ ਅਪਣੀ ਜਗ੍ਹਾ ਪੱਕੀ ਕਰ ਚੁਕਾ ਹੈ।