
ਯਾਤਰੀ ਟਰੇਨ 'ਚ 350 ਤੋਂ ਜ਼ਿਆਦਾ ਲੋਕ ਸਵਾਰ ਸਨ
ਏਥਨਜ਼: ਗ੍ਰੀਸ ਵਿਚ ਮੰਗਲਵਾਰ ਦੇਰ ਰਾਤ ਦੋ ਟਰੇਨਾਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ 'ਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 85 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਮੱਧ ਗ੍ਰੀਸ ਦੇ ਲਾਰੀਸਾ ਸ਼ਹਿਰ ਦੇ ਨੇੜੇ ਇਕ ਯਾਤਰੀ ਰੇਲਗੱਡੀ ਅਤੇ ਇਕ ਮਾਲ ਗੱਡੀ ਦੀ ਟੱਕਰ ਹੋ ਗਈ। ਯਾਤਰੀ ਟਰੇਨ 'ਚ 350 ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 250 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਿਸ ਦੀ ਗਲਤੀ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: ਅਫ਼ਗ਼ਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.0 ਰਹੀ ਤੀਬਰਤਾ
ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਇਕ ਯਾਤਰੀ ਰੇਲਗੱਡੀ ਏਥਨਜ਼ ਤੋਂ ਥੇਸਾਲੋਨੀਕੀ ਜਾ ਰਹੀ ਸੀ। ਮਾਲ ਗੱਡੀ ਥੈਸਾਲੋਨੀਕੀ ਤੋਂ ਲੈਰੀਸਾ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਟਰੇਨ ਦੇ ਪਹਿਲੇ 4 ਡੱਬੇ ਪਟੜੀ ਤੋਂ ਉਤਰ ਗਏ। ਜਦਕਿ 2 ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ। ਟੱਕਰ ਤੋਂ ਬਾਅਦ ਟਰੇਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 17 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਚਿੱਟੇ ਪਿਆਜ਼ ਦਾ ਰਸ ਅੱਖਾਂ ਲਈ ਹੈ ਬਹੁਤ ਫ਼ਾਇਦੇਮੰਦ
ਟਰੇਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਥੇਸਾਲੀ ਦੇ ਗਵਰਨਰ ਕੋਨਸਟੈਂਟਿਨੋਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮਲਬਾ ਚਾਰੇ ਪਾਸੇ ਫੈਲ ਗਿਆ, ਜਿਸ ਕਾਰਨ ਬਚਾਅ ਮੁਹਿੰਮ ਦੌਰਾਨ ਮੁਸ਼ਕਲ ਹੋ ਰਹੀ ਹੈ। ਟੁੱਟੇ ਡੱਬਿਆਂ ਅਤੇ ਮਲਬੇ ਨੂੰ ਚੁੱਕਣ ਲਈ ਕ੍ਰੇਨ ਬੁਲਾਈ ਗਈ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਕੈਫੇ 'ਤੇ ਨਗਰ ਨਿਗਮ ਦਾ ਛਾਪਾ: ਪਲਾਸਟਿਕ ਦੇ ਲਿਫਾਫੇ ਤੇ ਪਾਬੰਦੀਸ਼ੁਦਾ ਸਮਾਨ ਬਰਾਮਦ
ਟਰੇਨ 'ਚੋਂ ਬਚੇ ਇਕ ਯਾਤਰੀ ਨੇ ਦੱਸਿਆ ਕਿ ਟੱਕਰ ਹੁੰਦੇ ਹੀ ਟਰੇਨ 'ਚ ਭਗਦੜ ਮਚ ਗਈ। ਸਾਰੇ ਇਧਰ-ਉਧਰ ਭੱਜਣ ਲੱਗੇ। ਇਕ ਹੋਰ ਯਾਤਰੀ ਨੇ ਦੱਸਿਆ ਕਿ ਟੱਕਰ ਇਕ ਤੇਜ਼ ਭੂਚਾਲ ਵਾਂਗ ਮਹਿਸੂਸ ਹੋਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਅਤ ਬਚਾਏ ਗਏ ਲੋਕਾਂ ਨੂੰ ਬੱਸ ਰਾਹੀਂ ਥੇਸਾਲੋਨੀਕੀ ਭੇਜਿਆ ਗਿਆ ਹੈ। ਬਚਾਅ ਕਰਮਚਾਰੀ ਅਜੇ ਵੀ ਮੌਕੇ 'ਤੇ ਮੌਜੂਦ ਹਨ।