
ਗਵਾਟੇਮਾਲਾ ਦੇ ਪਿਊਗੋ ਜਵਾਲਾਮੁਖੀ 'ਚ ਹੋਏ ਧਮਾਕੇ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਜਵਾਲਾਮੁਖੀ 'ਚੋਂ ਰਾਖ ਤੇ ਲਾਵਾ ਨਿਕਲ ...
ਗਵਾਟੇਮਾਲਾ, ਗਵਾਟੇਮਾਲਾ ਦੇ ਪਿਊਗੋ ਜਵਾਲਾਮੁਖੀ 'ਚ ਹੋਏ ਧਮਾਕੇ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਜਵਾਲਾਮੁਖੀ 'ਚੋਂ ਰਾਖ ਤੇ ਲਾਵਾ ਨਿਕਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਪਿਉਗੋ 'ਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ ਤਿੰਨ ਸ਼ਹਿਰਾਂ 'ਚ ਲਾਲ ਚਿਤਾਵਨੀ ਅਤੇ ਪੂਰੇ ਦੇਸ਼ 'ਚ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ।
ਧਮਾਕਾ ਇੰਨਾ ਤੇਜ਼ ਸੀ ਕਿ ਇਸ ਦਾ ਲਾਵਾ ਅਤੇ ਰਾਖ 8 ਕਿਲੋਮੀਟਰ ਦੂਰ ਤਕ ਦੇ ਹਿੱਸੇ 'ਚ ਫ਼ੈਲ ਗਿਆ। ਪਿਊਗੋ 'ਚ ਇਸ ਸਾਲ ਦੂਜੀ ਵਾਰ ਧਮਾਕਾ ਹੋਇਆ ਹੈ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਨੈਸ਼ਨਲ ਕੋਆਰਡੀਨੇਟਰ ਫ਼ਾਰ ਡਿਜਾਸਟਰ ਰਿਡਕਸ਼ਨ ਦੇ ਬੁਲਾਰੇ ਨੇ ਕਿਹਾ, ''ਐਤਵਾਰ ਰਾਤ 9 ਵਜੇ ਤਕ ਮ੍ਰਿਤਕਾਂ ਦੀ ਗਿਣਤੀ 25 ਸੀ। ਲਾਪਤਾ ਅਤੇ ਮ੍ਰਿਤਕਾਂ ਲਈ ਖੋਜ ਅਤੇ ਬਚਾਅ ਮੁਹਿੰਮ ਘੱਟ ਰੌਸ਼ਨੀ ਅਤੇ ਖ਼ਤਰਨਾਕ ਸਥਿਤੀਆਂ ਕਾਰਨ ਰੱਦ ਕਰ ਦਿਤੀ ਗਈ ਹੈ। ਜਵਾਲਾਮੁਖੀ ਫਟਣ ਨਾਲ ਨੇੜੇ-ਤੇੜੇ ਦੇ ਇਲਾਕੇ 'ਚ ਆਸਮਾਨ ਵਿਚ ਸੁਆਹ ਫੈਲ ਗਈ ਹੈ।''
ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਸਰਜੀਉ ਕਬਾਨਾਸ ਮੁਤਾਬਕ, ''ਜਵਾਲਾਮੁਖੀ 'ਚ ਧਮਾਕੇ ਤੋਂ ਬਾਅਦ ਲਾਵੇ ਦੀ ਇਕ ਨਦੀ ਜਿਹੀ ਵੱਗ ਰਹੀ ਹੈ। ਇਸ ਤੋਂ ਅਲ ਰੋਡੀਓ ਨਾਂ ਦੇ ਪਿੰਡ 'ਤੇ ਅਸਰ ਪਿਆ ਹੈ। ਲੋਕ ਸੜ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਫਿਲਹਾਲ 25 ਲੋਕਾਂ ਦੀ ਮੌਤ ਦੀ ਖ਼ਬਰ ਹੈ, ਪਰ ਇਹ ਅੰਕੜਾ ਵੱਧ ਵੀ ਸਕਦਾ ਹੈ। ਇਲਾਕਾ ਦੇ 3000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।''
ਅਧਿਕਾਰੀਆਂ ਮੁਤਾਬਕ ਤਿੰਨ ਥਾਵਾਂ ਅਲ ਰੋਡੀਓ, ਅਲੋਤੇਨਾਂਗੋ ਅਤੇ ਸੈਨ ਮਿਗੁਏਲ 'ਚ ਸੱਭ ਤੋਂ ਵੱਧ ਲੋਕ ਮਾਰੇ ਗਏ ਹਨ।ਗਵਾਟੇਮਾਲਾ ਖੇਤਰ 'ਚ ਸੁਆਹ ਤੋਂ ਬਚਣ ਲਈ ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿਤੀ ਹੈ ਅਤੇ ਸਾਰੀਆਂ ਨੂੰ ਸੁਰੱਖਿਅਤ ਥਾਵਾਂ ਵਲ ਜਾਣ ਦੀ ਸਲਾਹ ਦਿਤੀ ਗਈ ਹੈ। (ਪੀਟੀਆਈ)