
2013 ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੂੰ 35 ਸੀਟਾਂ ਮਿਲੀਆਂ ਸਨ............
ਇਸਲਾਮਾਬਾਦ : 2013 ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੂੰ 35 ਸੀਟਾਂ ਮਿਲੀਆਂ ਸਨ। 2018 'ਚ ਪੀ.ਟੀ.ਆਈ. ਨੇ ਅਪਣੀ ਰਣਨੀਤੀ ਬਦਲੀ ਅਤੇ ਚੋਣ ਮੁਹਿੰਮ 'ਚ ਡਿਜ਼ੀਟਲ ਤਰੀਕੇ ਦੀ ਵਰਤੋਂ ਕੀਤੀ। ਨਿਊਜ਼ ਏਜੰਸੀ ਮੁਤਾਬਕ ਇਮਰਾਨ ਦੀ ਪਾਰਟੀ ਨੇ ਐਪ ਅਤੇ 5 ਕਰੋੜ ਲੋਕਾਂ ਦੇ ਡਾਟਾਬੇਸ ਰਾਹੀਂ ਇਕ ਯੋਜਨਾ ਬਣਾਈ। ਇਸ ਯੋਜਨਾ ਨੂੰ ਵਿਰੋਧੀ ਪਾਰਟੀਆਂ ਤੋਂ ਲੁਕੋ ਕੇ ਰਖਿਆ ਗਿਆ, ਤਾਕਿ ਉਹ ਇਸ ਦੀ ਨਕਲ ਨਾ ਕਰ ਸਕਣ। ਨਤੀਜਾ ਇਹ ਰਿਹਾ ਕਿ ਪੀ.ਟੀ.ਆਈ. ਨੂੰ ਇਸ ਵਾਰ 81 ਸੀਟਾਂ ਜ਼ਿਆਦਾ ਮਤਲਬ 116 ਸੀਟਾਂ ਮਿਲੀਆਂ।
ਜੋ ਵੋਟ ਸ਼ੇਅਰ 2013 'ਚ 16.92 ਫ਼ੀ ਸਦੀ ਸੀ, ਉਹ ਇਸ ਵਾਰ 31.87 ਫ਼ੀ ਸਦੀ ਮਤਲਬ ਦੁਗਣਾ ਹੋ ਗਿਆ। ਪਾਕਿਸਤਾਨ 'ਚ ਲਗਭਗ 10.5 ਕਰੋੜ ਵੋਟਰ ਹਨ। ਇਸ ਵਾਰ 48 ਫ਼ੀ ਸਦੀ (5.40 ਕਰੋੜ) ਵੋਟਾਂ ਪਈਆਂ। ਉਧਰ ਡਾਟਾਬੇਸ ਰਾਹੀਂ ਇਮਰਾਨ ਦੀ ਪਾਰਟੀ ਨੇ 5 ਕਰੋੜ ਲੋਕਾਂ ਤਕ ਪਹੁੰਚ ਬਣਾਈ। ਮਤਲਬ ਕੁਲ ਵੋਟਿੰਗ ਦਾ 93 ਫ਼ੀ ਸਦ। ਸਾਲ 2013 ਦੀਆਂ ਚੋਣਾਂ 'ਚ ਹਾਰ ਤੋਂ ਬਾਅਦ ਪੀ.ਟੀ.ਆਈ. ਨੇ ਇਕ ਟੈਕਨੀਕਲ ਟੀਮ ਦਾ ਗਠਨ ਕੀਤਾ ਸੀ। ਆਮ ਚੋਣਾਂ ਲਈ ਉਸ ਨੇ 150 ਚੋਣ ਖੇਤਰਾਂ 'ਤੇ ਫੋਕਸ ਕੀਤਾ। ਕਾਰਕੁੰਨਾਂ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਪਛਾਣ ਕੀਤੀ ਅਤੇ ਠੀਕ ਚੋਣ ਵਾਲੇ ਦਿਨ ਵੀ ਅਪਣੇ ਸਮਰਥਕਾਂ ਨੂੰ ਸੰਗਠਤ ਕੀਤਾ।
ਪੀ.ਟੀ.ਆਈ. ਨੇ ਪਹਿਲਾਂ ਅਪਣੀ ਇਸ ਤਕਨੀਕ ਦਾ ਪ੍ਰਗਟਾਵਾ ਨਹੀਂ ਕੀਤਾ, ਕਿਉਂਕਿ ਉਸ ਨੂੰ ਡਰ ਸੀ ਕਿ ਵਿਰੋਧੀ ਧਿਰ ਵੀ ਇਸ ਤਕਨੀਕ ਨੂੰ ਵਰਤ ਸਕਦਾ ਹੈ। ਬਾਅਦ 'ਚ ਕੁਝ ਪਾਰਟੀ ਕਾਰਕੁੰਨਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਕਿਵੇਂ ਐਪ ਨੇ ਉਨ੍ਹਾਂ ਦੀ ਮੁਹਿੰਮ ਨੂੰ ਸਫ਼ਲ ਬਣਾਇਆ ਅਤੇ ਉਨ੍ਹਾਂ ਨੂੰ ਜਿਤਾਇਆ। ਫ਼ੋਨ ਐਪ ਖਾਸ ਤੌਰ 'ਤੇ ਚੋਣਾਂ ਵਿਚ ਸਮਰਥਕਾਂ ਨੂੰ ਚੋਣ ਬੂਥ ਤਕ ਪਹੁੰਚਾਉਣ ਵਿਚ ਮਦਦਗਾਰ ਰਿਹਾ, ਜਦਕਿ ਪੋਲਿੰਗ ਬੂਥ ਦੀ ਜਾਣਕਾਰੀ ਦੇਣ ਵਾਲੀ ਸਰਕਾਰ ਦੀ ਅਪਣੀ ਟੈਲੀਫ਼ੋਨ ਇਨਫ਼ੋਰਮੇਸ਼ਨ ਸਰਵਿਸ ਚੋਣਾਂ ਦੌਰਾਨ ਕਈ ਦਿਨ ਤਕ ਤਕਨੀਕੀ ਕਮੀਆਂ ਨਾਲ ਜੂਝਦੀ ਰਹੀ।
ਇਸ ਨਾਲ ਬਾਕੀ ਪਾਰਟੀਆਂ ਘਬਰਾ ਗਈਆਂ ਸਨ। ਉਥੇ ਹੀ ਲੋਕਾਂ ਦਾ ਮੰਨਣਾ ਹੈ ਕਿ ਨਵਾਜ਼ ਸ਼ਰੀਫ਼ ਦਾ ਚੋਣ ਪ੍ਰਚਾਰ ਕਾਫੀ ਬਿਖਰਿਆ ਹੋਇਆ ਸੀ। ਪੀ.ਐਮ.ਐਲ.-ਐਨ. ਦੇ ਕਈ ਆਗੂਆਂ ਨੂੰ ਚੋਣ ਲੜਨ ਲਈ ਅਯੋਗ ਕਰਾਰ ਦੇ ਦਿਤਾ ਗਿਆ। ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਅਤੇ ਜਵਾਈ ਮੁਹੰਮਦ ਸਫ਼ਦਰ ਅਵਾਨ ਨੂੰ ਜੇਲ ਹੋ ਗਈ। (ਪੀਟੀਆਈ)