
ਯੂਕਰੇਨ ਨੇ ਕਿਹਾ ਹੈ ਕਿ ਉਹ ਰੂਸ ਦੀ ਸਥਿਤੀ ਨਾਲ ਸਹਿਮਤ ਹੁੰਦੇ ਹੋਏ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਿਹਾ ਹੈ।
ਕੀਵ: ਯੂਕਰੇਨ ਅਤੇ ਰੂਸ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਵਿਚ ਕੁਝ ਸਕਾਰਾਤਮਕ ਸੰਕੇਤ ਮਿਲੇ ਹਨ। ਯੂਕਰੇਨ ਨੇ ਕਿਹਾ ਹੈ ਕਿ ਉਹ ਰੂਸ ਦੀ ਸਥਿਤੀ ਨਾਲ ਸਹਿਮਤ ਹੁੰਦੇ ਹੋਏ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਹੇ। ਇਹ ਇਕ ਮਹੱਤਵਪੂਰਨ ਮੁੱਦਾ ਹੈ, ਜਿਸ ਨੂੰ ਰੂਸ ਲਗਾਤਾਰ ਪੱਛਮੀ ਸਮਰਥਕ ਯੂਕਰੇਨ 'ਤੇ ਹਮਲੇ ਦਾ ਵੱਡਾ ਕਾਰਨ ਦੱਸ ਰਿਹਾ ਹੈ।
ਇਕ ਹੋਰ ਮੁੱਦੇ 'ਤੇ ਮਾਸਕੋ ਦੇ ਸਟੈਂਡ ਨਾਲ ਸਪੱਸ਼ਟ ਸਹਿਮਤੀ ਜਤਾਉਂਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਯੂਕਰੇਨ ਤੋਂ ਅਲੱਗ ਦੋ ਰੂਸੀ ਸਮਰਥਕ ਖੇਤਰਾਂ ਦੀ ਸਥਿਤੀ ਨੂੰ ਲੈ ਕੇ ਵੀ ਸਮਝੌਤੇ ਲਈ ਖੁੱਲ੍ਹਾ ਰੁਖ ਰੱਖਦੇ ਹਨ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਹੋਏ ਹਮਲੇ ਤੋਂ ਪਹਿਲਾਂ ਹੀ ਇਹਨਾਂ ਨੂੰ ਆਜ਼ਾਦ ਦੇਸ਼ ਐਲਾਨ ਚੁੱਕੇ ਹਨ।
ਏਬੀਸੀ ਨਿਊਜ਼ ਨਾਲ ਇਕ ਇੰਟਰਵਿਊ ਵਿਚ ਜ਼ੇਲੇਂਸਕੀ ਨੇ ਕਿਹਾ, "ਮੈਂ ਇਸ ਸਵਾਲ ਬਾਰੇ ਬਹੁਤ ਸਮਾਂ ਪਹਿਲਾਂ ਸ਼ਾਂਤ ਹੋ ਗਿਆ ਸੀ ਜਦੋਂ ਅਸੀਂ ਸਮਝ ਗਏ ਸੀ ਕਿ ... ਨਾਟੋ ਯੂਕਰੇਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਜ਼ੇਲੇਂਸਕੀ ਨੇ ਕਿਹਾ ਕਿ ਨਾਟੋ ਗਠਜੋੜ ਵਿਵਾਦਪੂਰਨ ਚੀਜ਼ਾਂ ਅਤੇ ਰੂਸ ਨਾਲ ਟਕਰਾਅ ਤੋਂ ਵੀ ਡਰਿਆ ਹੋਇਆ ਹੈ। ਨਾਟੋ ਦੀ ਮੈਂਬਰਸ਼ਿਪ 'ਤੇ ਜ਼ੇਲੇਂਸਕੀ ਨੇ ਕਿਹਾ, ਉਹ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ ਜੋ ਗੋਡਿਆਂ ਭਾਰ ਹੋ ਕੇ ਕੁਝ ਮੰਗਦਾ ਹੈ। ਯੂਰਪ ਨੂੰ ਸੋਵੀਅਤ ਯੂਨੀਅਨ ਤੋਂ ਬਚਾਉਣ ਲਈ ਸ਼ੀਤ ਯੁੱਧ ਦੀ ਸ਼ੁਰੂਆਤ ਵਿਚ ਨਾਟੋ ਗਠਜੋੜ ਦੀ ਸਥਾਪਨਾ ਕੀਤੀ ਗਈ ਸੀ
Russian President Vladimir Putin
ਰੂਸ ਨਾਟੋ ਦੇ ਵਿਸਥਾਰ ਨੂੰ ਆਪਣੇ ਲਈ ਖ਼ਤਰੇ ਵਜੋਂ ਦੇਖਦਾ ਹੈ। ਉਸ ਨੂੰ ਚਿੰਤਾ ਹੈ ਕਿ ਨਵੇਂ ਪੱਛਮੀ ਮੈਂਬਰ ਨਾਟੋ ਬਲਾਂ ਨੂੰ ਉਸ ਦੀ ਸਰਹੱਦ ਦੇ ਬਹੁਤ ਨੇੜੇ ਧੱਕ ਦੇਣਗੇ। ਇਹੀ ਕਾਰਨ ਹੈ ਕਿ ਉਹ ਯੂਕਰੇਨ ਦੇ ਨਾਟੋ ਗਠਜੋੜ ਵਿਚ ਸ਼ਾਮਲ ਹੋਣ ਦਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ। ਯੂਕਰੇਨ 'ਤੇ ਹਮਲੇ ਦਾ ਹੁਕਮ ਦੇਣ ਤੋਂ ਠੀਕ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਰੂਸੀ ਸਮਰਥਿਤ ਵੱਖਵਾਦੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ "ਗਣਤੰਤਰ" ਵਜੋਂ ਮਾਨਤਾ ਦਿੱਤੀ ਸੀ। ਪੁਤਿਨ ਹੁਣ ਚਾਹੁੰਦੇ ਹਨ ਕਿ ਯੂਕਰੇਨ ਇਹਨਾਂ ਖੇਤਰਾਂ ਨੂੰ ਪ੍ਰਭੂਸੱਤਾ ਸੰਪੰਨ ਅਤੇ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਵੇ। ਜ਼ੇਲੇਂਸਕੀ ਤੋਂ ਜਦੋਂ ਰੂਸ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਗੱਲ ਕਰਨ ਲਈ ਤਿਆਰ ਹਨ। ਉਹਨਾਂ ਕਿਹਾ, "ਮੈਂ ਸੁਰੱਖਿਆ ਗਾਰੰਟੀ ਬਾਰੇ ਗੱਲ ਕਰ ਰਿਹਾ ਹਾਂ" ।