
ਮੁਰਤਜ਼ਾ ਨੇ 10 ਸਾਲ ਦੀ ਉਮਰ 'ਚ 30 ਬੱਚਿਆਂ ਨਾਲ ਸਰਕਾਰ ਵਿਰੁੱਧ ਸਾਈਕਲ ਰੈਲੀ ਕੱਢੀ ਸੀ
ਰਿਆਦ : ਸਾਊਦੀ ਅਰਬ 'ਚ 13 ਸਾਲ ਦੀ ਉਮਰ ਵਿਚ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ਼ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਲੜਕੇ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ, ਅਤਿਵਾਦੀ ਸੰਗਠਨ ਨਾਲ ਜੁੜਨ ਅਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਿਊਮਨ ਰਾਈਟਸ ਐਕਸਪਰਟ ਮੁਤਾਬਕ ਫਿਲਹਾਲ 18 ਸਾਲ ਦੇ ਹੋਏ ਮੁਰਤਜ਼ਾ ਕੁਰੇਸਿਸ ਨੂੰ ਫਾਂਸੀ ਦਿੱਤੇ ਜਾਣ ਦੀ ਸੰਭਾਵਨਾ ਹੈ।
Saudi Arabia
ਜ਼ਿਕਰਯੋਗ ਹੈ ਕਿ ਮੁਰਤਜ਼ਾ ਨੇ 10 ਸਾਲ ਦੀ ਉਮਰ 'ਚ 30 ਬੱਚਿਆਂ ਨਾਲ ਸਰਕਾਰ ਵਿਰੁੱਧ ਸਾਈਕਲ ਰੈਲੀ ਕੱਢੀ ਸੀ। ਇਹ ਉਹ ਸਮਾਂ ਸੀ ਜਦੋਂ ਅਰਬ ਸਪਰਿੰਗ ਆਪਣੇ ਸਿਖਰ 'ਤੇ ਸੀ। ਉਹ ਸਾਈਕਲ 'ਤੇ ਬੈਠ ਕੇ ਬੋਲ ਰਿਹਾ ਸੀ, "ਲੋਕ ਮਨੁੱਖੀ ਅਧਿਕਾਰਾਂ ਦੀ ਮੰਗ ਕਰ ਰਹੇ ਹਨ।" ਇਸ ਘਟਨਾ ਦੇ ਤਿੰਨ ਸਾਲ ਬਾਅਦ ਮੁਰਤਜ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਬਹਿਰੀਨ ਵੱਲ ਜਾ ਰਿਹਾ ਸੀ। ਉਸ ਨੂੰ ਸਾਊਦੀ ਸੀਮਾ 'ਤੇ ਹਿਰਾਸਤ ਵਿਚ ਲੈ ਲਿਆ ਗਿਆ। ਉਸ ਸਮੇਂ ਮੁਰਤਜ਼ਾ ਦੇ ਵਕੀਲਾਂ ਅਤੇ ਕਾਰਕੁੰਨਾਂ ਨੇ ਸਾਊਦੀ ਦੀ ਜੇਲ ਵਿਚ ਕੈਦ ਉਸ ਨੂੰ ਨੌਜਵਾਨ ਸਿਆਸੀ ਕੈਦੀ ਦੱਸਿਆ ਸੀ। ਹੁਣ ਮੁਰਤਜ਼ਾ 18 ਸਾਲ ਦਾ ਹੋ ਚੁੱਕਾ ਹੈ। ਸਾਊਦੀ ਅਰਬ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
Murtaja Qureiris
ਅਧਿਕਾਰ ਸਮੂਹ ਰਿਪ੍ਰਾਈਵ ਮੁਤਾਬਕ ਅਪ੍ਰੈਲ ਮਹੀਨੇ ਵਿਚ ਸਾਊਦੀ ਨੇ ਇਹ ਐਲਾਨ ਕੀਤਾ ਸੀ ਕਿ ਉਸ ਨੇ 37 ਲੋਕਾਂ ਨੂੰ ਮਾਰਿਆ ਹੈ, ਜਿਨ੍ਹਾਂ ਵਿਚ ਜ਼ਿਆਦਾਤਾਰ ਸ਼ੀਆ ਭਾਈਚਾਰੇ ਦੇ ਸਨ। ਵਰਤਮਾਨ 'ਚ ਸਾਊਦੀ ਦੁਨੀਆ ਵਿਚ ਸਭ ਤੋਂ ਵੱਧ ਫਾਂਸੀ ਦੇਣ ਵਾਲਾ ਦੇਸ਼ ਬਣ ਗਿਆ ਹੈ। ਇੱਥੇ ਉਨ੍ਹਾਂ ਕੈਦੀਆਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਨਾਬਾਲਗ ਰਹਿੰਦਿਆਂ ਸਬੰਧਤ ਅਪਰਾਧ ਕੀਤਾ ਹੈ।