
ਭਾਰਤ-ਚੀਨ ਦੀ ਸਰਹੱਦੀ ਖਹਿਬਾਜ਼ੀ ਨੇ ਇਕ ਅਨੋਖਾ ਮੋੜ ਲੈ ਲਿਆ ਹੈ।
ਭਾਰਤ-ਚੀਨ ਦੀ ਸਰਹੱਦੀ ਖਹਿਬਾਜ਼ੀ ਨੇ ਇਕ ਅਨੋਖਾ ਮੋੜ ਲੈ ਲਿਆ ਹੈ। ਭਾਰਤ ਜੋ ਲੰਮੇ ਸਮੇਂ ਤੋਂ ਅਪਣੀ ਲੁੱਟੀ ਹੋਈ ਜ਼ਮੀਨ ਵਾਪਸ ਲੈਣਾ ਅਤੇ ਅਪਣੇ ਸ਼ਹੀਦਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ, ਅੱਜ ਉਸ ਭਾਰਤ ਨੇ ਚੀਨੀ ਉਦਯੋਗ ਉਤੇ ਪਹਿਲੀ ਸੱਟ ਮਾਰ ਕੇ ਅਪਣੀ ਤਾਕਤ ਵਿਖਾ ਦਿਤੀ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿਚ ਵੇਖਿਆ ਗਿਆ ਹੈ ਕਿ ਚੀਨ ਨੇ ਕੁੱਝ ਹਿੱਸਾ ਜਿਸ ਨੂੰ ਲਦਾਖ਼ ਦਾ ਪੈਨਗੈਂਗ ਫ਼ਿੰਗਰ 4 ਅਤੇ ਫ਼ਿੰਗਰ 5 ਆਖਿਆ ਜਾਂਦਾ ਹੈ ਅਤੇ ਜਿਸ ਉਤੇ ਇਸ ਜੰਗ ਤੋਂ ਪਹਿਲਾਂ ਭਾਰਤੀ ਸੈਨਾ ਨੂੰ ਪਹਿਰਾ ਦੇਣ ਦੀ ਖੁਲ੍ਹ ਹੁੰਦੀ ਸੀ, ਅੱਜ ਉਥੇ ਨਾ ਸਿਰਫ਼ ਚੀਨ ਦਾ ਕਬਜ਼ਾ ਹੈ ਬਲਕਿ ਘੰਟਿਆਂ ਵਿਚ ਬਣੇ-ਬਣਾਏ ਘਰ ਉਸ ਥਾਂ 'ਤੇ ਖੜੇ ਕਰ ਦਿਤੇ ਗਏ ਹਨ।
India and China
ਇਹੀ ਨਹੀਂ, ਉਨ੍ਹਾਂ ਇਸ ਵਿਵਾਦ ਵਾਲੀ ਥਾਂ 'ਤੇ ਵੱਡਾ ਮੇਨ ਡਰੋਨ ਨਿਸ਼ਾਨ ਤੇ ਚੀਨੀ ਝੰਡਾ ਜ਼ਮੀਨ ਵਿਚ ਗੱਡ ਦਿਤਾ ਹੈ। ਹੁਣ ਇਕ ਪਾਸੇ ਭਾਰਤ ਨਾਲ ਵਿਖਾਵੇ ਲਈ ਗੱਲਬਾਤ ਚਲ ਰਹੀ ਹੈ ਅਤੇ ਦੂਜੇ ਪਾਸੇ ਅਪਣਾ ਕਬਜ਼ਾ ਦੁਨੀਆਂ ਨੂੰ ਵਿਖਾਇਆ ਜਾ ਰਿਹਾ ਹੈ। ਚੀਨ ਦੀ ਇਸ ਦੋਹਰੀ ਚਾਲ ਪਿਛੇ ਨਿਸ਼ਾਨਾ ਭਾਰਤ ਹੀ ਹੈ। ਕੀ ਅਜੇ ਵੀ ਇਹ ਤਾਕਤ ਅਮਰੀਕਾ ਨੂੰ ਵਿਖਾਈ ਜਾਣ ਦਾ ਦਾਅਵਾ ਕੀਤਾ ਜਾਏਗਾ?
India china border
ਭਾਰਤ ਅੱਜ ਇਸ ਭੰਬਲਭੂਸੇ ਵਿਚ ਫਸਿਆ ਹੋਇਆ ਹੈ ਕਿ ਸਰਕਾਰ ਵਲੋਂ ਚੀਨ ਉਤੇ ਵਾਰ ਕਰਨ ਦਾ ਮਕਸਦ ਕੀ ਹੈ? ਇਕ ਪੱਖ ਇਹ ਹੈ ਕਿ ਇਨ੍ਹਾਂ ਉਦਯੋਗਾਂ ਦੇ ਦਫ਼ਤਰ ਭਾਰਤ ਵਿਚ ਹਨ ਤਾਂ ਫਿਰ ਜਦ ਬੰਦ ਹੋ ਜਾਣਗੇ ਤਾਂ ਨੌਕਰੀਆਂ ਤਾਂ ਭਾਰਤੀਆਂ ਦੀਆਂ ਹੀ ਜਾਣਗੀਆਂ। ਟਿਕ-ਟਾਕ ਸਿਰਫ਼ ਇਕ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਇਕ ਕਮਾਈ ਦਾ ਸਾਧਨ ਵੀ ਬਣ ਚੁਕਾ ਸੀ। ਇਕ ਹਲਕੇ ਦਾ ਦੋਸ਼ ਇਹ ਵੀ ਹੈ ਕਿ ਟਿਕ ਟਾਕ ਨੇ ਭਾਰਤੀ ਸਭਿਆਚਾਰ 'ਤੇ ਹਮਲਾ ਕੀਤਾ ਹੈ ਅਤੇ ਉਸ ਨੂੰ ਕਮਜ਼ੋਰ ਕੀਤਾ ਹੈ।
Xi Jinpingਅਸਲੀਅਤ ਇਹ ਹੈ ਕਿ ਟਿਕ-ਟਾਕ ਨੇ ਭਾਰਤੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਸਭਿਆਚਾਰ ਵਿਚ ਬਦਲਾਅ ਲਿਆਂਦਾ ਹੈ। ਜਿਹੜਾ ਬੰਦਾ ਬਾਥਰੂਮ ਵਿਚ ਗੁਣਗੁਣਾ ਕੇ ਚੁੱਪ ਹੋ ਜਾਇਆ ਕਰਦਾ ਸੀ, ਹੁਣ ਟਿਕ-ਟਾਕ ਸਦਕਾ ਅਪਣੇ ਦਿਲ ਦੀ ਗੱਲ ਨੂੰ ਦੁਨੀਆਂ ਸਾਹਮਣੇ ਲਿਆ ਰਖਦਾ ਹੈ ਤੇ ਕਈ ਵਾਰ ਇਨ੍ਹਾਂ ਵੀਡੀਉਜ਼ ਨੂੰ ਵੇਖ ਕੇ ਦਰਦ ਵੀ ਹੁੰਦਾ ਹੈ ਪਰ ਇਕ ਹੋਰ ਅਸਲੀਅਤ ਇਹ ਵੀ ਹੈ ਕਿ ਇਸ ਟਿਕ ਟਾਕ ਰਾਹੀਂ ਇਹ ਲੋਕ ਕਮਾਈ ਵੀ ਕਰ ਰਹੇ ਸਨ। ਇਹ ਇਸ਼ਤਿਹਾਰਾਂ ਦਾ ਇਕ ਹੋਰ ਜ਼ਰੀਆ ਬਣ ਚੁੱਕਾ ਸੀ।
Applications
ਸਿਰਫ਼ ਪਿਨ ਕਾਰਡ ਫ਼ੰਡ ਵਿਚ ਹੀ ਟਿਕ ਟਾਕ ਨਾਲ ਪੈਸਾ ਨਹੀਂ ਆਇਆ ਬਲਕਿ ਲੱਖਾਂ ਆਮ ਭਾਰਤੀਆਂ ਨੂੰ ਵੀ ਕਮਾਈ ਹੋਈ ਤੇ ਇਹ ਕਮਾਈ ਇਸ ਲਈ ਵੀ ਪਸੰਦ ਕੀਤੀ ਗਈ ਕਿ ਇਹ ਭਾਰੀ ਮੰਦੇ ਦੇ ਦਿਨਾਂ ਵਿਚ ਵੀ ਮਿਲ ਰਹੀ ਸੀ। ਇਸੇ ਤਰ੍ਹਾਂ ਬਾਕੀ ਚੀਨੀ ਐਪਸ ਨੇ ਵੀ ਭਾਰਤੀਆਂ ਦੀ ਕਮਾਈ ਵਿਚ ਵਾਧਾ ਕੀਤਾ। ਵੁਈ ਚੈਟ ਰਾਹੀਂ ਭਾਰਤੀ ਤੇ ਚੀਨੀ ਉਦਯੋਗ ਜੁੜਿਆ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਅਪਣੇ ਹੀ ਪੈਰ 'ਤੇ ਕੁਹਾੜੀ ਮਾਰ ਲਈ ਹੈ।
Tiktok
ਇਥੇ ਇਹ ਸਮਝਣਾ ਪਵੇਗਾ ਕਿ ਭਾਰਤ ਦੀ ਤਾਕਤ ਕੀ ਹੈ? ਭਾਰਤ ਕੋਲ ਇਕ ਵਿਸ਼ਾਲ ਆਬਾਦੀ ਹੈ ਪਰ ਉਧਰ ਉਸ ਦੇ ਸਾਹਮਣੇ ਚੀਨ ਕੋਲ ਵੀ ਸਾਡੇ ਨਾਲੋਂ ਥੋੜੀ ਵੱਡੀ ਆਬਾਦੀ ਦੀ ਫ਼ਸਲ ਹੈ। ਅੱਜ ਸਾਡੇ ਸਿਆਸਤਦਾਨ ਭਾਵੇਂ ਮੰਚਾਂ ਤੋਂ ਬੜੇ ਦਹਾੜ ਰਹੇ ਹਨ ਕਿ ਭਾਰਤ ਨੇ ਬਦਲਾ ਲੈ ਲਿਆ ਹੈ ਤੇ ਚੀਨ ਨੂੰ ਮਜ਼ਾ ਚਖਾ ਦਿਤਾ ਹੈ ਪਰ ਅਸਲੀਅਤ ਇਹ ਹੈ ਕਿ 59 ਐਪਸ ਉਤੇ ਪਾਬੰਦੀ ਲਾ ਕੇ ਭਾਰਤ ਨੇ ਸਿਰਫ਼ ਅਪਣੀ ਤਾਕਤ ਦੀ ਵਰਤੋਂ ਕਰਨ ਦੀ ਪਹਿਲ ਹੀ ਕੀਤੀ ਹੈ। ਭਾਰਤ ਕੋਲ ਚੀਨ ਨੂੰ ਚੋਭ ਦੇਣ ਲਈ ਇਕ ਸ਼ਸਤਰ ਹੈ ਜਿਸ ਨਾਲ ਉਹ ਚੀਨ 'ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ।
Xi Jinping with Narendra Modi
ਭਾਰਤ ਸਰਕਾਰ ਇਸ ਸਮੇਂ ਸਰਹੱਦ 'ਤੇ ਜੰਗ ਅਤੇ ਗੱਲਬਾਤ ਵਿਚ ਕੁੱਝ ਤਾਕਤ ਵਿਖਾਉਣਾ ਚਾਹੁੰਦੀ ਹੈ ਤੇ ਹੁਣ ਉਹ ਚੀਨੀ ਸਰਕਾਰ ਦੇ ਨਾਲ ਨਾਲ ਚੀਨੀ ਉਦਯੋਗ ਉਤੇ ਵੀ ਦਬਾਅ ਵੀ ਪਾਉਣਾ ਚਾਹੁੰਦੀ ਹੈ। ਅੱਜ ਭਾਵੇਂ ਚੀਨੀ ਉਦਯੋਗਪਤੀਆਂ ਕੋਲੋਂ ਭਾਰਤ ਕੁੱਝ ਕਮਾਈ ਕਰ ਰਿਹਾ ਹੋਵੇਗਾ ਪਰ ਮੁਕਾਬਲੇ ਵਿਚ ਚੀਨੀ ਉਦਯੋਗਪਤੀ ਸੈਂਕੜੇ ਗੁਣਾ ਵਾਧੂ ਕਮਾਈ ਕਰ ਰਿਹਾ ਹੋਵੇਗਾ। ਸੋ ਇਸ ਪਾਬੰਦੀ ਨੂੰ ਅਪਣੇ ਭਾਰਤ ਦੀ ਸੁਰੱਖਿਆ ਖ਼ਾਤਰ ਜ਼ਰੂਰੀ ਸਮਝ ਕੇ ਕਬੂਲਣਾ ਹੀ ਸਮੇਂ ਦੀ ਜ਼ਰੂਰਤ ਹੈ ਤੇ ਜੇ ਫ਼ੌਜੀਆਂ ਦੀਆਂ ਸ਼ਹਾਦਤਾਂ ਕੁੱਝ ਐਪਾਂ ਦੀ ਕੁਰਾਬਨੀ ਸਦਕਾ ਬਚਦੀਆਂ ਹਨ ਤਾਂ ਇਹ ਕੋਈ ਵੱਡੀ ਕੁਰਬਾਨੀ ਨਹੀਂ ਸਮਝੀ ਜਾਣੀ ਚਾਹੀਦੀ। - ਨਿਮਰਤ ਕੌਰ