ਸਿਆਸੀ ਲੜਾਈਆਂ ਤਾਂ ਚਲਦੀਆਂ ਰਹਿਣਗੀਆਂ ਪਰ ਟਾਟਾ, ਅੰਬਾਨੀ ਜਾਂ ਅਡਾਨੀ ਨੂੰ, ਉਸ ਦਾ ਨਿਸ਼ਾਨਾ ਬਣਾਏ ਬਿਨਾਂ ਗੱਲ ਸਾਡੀਆਂ ਭਾਰਤੀ ਸੰਸਥਾਵਾਂ ਦੇ ਵਿਕਾਸ ਦੀ ਹੋਣੀ ਚਾਹੀਦੀ ਹੈ
Editorial: ਆਖ਼ਰਕਾਰ ਸੁਪ੍ਰੀਮ ਕੋਰਟ ਨੇ ਅਪਣਾ ਫ਼ੈਸਲਾ ਸੁਣਾ ਦਿਤਾ ਹੈ ਤੇ ਉਨ੍ਹਾਂ ਨੇ ਭਾਰਤੀ ਸੰਸਥਾਵਾਂ ਦਾ ਮਾਣ, ਅਮਰੀਕੀ ਸਨਸਨੀਖੇਜ਼ ਕੰਪਨੀ ਤੋਂ ਉਤੇ ਰਖਿਆ ਹੈ। ਵੈਸੇ ਤਾਂ ਅਮਰੀਕਾ ਨੇ ਆਪ ਵੀ ਅਪਣੇ ਦੇਸ਼ ਦੀ ਹਿੰਡਨਬਰਗ ਸੰਸਥਾ ਦੇ ਇਲਜ਼ਾਮਾਂ ਵਲ ਤਵੱਜੋ ਨਾ ਦੇਂਦੇ ਹੋਏ, ਭਾਰਤ ਨੂੰ 553 ਮਿਲੀਅਨ ਡਾਲਰ ਦਾ ਕਰਜ਼ਾ ਦੇ ਕੇ ਅਪਣਾ ਪੱਖ ਸਾਫ਼ ਕਰ ਦਿਤਾ ਸੀ। ਅਦਾਲਤ ਨੇ ਅਡਾਨੀ ਦੀ ਕੰਪਨੀ ਦੀ ਜ਼ਿੰਮੇਵਾਰੀ ਤੈਅ ਕਰਨ ਦਾ ਕੰਮ ਸੇਬੀ ਉਤੇ ਛਡਦਿਆਂ, ਭਾਰਤੀ ਇਨਵੈਸਟਰਜ਼ ਵਾਸਤੇ ਕੇਂਦਰ ਸਰਕਾਰ ਨੂੰ ਹਿੰਡਨਬਰਗ ਬਾਰੇ ਜਾਂਚ ਕਰਨ ਲਈ ਆਖਿਆ ਹੈ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਹਿੰਡਨਬਰਗ ਦੇ ਇਲਜ਼ਾਮਾਂ ਕਾਰਨ ਕੀ ਭਾਰਤੀ ਨਿਵੇਸ਼ਕਾਂ ਨੂੰ ਨੁਕਸਾਨ ਤਾਂ ਨਹੀਂ ਹੋਇਆ?
ਵਿਰੋਧੀ ਧਿਰ ਨੇ ਅਡਾਨੀ ਨੂੰ ਅਪਣਾ ਨਿਸ਼ਾਨਾ ਬਣਾ ਕੇ ਪਿਛਲਾ ਸੈਸ਼ਨ ਹੀ ਨਹੀਂ ਚਲਣ ਦਿਤਾ ਸੀ ਪਰ ਇਸ ਫ਼ੈਸਲੇ ਵਿਚ ਅਦਾਲਤ ਨੇ ਉਨ੍ਹਾਂ ਦੇ ਇਲਜ਼ਾਮਾਂ ’ਚੋਂ ਹਵਾ ਹੀ ਕੱਢ ਦਿਤੀ ਹੈ। ਠੀਕ ਇਸੇ ਤਰ੍ਹਾਂ HAL ਤੇ ਰਫ਼ਾਇਲ ਦੇ ਮਾਮਲੇ ਵਿਚ ਇਲਜ਼ਾਮ ਲੱਗੇੇ ਸਨ ਪਰ ਅਦਾਲਤ ਵਿਚ ਸਾਬਤ ਕੁੱਝ ਨਹੀਂ ਸੀ ਹੋ ਸਕਿਆ।
ਅਮਰੀਕਾ ਦੇ ਇਕ ਨਾਮੀ ਅਰਥ ਸ਼ਾਸਤਰੀ ਨੇ ਹਿੰਡਨਬਰਗ ਦੀ ਰੀਪੋਰਟ ’ਤੇ ਟਿਪਣੀ ਕਰਦੇ ਹੋਏ ਆਖਿਆ ਹੈ ਕਿ ਇਸ ਕੰਪਨੀ ਵਲੋਂ ਕੋਈ ਵੱਡਾ ਡਾਕਾ ਨਹੀਂ ਮਾਰਿਆ ਜਾ ਰਿਹਾ ਪਰ ਇਹ ਅੱਜ ਤਕ ਕਰਜ਼ੇ ’ਤੇ ਨਿਰਭਰ ਕੰਪਨੀ ਜ਼ਰੂਰ ਰਹੀ ਹੈ ਤੇ ਇਸ ਦੇ ਕਰਜ਼ੇ ਨੂੰ ਘਟਾਉਣਾ ਜ਼ਰੂਰੀ ਹੈ।
ਪਰ ਇਹ ਤਾਂ ਭਾਰਤ ਦੇ ਆਰਥਕ ਮਾਹਰਾਂ ਦੀ ਸੱਭ ਤੋਂ ਵੱਡੀ ਕਮਜ਼ੋਰੀ ਰਹੀ ਹੈ ਕਿ ਵਪਾਰ ਤੇ ਉਦਯੋਗ ਨੂੰ ਕਰਜ਼ਾ ਆਰਾਮ ਨਾਲ ਮਿਲਦਾ ਰਿਹਾ ਹੈ ਤੇ ਵਾਪਸ ਨਾ ਕਰਨ ਤੇ ਕਰਜ਼ਾ ਆਰਾਮ ਨਾਲ ਸਰਕਾਰਾਂ ਵਲੋਂ ਮੁਆਫ਼ ਵੀ ਕਰ ਦਿਤਾ ਜਾਂਦਾ ਰਿਹਾ ਹੈ। ਅੱਜ ਭਾਜਪਾ ਦਾ ਸਾਰਾ ਜ਼ੋਰ ਜੇ ਅਡਾਨੀ ਸੰਗਠਨ ਦੇ ਪਿੱਛੇ ਲੱਗ ਰਿਹਾ ਹੈ ਤਾਂ ਕਦੇ ਕਾਂਗਰਸ ਦਾ ਜ਼ੋਰ ਉਨ੍ਹਾਂ ਦੇ ਅਪਣੇ ਕਰੀਬੀ ਸੰਗਠਨਾਂ ਪਿਛੇ ਕੰਮ ਕਰਦਾ ਦਿਸਦਾ ਸੀ। ਗੌਤਮ ਅਡਾਨੀ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਆਖਿਆ ‘ਸਤਯਮੇਵ ਜੈਯਤੇ’ ਪਰ ਅਸਲ ਵਿਚ ਸੱਚ ਤਾਂ ਸਿਰਫ਼ ਇਕ ਹੈ ਤੇ ਉਦਯੋਗਿਕ ਕਾਰੋਬਾਰ ਦਾ ਸੱਚ ਤਾਂ ਸਮੇਂ ਦੀਆਂ ਹਕੂਮਤਾਂ ਹੀ ਤਹਿ ਕਰਦੀਆਂ ਹਨ।
ਇਹ ਸਮਾਂ ਇਸ ਸਰਕਾਰ ਤੇ ਉਨ੍ਹਾਂ ਦੇ ਚੁਣੇ ਉਦਯੋਗਪਤੀਆਂ ਦੀ ਜਿੱਤ ਦਾ ਵਕਤ ਹੈ। ਸੁਪ੍ਰੀਮ ਕੋਰਟ ਦੇ ਫ਼ੈਸਲੇ ਦਾ ਫ਼ਾਇਦਾ ਅਡਾਨੀ ਸੰਗਠਨ ਨੂੰ ਤੁਰਤ ਮਿਲਿਆ ਕਿ ਉਹ ਇਕ ਦਿਨ ਵਿਚ ਹੀ ਪਹਿਲੀ ਵਾਰ ਭਾਰਤ ਦਾ ਸੱਭ ਤੋਂ ਅਮੀਰ ਸ਼ਖ਼ਸ ਬਣ ਗਿਆ। ਅੰਬਾਨੀ ਨੂੰ ਪਿੱਛੇ ਛੱਡ ਅਡਾਨੀ ਹੀ ਅਡਾਨੀ ਦਾ ਨਾਮ ਪੈਸੇ ਦੇ ਜਗਤ ਵਿਚ ਗੂੰਜ ਰਿਹਾ ਹੈ ਤੇ ਇਸ ਖ਼ੁਸ਼ੀ ਵਿਚ ਉਨ੍ਹਾਂ ਨੇ ਦੁਨੀਆਂ ਦੇ ਸੱਭ ਤੋਂ ਵੱਡੇ ਸਲੱਮ (ਗੰਦੀ ਬਸਤੀ) ਵਿਚ ਬਦਲਾਅ ਤੇ ਵਿਕਾਸ ਦਾ ਕਾਰਜ ਸ਼ੁਰੂ ਕਰ ਦਿਤਾ ਹੈ।
ਧਾਰਵੀ, ਜਿਸ ਵਿਚ ਮੁੰਬਈ ਦੀ ਦਿਲ ਨੂੰ ਧੜਕਦੇ ਰੱਖਣ ਵਾਲਾ ਇਕ ਹਿੱਸਾ ਰਹਿੰਦਾ ਹੈ, ਅਡਾਨੀ ਸੰਗਠਨ ਨੂੰ ਉਸ ਦਾ ਕਾਇਆ ਕਲਪ ਕਰਨ ਦਾ ਕੰਮ ਦੇ ਦਿਤਾ ਗਿਆ ਹੈ। ਜਿਸ ਸੰਗਠਨ ਨੇ ਭਾਰਤ ਦੇ ਏਅਰਪੋਰਟ ਐਸੇ ਬਦਲੇ ਕਿ ਜਿਥੇ ਚੱਪਲ ਵਾਲਿਆਂ ਨੇ ਜਹਾਜ਼ਾਂ ’ਤੇ ਚੜ੍ਹਨਾ ਸੀ, ਅੱਜ ਉਥੇ ਮੱਧਮ ਵਰਗ ਨੂੰ ਇਕ ਸਮੋਸਾ ਖਾਣ ਤੇ ਵੀ ਜੇਬ ਉਤੇ ਡਾਕਾ ਪੈ ਗਿਆ ਮਹਿਸੂਸ ਹੁੰਦਾ ਹੈ। ਨਵਾਂ ਦੌਰ ਹੈ, ਨਵੇਂ ਉਦਯੋਗਪਤੀ ਹਨ ਪਰ ਐਨੀ ਕਾਹਲੀ ਵਿਚ ਉਚਾਈਆਂ ਛੂਹ ਲੈਣ ਦੀ ਦੀ ਕਹਾਣੀ, ਆਉਣ ਵਾਲੇ ਸਮੇਂ ਵਿਚ ਸਿਰਫ਼ ਮੁੱਠੀ ਭਰ ਲੋਕਾਂ ਦਾ ਦੌਰ ਹੀ ਨਾ ਬਣ ਕੇ ਰਹਿ ਜਾਵੇ।
ਸਿਆਸੀ ਲੜਾਈਆਂ ਤਾਂ ਚਲਦੀਆਂ ਰਹਿਣਗੀਆਂ ਪਰ ਟਾਟਾ, ਅੰਬਾਨੀ ਜਾਂ ਅਡਾਨੀ ਨੂੰ, ਉਸ ਦਾ ਨਿਸ਼ਾਨਾ ਬਣਾਏ ਬਿਨਾਂ ਗੱਲ ਸਾਡੀਆਂ ਭਾਰਤੀ ਸੰਸਥਾਵਾਂ ਦੇ ਵਿਕਾਸ ਦੀ ਹੋਣੀ ਚਾਹੀਦੀ ਹੈ। ਇਹ ਫ਼ੈਸਲਾ ਸ਼ਾਇਦ ਜੱਜਾਂ ਨੇ ਸਮੇਂ ਦੀ ਆਵਾਜ਼ ਮੁਤਾਬਕ ਲਿਆ ਹੈ ਪਰ ਅੱਜ ਇਕ ਬਹੁਤ ਵੱਡਾ ਵਰਗ ਹੈ ਜੋ ਇਸ ਨਾਲ ਸਹਿਮਤੀ ਨਹੀਂ ਰਖਦਾ ਤੇ ਇਹ ਵਰਗ ਜੇ ਅਪਣਾ ਵਿਸ਼ਵਾਸ ਗਵਾ ਲੈਂਦਾ ਰਿਹਾ ਤਾਂ ਇਹ ਭਾਰਤ ਦੇ ਵਿਕਾਸ ਵਾਸਤੇ ਸਹੀ ਨਹੀਂ ਹੋਵੇਗਾ।
- ਨਿਮਰਤ ਕੌਰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।