
ਦਿੱਲੀ ਦੰਗਿਆਂ ਵਿਚ 54 ਜਾਨਾਂ ਗਈਆਂ ਅਤੇ ਗ੍ਰਹਿ ਮੰਤਰੀ ਨੇ ਸੰਸਦ ਵਿਚ ਆਖਿਆ ਹੈ ਕਿ ਮਰਨ ਵਾਲੇ ਕਿਸ ਧਰਮ ਨਾਲ ਸਬੰਧ ਰਖਦੇ ਸਨ, ਇਸ ਬਾਰੇ ਦੱਸਣ ਦੀ ਲੋੜ ਨਹੀਂ
ਦਿੱਲੀ ਦੰਗਿਆਂ ਵਿਚ 54 ਜਾਨਾਂ ਗਈਆਂ ਅਤੇ ਗ੍ਰਹਿ ਮੰਤਰੀ ਨੇ ਸੰਸਦ ਵਿਚ ਆਖਿਆ ਹੈ ਕਿ ਮਰਨ ਵਾਲੇ ਕਿਸ ਧਰਮ ਨਾਲ ਸਬੰਧ ਰਖਦੇ ਸਨ, ਇਸ ਬਾਰੇ ਦੱਸਣ ਦੀ ਲੋੜ ਨਹੀਂ, ਉਹ ਬਸ ਭਾਰਤੀ ਨਾਗਰਿਕ ਸਨ। ਗ੍ਰਹਿ ਮੰਤਰੀ ਅਨੁਸਾਰ, ਪੁਲਿਸ ਜਾਂਚ ਸਮੇਂ ਵੀ ਇਹ ਨਹੀਂ ਵੇਖਿਆ ਗਿਆ ਕਿ ਇਨ੍ਹਾਂ ਮ੍ਰਿਤਕਾਂ ਦਾ ਧਰਮ ਕੀ ਸੀ ਤੇ ਮ੍ਰਿਤਕਾਂ ਦੇ ਕਾਤਲਾਂ ਨੂੰ ਧਰਮ ਨਿਰਪੱਖ ਹੋ ਕੇ ਫੜਿਆ ਜਾ ਰਿਹਾ ਹੈ।
Amit Shah
ਜਿਸ 85 ਸਾਲ ਦੀ ਬਜ਼ੁਰਗ ਮੁਸਲਮਾਨ ਔਰਤ ਨੂੰ ਜ਼ਿੰਦਾ ਸਾੜਿਆ ਗਿਆ ਸੀ, ਉਸ ਦੇ ਗੁਆਂਢ 'ਚ ਰਹਿਣ ਵਾਲੇ ਦੋ ਹਿੰਦੂ ਮੁੰਡੇ ਗ੍ਰਿਫ਼ਤਾਰ ਕੀਤੇ ਗਏ ਹਨ। ਜਿਹੜੇ ਦੋ ਹਿੰਦੂ ਪੁਲਿਸ ਅਫ਼ਸਰ ਮਾਰੇ ਗਏ, ਉਨ੍ਹਾਂ ਦੇ ਕਤਲ ਦੇ ਦੋਸ਼ ਵਿਚ ਮੁਸਲਮਾਨ ਦੰਗਈ ਗ੍ਰਿਫ਼ਤਾਰ ਕੀਤੇ ਗਏ ਹਨ। ਇਕ ਅਫ਼ਸਰ ਦੀ ਮੌਤ ਪੱਥਰਬਾਜ਼ੀ ਕਰ ਕੇ ਹੋਈ ਅਤੇ ਪੁਲਿਸ ਨੇ ਕੈਮਰਾ ਫ਼ੁਟੇਜ ਅਤੇ ਆਧਾਰ ਕਾਰਡ ਵਿਚ ਮੁਹਈਆ ਕਰਵਾਈ ਗਈ ਨਿਜੀ ਜਾਣਕਾਰੀ ਨਾਲ ਇਨ੍ਹਾਂ ਦੀ ਪਛਾਣ ਕੀਤੀ।
Muslim
ਸੋ ਹੁਣ ਸਾਰੇ ਅਪਰਾਧੀ ਹਿਰਾਸਤ ਵਿਚ ਲਏ ਜਾ ਰਹੇ ਹਨ। ਪਰ ਸੰਤੁਸ਼ਟੀ ਨਹੀਂ ਹੈ। ਕਾਰਨ ਇਹੀ ਕਿ ਜਾਣਕਾਰੀ ਸਿਰਫ਼ ਸਰਕਾਰ ਕੋਲ ਹੀ ਨਹੀਂ, ਅੱਜ ਜਾਣਕਾਰੀ ਹਰ ਆਮ ਨਾਗਰਿਕ ਦੇ ਫ਼ੋਨ ਉਤੇ ਉਪਲਬਧ ਹੈ। ਇਸ 'ਚ ਇਕ ਵੀਡੀਉ ਹੈ ਜਿਹੜਾ ਹਰ ਭਾਰਤੀ ਦੇ ਦਿਲ ਨੂੰ ਝੰਜੋੜ ਕੇ ਰੱਖ ਗਿਆ ਹੈ। ਜਦੋਂ ਅੱਧਮਰੀ ਹਾਲਤ ਵਿਚ ਕੁੱਝ ਭਾਰਤੀ ਮੁਸਲਮਾਨ ਜ਼ਮੀਨ ਉਤ ਪਏ ਹੋਏ ਸਨ ਅਤੇ ਦਿੱਲੀ ਪੁਲਿਸ ਵਾਲੇ ਲਾਠੀਆਂ ਮਾਰ-ਮਾਰ ਕੇ ਉਨ੍ਹਾਂ ਤੋਂ 'ਜਨ ਗਨ ਮਨ' ਗਵਾ ਰਹੇ ਸਨ
File Photo
ਤਾਂ ਇਨ੍ਹਾਂ ਅੱਧਮਰੇ ਭਾਰਤੀ ਮੁਸਲਮਾਨਾਂ ਨੂੰ ਫਿਰ ਜੇਲ ਵਿਚ ਲਿਜਾਇਆ ਗਿਆ। ਇਕ ਨੂੰ ਗੋਲੀ ਵੀ ਲੱਗੀ ਸੀ ਅਤੇ ਉਹ ਦੋ ਦਿਨ ਦਰਦ ਵਿਚ ਮਦਦ ਮੰਗਦਾ ਰਿਹਾ। ਅਖ਼ੀਰ ਵਿਚ ਮਰ ਗਿਆ। ਆਮ ਭਾਰਤੀ ਕੋਲ ਉਹ ਵੀਡੀਉ ਵੀ ਹਨ ਜਿਨ੍ਹਾਂ ਵਿਚ ਪੁਲਿਸ ਦੰਗੇ ਸ਼ੁਰੂ ਕਰਨ ਵਾਲਿਆਂ ਦੀ ਮਦਦ ਕਰ ਰਹੀ ਹੈ, ਉਤਸ਼ਾਹਿਤ ਕਰ ਰਹੀ ਹੈ ਜਾਂ ਹੱਥ ਉਤੇ ਹੱਥ ਰੱਖ ਕੇ ਬੈਠੀ ਹੈ।
Amit Shah
ਜੇ ਅੱਜ ਗ੍ਰਹਿ ਮੰਤਰੀ ਨੇ ਪਹਿਲਾਂ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਫੜਿਆ ਹੁੰਦਾ ਤਾਂ ਸ਼ਾਇਦ ਸਰਕਾਰ ਦੀ ਨਿਰਪੱਖਤਾ ਸਮਝ ਵਿਚ ਆ ਜਾਂਦੀ। ਅੱਜ ਨਹੀਂ ਸਮਝ ਆ ਰਹੀ। ਗ੍ਰਹਿ ਮੰਤਰੀ ਨੇ ਸੰਸਦ ਵਿਚ ਖੜੇ ਹੋ ਕੇ ਕੁੱਝ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦੀ ਗਿਣਤੀ ਕਰਵਾਈ। ਕੁੱਝ ਅਜਿਹੇ ਟਵਿੱਟਰ ਖਾਤਿਆਂ ਦਾ ਵੇਰਵਾ ਦਿਤਾ ਜੋ ਨਫ਼ਰਤ ਫੈਲਾ ਕੇ ਬੰਦ ਕਰ ਦਿਤੇ ਗਏ ਹਨ
Shaheen Bagh
ਅਤੇ ਗ੍ਰਹਿ ਮੰਤਰੀ ਉਨ੍ਹਾਂ ਨੂੰ ਫੜਨ ਲਈ ਪਾਤਾਲ ਤਕ ਵੀ ਜਾਣ ਲਈ ਤਿਆਰ ਹਨ ਪਰ ਫਿਰ ਉਨ੍ਹਾਂ ਨੇ ਅਪਣੇ ਗਿਰੇਬਾਨ ਵਿਚ ਝਾਤ ਕਿਉਂ ਨਹੀਂ ਮਾਰੀ? ਆਖ਼ਰਕਾਰ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਸ਼ਾਹੀਨ ਬਾਗ਼ ਵਿਚ ਕਰੰਟ ਮਾਰਨ ਦੀ ਗੱਲ ਕੀਤੀ ਤਾਂ ਕੀ ਉਹ ਨਫ਼ਰਤ ਦੀ ਸ਼ੁਰੂਆਤ ਨਹੀਂ ਸੀ? ਉਹ ਪਾਤਾਲ ਤਕ ਜਾਣ ਨੂੰ ਤਿਆਰ ਹਨ ਪਰ ਅਪਣੇ ਪਿੱਛੇ ਬੈਠੇ ਸੰਸਦ ਮੈਂਬਰ ਅਨੁਰਾਗ ਠਾਕੁਰ ਦੇ ਨਫ਼ਰਤ ਦੀ ਅੱਗ ਲਾਉਣ ਵਾਲੇ ਭਾਸ਼ਣ ਨੂੰ ਭੁਲ ਗਏ?
Kapil Mishra
ਪਾਤਾਲ ਵਿਚ ਜਾਣਾ ਗ੍ਰਹਿ ਮੰਤਰੀ ਵਾਸਤੇ ਜ਼ਿਆਦਾ ਆਸਾਨ ਹੈ ਤੇ ਅਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਕਿਰਦਾਰ ਦੀ ਨਿਰਪੱਖ ਜਾਂਚ ਕਰਵਾਉਣਾ ਉਸ ਤੋਂ ਵੀ ਮੁਸ਼ਕਲ ਹੈ? ਗ੍ਰਹਿ ਮੰਤਰੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ 22 ਤਰੀਕ ਨੂੰ ਹੀ ਪਤਾ ਲੱਗ ਗਿਆ ਸੀ ਕਿ ਦੰਗਿਆਂ ਦੀ ਤਿਆਰੀ ਹੋ ਰਹੀ ਹੈ ਅਤੇ ਪੁਲਿਸ ਚੌਕਸ ਸੀ। ਫਿਰ ਵੀ ਉਨ੍ਹਾਂ ਨੇ ਦਿੱਲੀ ਦੇ ਵਿਧਾਇਕ ਕਪਿਲ ਮਿਸ਼ਰਾ ਨੂੰ ਸ਼ਾਹੀਨ ਬਾਗ਼ ਦੇ ਰੋਸਕਰਤਾਵਾਂ ਵਿਰੁਧ ਦਿੱਲੀ ਦੇ ਡੀ.ਸੀ.ਪੀ. ਦੀ ਨਿਗਰਾਨੀ ਹੇਠ ਮਾਰਚ ਕੱਢਣ ਦਿਤਾ।
Jamia Millia Islamia
ਕਪਿਲ ਮਿਸ਼ਰਾ ਨੇ ਨਫ਼ਰਤੀ ਭਾਸ਼ਣ ਡੀ.ਸੀ.ਪੀ. ਨਾਲ ਖੜੇ ਹੋ ਕੇ ਦਿਤਾ ਸੀ ਅਤੇ ਉਸ ਤੋਂ ਬਾਅਦ ਮੁਸਲਮਾਨਾਂ ਉਤੇ ਹਮਲਾ ਸ਼ੁਰੂ ਹੋਇਆ ਸੀ। ਪਰ ਇਸ ਬਾਰੇ ਗ੍ਰਹਿ ਮੰਤਰੀ ਨੇ ਇਕ ਵੀ ਸ਼ਬਦ ਨਾ ਬੋਲਿਆ। ਦਿੱਲੀ ਪੁਲਿਸ ਦੇ ਹੱਕ ਵਿਚ ਬਿਆਨ ਦੇ ਕੇ ਗ੍ਰਹਿ ਮੰਤਰੀ ਨੇ ਇਕ ਸੁਨੇਹਾ ਦੇਸ਼ ਨੂੰ ਦੇ ਦਿਤਾ ਹੈ। ਹੁਣ ਵੇਰਵਾ ਨਿਕਲ ਕੇ ਆਵੇਗਾ ਕਿ ਆਈ.ਐਸ.ਆਈ.ਐਸ. ਨੇ ਪੈਸੇ ਭੇਜ ਕੇ ਜੇ.ਐਨ.ਯੂ, ਜਾਮੀਆ 'ਵਰਸਟੀ ਅਤੇ ਉੱਤਰੀ ਦਿੱਲੀ ਵਿਚ ਦੰਗੇ ਕਰਵਾਏ ਅਤੇ ਦਿੱਲੀ ਪੁਲਿਸ ਹੀਰੋ ਬਣਾਈ ਜਾਵੇਗੀ।
DELHI POLICE
ਦਿੱਲੀ ਪੁਲਿਸ ਦੇ ਹੀਰੋ ਹੋਣ ਦਾ ਮਤਲਬ ਹੈ ਕਿ ਸਾਡੇ ਵਿਦਿਆਰਥੀ ਅਤਿਵਾਦੀ ਹਨ। ਇਕ ਹੋਰ ਸੁਨੇਹਾ ਦੇ ਰਹੀ ਹੈ ਇਹ ਜਾਂਚ। ਜੇ ਤੁਸੀਂ ਦੰਗੇ ਕਰਨ ਵਾਲਿਆਂ, ਦਿੱਲੀ ਪੁਲਿਸ ਸਾਹਮਣੇ ਹਿੰਮਤ ਵਿਖਾਉਂਦੇ ਹੋ ਜਾਂ ਅਪਣਾ ਗੁੱਸਾ ਵਿਖਾਉਂਦੇ ਹੋ ਤਾਂ ਤੁਹਾਨੂੰ ਅਜਿਹੀ ਕਾਲ ਕੋਠੜੀ ਵਿਚ ਸੁੱਟ ਦਿਤਾ ਜਾਵੇਗਾ ਜਿਥੋਂ ਤੁਹਾਡੀ ਆਵਾਜ਼ ਵੀ ਨਹੀਂ ਸੁਣਾਈ ਦੇਵੇਗੀ। ਡੰਡੇ ਵਾਲੇ ਭਾਰਤ ਦੇ ਲੋਕਤੰਤਰ ਉਤੇ ਹਾਵੀ ਹੋ ਚੁੱਕੇ ਹਨ। 'ਧਰਮ ਨਿਰਪੱਖਤਾ ਦੀ ਨਵੀਂ ਪਰਿਭਾਸ਼ਾ' ਮੁਬਾਰਕ ਹੋਵੇ! -ਨਿਮਰਤ ਕੌਰ