
ਇਸੇ ਕਰ ਕੇ ਸਾਡੇ ਸਮਾਜ ਵਿਚ ਛਲ, ਕਪਟ, ਚੋਰੀ ਸਿਰਫ਼ ਆਰਥਕ ਮਸਲਿਆਂ ਵਿਚ ਹੀ ਨਹੀਂ ਬਲਕਿ ਨਿਜੀ ਰਿਸ਼ਤਿਆਂ ਵਿਚ ਵੀ ਹੈ।
ਸੁਪ੍ਰੀਮ ਕੋਰਟ ਵਲੋਂ ਵੀਰਵਾਰ ਨੂੰ ਦੋ ਫ਼ੈਸਲੇ ਲਏ ਗਏ ਜੋ ਇਹ ਇਸ਼ਾਰਾ ਕਰਦੇ ਹਨ ਕਿ ਇਨਸਾਨ ਦੀਆਂ ਨਿਜੀ ਇੱਛਾਵਾਂ ਸਮੂਹਕ ਸਮਾਜਕ ਫ਼ਤਵਿਆਂ ਦੇ ਅਧੀਨ ਹੀ ਪਨਪ ਸਕਦੀਆਂ ਹਨ। ਇਕ ਕੇਸ ਵਿਚ ਇਕ-ਦੋ ਛੋਟੇ ਬੱਚਿਆਂ ਦੀ ਮਾਂ ਅਪਣੀ ਕੁੱਖ ਤੋਂ 26 ਹਫ਼ਤਿਆਂ ਦੇ ਬੱਚੇ ਦੇ ਹਮਲ ਨੂੰ ਡੇਗਣਾ ਚਾਹੁੰਦੀ ਸੀ ਜਦਕਿ ਕਾਨੂੰਨ ਸਿਰਫ਼ 24 ਹਫ਼ਤਿਆਂ ਤਕ ਹਮਲ ਡੇਗਣ ਦੀ ਇਜਾਜ਼ਤ ਦੇਂਦਾ ਹੈ। ਅਜੇ 26 ਹਫ਼ਤਿਆਂ ਦੇ ਭਰੂਣ ਦੀ ਧੜਕਣ ਸ਼ੁਰੂ ਹੀ ਹੋਈ ਸੀ ਤੇ ਜਿਹੜੀ ਔਰਤ ਸਾਲਾਂ ਤੋਂ ਇਸ ਧਰਤੀ ’ਤੇ ਅਪਣਾ ਯੋਗਦਾਨ ਪਾਉਂਦੀ ਆ ਰਹੀ ਹੈ, ਉਸ ਨੂੰ ਅਪਣੇ ਜਿਸਮ ਬਾਰੇ ਫ਼ੈਸਲਾ ਕਰਨ ਦਾ ਹੱਕ ਤਕ ਵੀ ਪ੍ਰਾਪਤ ਨਹੀਂ ਕਿਉਂਕਿ ਔਰਤ ਦਾ ਅਪਣੇ ਜਿਸਮ ’ਤੇ ਕਿੰਨਾ ਕੁ ਹੱਕ ਬਣਦਾ ਹੈ, ਇਸ ਦਾ ਫ਼ੈਸਲਾ ਉਹ ਔਰਤ ਨਹੀਂ, ਸਮਾਜ ਕਰਦਾ ਹੈ।
ਪਰ ਜਦ ਉਹ ਬੱਚਾ ਇਕ ਐਸੀ ਮਾਂ ਦੀ ਕੁੱਖ ਤੋਂ ਜਨਮੇਗਾ ਜੋ ਉਸ ਨੂੰ ਕੁੱਖ ਵਿਚ ਹੀ ਮਾਰ ਦੇਣ ਲਈ ਬਜ਼ਿੱਦ ਸੀ ਤਾਂ ਉਸ ਦਾ ਜੀਵਨ ਕਿਹੋ ਜਿਹਾ ਹੋਵੇਗਾ? ਬਚਪਨ ਵਿਚ ਉਹ ਇਕ ਅਣਚਾਹੀ ਔਲਾਦ ਹੋਣ ਨਾਤੇ ਪਤਾ ਨਹੀਂ ਕੀ ਕੀ ਦੁੱਖ ਸਹਾਰੇਗਾ। ਸ਼ਾਇਦ ਇਹ ਮਾਂ ੳਸ ਨੂੰ ਅਨਾਥ ਆਸ਼ਰਮ ਭੇਜ ਦੇਵੇ ਕਿਉਂਕਿ ਅੱਜ ਵੀ ਉਹ ਇਸ ਬੱਚੇ ਨੂੰ ਚਾਹੁੰਦੀ ਨਹੀਂ ਤੇ ਅਦਾਲਤ ਉਸ ਨੂੰ ਕੁੱਝ ਹੋਰ ਹਫ਼ਤੇ ਅਪਣੇ ਪੇਟ ਵਿਚ ਰੱਖਣ ਵਾਸਤੇ ਮਜਬੂਰ ਕਰ ਰਹੀ ਹੈ ਤਾਕਿ ਜਦ ਉਹ ਅਪਣੀ ਮਾਂ ਦੀ ਕੁੱਖ ਚੋਂ ਸਮੇਂ ਤੋਂ ਪਹਿਲਾਂ ਕਢਿਆ ਜਾਵੇਗਾ ਤਾਂ ਬੱਚੇ ਦੀ ਜਾਨ ਬਚਾਉਣ ਲਈ ਕਿਸੇ ਵੈਂਟੀਲੇਟਰ ਵਿਚ ਕੁੱਝ ਮਹੀਨੇ ਇਕੱਲਾ ਰੱਖ ਦਿਤਾ ਜਾਵੇਗਾ।
ਸਮਾਜਕ ਦਬਾਅ ਹੇਠ ਇਸ ਅਣਜਨਮੇ ਬੱਚੇ-ਬੱਚੀ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸ਼ਾਇਦ ਕੁੱਝ ਦਹਾਕਿਆਂ ਬਾਅਦ ਇਹੀ ਬੱਚਾ ਇਸ ਫ਼ੈਸਲੇ ਵਿਰੁਧ ਅਦਾਲਤ ਨੂੰ ਕਟਹਿਰੇ ਵਿਚ ਖੜਾ ਕਰਨਾ ਚਾਹੇਗਾ ਪਰ ਉਹ ਵੀ ਹਾਰੇਗਾ ਕਿਉਂਕਿ ਸਮਾਜਕ ਇਕਮੁਠਤਾ ਸਾਹਮਣੇ ਨਿਜੀ ਖ਼ੁਸ਼ੀ ਦੀ ਕੋਈ ਅਹਿਮੀਅਤ ਨਹੀਂ ਮੰਨੀ ਜਾਂਦੀ।
ਦੂਜੇ ਕੇਸ ਵਿਚ ਇਕ 89 ਸਾਲ ਦਾ ਮਰਦ ਅਪਣੀ 82 ਸਾਲਾ ਪਤਨੀ ਤੋਂ 29 ਸਾਲਾਂ ਤੋਂ ਤਲਾਕ ਲੈਣ ਦੀ ਲੜਾਈ ਲੜ ਰਿਹਾ ਸੀ। ਹਾਈਕੋਰਟ ਨੇ ਤਲਾਕ ਦੀ ਅਰਜ਼ੀ ਪ੍ਰਵਾਨ ਕਰ ਲਈ ਪਰ ਸੁਪ੍ਰੀਮ ਕੋਰਟ ਨੇ ਇਹ ਕਹਿੰਦੇ ਹੋਏ ਨਕਾਰ ਦਿਤੀ ਕਿ ਵਿਆਹ ਭਾਰਤੀ ਸਮਾਜਕ ਪ੍ਰੰਪਰਾਵਾਂ ਦਾ ਅਟੁੱਟ ਹਿੱਸਾ ਹੈ। ਪਤੀ-ਪਤਨੀ 1984 ਤੋਂ ਅਲੱਗ ਰਹਿ ਰਹੇ ਸਨ ਕਿਉਂਕਿ ਪਤਨੀ ਅਪਣੇ ਫ਼ੌਜੀ ਪਤੀ ਨਾਲ ਵੱਖ ਵੱਖ ਥਾਵਾਂ ’ਤੇ ਨਹੀਂ ਰਹਿਣਾ ਚਾਹੁੰਦੀ ਸੀ।
ਪਹਿਲਾਂ ਅੰਮ੍ਰਿਤਸਰ ਸਹੁਰਿਆਂ ਕੋਲ ਰਹੀ ਤੇ ਫਿਰ ਪੁੱਤਰ ਦੇ ਘਰ। ਏਨੇ ਸਾਲਾਂ ਵਿਚ ਪਤੀ ਨੂੰ ਮਿਲਣ ਵੀ ਨਾ ਗਈ, ਉਸ ਨੂੰ ਦਿਲ ਦਾ ਦੌਰਾ ਪੈਣ ’ਤੇ ਵੀ ਨਹੀਂ। ਹਰ ਕਹਾਣੀ ਦੇ ਕਈ ਪਹਿਲੂ ਹੁੰਦੇ ਹਨ ਪਰ ਬਾਹਰੋਂ ਵੇਖਦਿਆਂ ਇਹ ਜਾਪਦਾ ਹੈ ਕਿ ਪਤਨੀ ਨੂੰ ਅੰਮ੍ਰਿਤਸਰ ਦੀ ਜ਼ਿੰਦਗੀ ਨਾਲ ਜ਼ਿਆਦਾ ਲਗਾਅ ਸੀ ਨਾਕਿ ਅਪਣੇ ਪਤੀ ਨਾਲ। ਪਰ ਅਦਾਲਤ ਐਸੇ ਵਿਆਹ ਨੂੰ ਪਵਿੱਤਰ ਰਿਸ਼ਤਾ ਮੰਨਦੀ ਹੈ ਕਿਉਂਕਿ ਇਹ ਸਮਾਜ ਦਾ ਬਣਾਇਆ ਕਾਨੂੰਨ ਹੈ ਭਾਵੇਂ 37 ਸਾਲਾਂ ਤੋਂ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦਾ ਰਿਸ਼ਤਾ ਹੀ ਨਾ ਰਿਹਾ ਹੋਵੇ। ਇਕ 89 ਸਾਲ ਦਾ ਇਨਸਾਨ ਮੌਤ ਦੇ ਬਹੁਤ ਕਰੀਬ ਹੁੰਦਾ ਹੈ ਤੇ 29 ਸਾਲਾਂ ਤੋਂ ਅਪਣੇ ਆਪ ਨੂੰ ਉਸ ਰਿਸ਼ਤੇ ਤੋਂ ਕਾਨੂੰਨੀ ਆਜ਼ਾਦੀ ਮੰਗਦਾ ਆ ਰਿਹਾ ਹੈ ਕਿਉਂਕਿ ਇਸ ਰਿਸ਼ਤੇ ਵਿਚ ਉਸ ਨੂੰ ਦੁੱਖ ਮਿਲਿਆ ਹੈ। ਪਰ ਇਕ ਵਾਰ ਫਿਰ ਸਮਾਜ ਨੇ ਇਕ ਪੀੜਤ ਮਨੁੱਖ ਦੀ ਨਿਜੀ ਇੱਛਾ ਦੀ ਕੁਰਬਾਨੀ ਦੇ ਦਿਤੀ।
ਜੇ ਇਸ ਔਰਤ ਨੇ ਗ਼ਲਤ ਰਸਤਾ ਅਪਣਾਇਆ ਹੁੰਦਾ ਤੇ ਚੁਪਚਾਪ ਪੈਸੇ ਦੇ ਕੇ ਗਰਭਪਾਤ ਕਰਵਾ ਲੈਂਦੀ ਤਾਂ ਕਿਸੇ ਨੇ ਕੁੱਝ ਨਹੀਂ ਸੀ ਕਹਿਣਾ। ਜੇ ਇਹ ਮਰਦ ਇਕੱਲਾ ਰਹਿ ਕੇ ਕਿਸੇ ਹੋਰ ਨਾਲ ਰਿਸ਼ਤਾ ਜੋੜ ਲੈਂਦਾ ਤਾਂ ਇਸ ਪਤਨੀ ਨੇ ਵੀ ਕੁੱਝ ਨਹੀਂ ਸੀ ਕਹਿਣਾ ਪਰ ਕਾਨੂੰਨ ਦਾ ਦਰਵਾਜ਼ਾ ਨਿਜੀ ਖ਼ੁਸ਼ੀ ਵਾਸਤੇ ਬੰਦ ਹੈ। ਇਸੇ ਕਰ ਕੇ ਸਾਡੇ ਸਮਾਜ ਵਿਚ ਛਲ, ਕਪਟ, ਚੋਰੀ ਸਿਰਫ਼ ਆਰਥਕ ਮਸਲਿਆਂ ਵਿਚ ਹੀ ਨਹੀਂ ਬਲਕਿ ਨਿਜੀ ਰਿਸ਼ਤਿਆਂ ਵਿਚ ਵੀ ਹੈ। ਪਿਆਰ ਵਿਚ ਵੀ ਛਲ ਕਪਟ, ਪਵਿੱਤਰ ਵਿਆਹ ਵਿਚ ਅਪਵਿੱਤਰ ਕੰਮ। ਮਾਂ-ਬਾਪ ਨਾਲ ਬੱਚੇ ਧੋਖਾ ਕਰਦੇ ਹਨ ਤੇ ਕਰਨ ਵੀ ਕਿਉਂ ਨਾ? ਜਦ ਸਾਡਾ ਸਮਾਜ ਅਪਣੀਆਂ ਰੀਤਾਂ ਵਿਚ, ਅਪਣੇ ਕਾਨੂੰਨਾਂ ਵਿਚ ਸੱਚ, ਸਾਫ਼, ਸਹੀ ਅਹਿਸਾਸਾਂ ਨੂੰ ਥਾਂ ਨਹੀਂ ਦਿੰਦਾ ਤਾਂ ਫਿਰ ਨਿਜੀ ਖ਼ੁਸ਼ੀਆਂ, ਗ਼ਲਤ ਤਰੀਕਿਆਂ ਨਾਲ ਹੀ ਪੂਰੀਆਂ ਹੁੰਦੀਆਂ ਹਨ। ਪਛਮੀ ਦੁਨੀਆਂ ਵਿਚ ਇਸ ਦੇ ਉਲਟ ਹੁੰਦਾ ਹੈ। ਪਰ ਕੀ ਉਨ੍ਹਾਂ ਦੇ ਰਿਸ਼ਤਿਆਂ ਵਿਚ ਜ਼ਿਆਦਾ ਸਚਾਈ ਹੈ? ਕਦੇ ਮੁਕਾਬਲਾ ਕੀਤਾ ਨਹੀਂ ਗਿਆ ਤੇ ਨਾ ਤਬਦੀਲੀ ਜਲਦ ਆਉਣ ਵਾਲੀ ਹੀ ਹੈ। ਹਾਲ ਦੀ ਘੜੀ ਅਪਣੀ ਨਿਜੀ ਖ਼ੁਸ਼ੀ ਦੀ ਖੋਜ ਵਿਚ ਅਦਾਲਤਾਂ ਦੇ ਰਾਹ ਚਲਣ ਦੀ ਥਾਂ ਅਰਦਾਸ ਕਰਨਾ ਬਿਹਤਰ ਹੈ।
- ਨਿਮਰਤ ਕੌਰ