
ਇਹ ਮਨੁੱਖੀ ਕਮਜ਼ੋਰੀ ਵੀ ਸਮਝਣੀ ਪਵੇਗੀ ਕਿ ਅਸੀ ਦੁਨੀਆਂ ਨੂੰ ਸਿਰਫ਼ ਅਪਣੇ ਨਜ਼ਰੀਏ ਤੋਂ ਹੀ ਵੇਖ ਸਕਦੇ ਹਾਂ ਜੋ ਸਾਡੀ ਅਪਣੀ ਸੋਚ ਤੇ ਤਜਰਬੇ ਵਿਚੋਂ ਉਪਜਦਾ ਹੈ।
Editorial: ਚੀਫ਼ ਜਸਟਿਸ ਆਫ਼ ਇੰਡੀਆ ਡੀਵਾਈ ਚੰਦਰਚੂਹੜ ਵਲੋਂ ਆਖਿਆ ਗਿਆ ਸੀ ਕਿ ‘ਅਦਾਲਤ ਦੀ ਮਾਣਹਾਨੀ’ ਜੱਜਾਂ ਨੂੰ ਨਹੀਂ ਸਗੋਂ ਨਿਆਂ ਦੀ ਪ੍ਰਕਿਰਿਆ ਨੂੰ ਬਚਾਉਣ ਵਾਸਤੇ ਹੈ ਤੇ ਹੁਣ ਸੁਪ੍ਰੀਮ ਕੋਰਟ ਨੇ ਵਕੀਲਾਂ ਨੂੰ ਵੀ ਜੱਜਾਂ ਵਾਂਗ ਖ਼ਾਸ ਬਣਾ ਦਿਤਾ ਹੈ। ਮੰਗਲਵਾਰ ਨੂੰ ਸੁਪ੍ਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਵਕੀਲਾਂ ਨੂੰ ਖਪਤਕਾਰ ਅਦਾਲਤ ਵਿਚ ਕਾਰਵਾਈ ਤੋਂ ਬਚਾ ਲਿਆ ਹੈ।
2009 ਵਿਚ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (National Consumer Disputes Redressal Commission) ਨੇ ਆਖਿਆ ਸੀ ਕਿ ਜਦ ਵਕੀਲ ਅਪਣੇ ਕੰਮ ਵਾਸਤੇ ਪੈਸਾ ਲੈਂਦਾ ਹੈ ਤਾਂ ਉਹ ਧਾਰਾ 2(0) 3P1 1986 ਹੇਠ ਆਉਂਦਾ ਹੈ ਪਰ ਅਦਾਲਤ ਵਲੋਂ ਪੂਰਾ ਫ਼ੈਸਲਾ ਉਲਟਾ ਦਿਤਾ ਗਿਆ ਹੈ। ਉਚ ਅਦਾਲਤ ਮੰਨਦੀ ਹੈ ਕਿ ਵਕੀਲ ਪੈਸੇ ਲੈ ਕੇ ਸੇਵਾਵਾਂ ਦੇਂਦੇ ਹਨ। ਅਦਾਲਤ ਦਾ ਕਹਿਣਾ ਹੈ ਕਿ ਵਕੀਲ ਤੇ ਉਸ ਦੇ ਮੁਵੱਕਲ ਦਾ ਰਿਸ਼ਤਾ ਆਮ ਨਹੀਂ ਤੇ ਬਾਕੀ ਸੇਵਾ-ਦਾਤਾਵਾਂ ਨਾਲ ਜੋੜਿਆ ਨਹੀਂ ਜਾ ਸਕਦਾ। ਅਦਾਲਤ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਵਪਾਰਕ ਨਹੀਂ ਬਲਕਿ ਇਕ ਸੇਵਾ ਭਾਵ ਵਾਲਾ ਸਤਿਕਾਰਯੋਗ ਰਿਸ਼ਤਾ ਹੈ ਜਿਥੇ ਵਕੀਲ ਸਿਰਫ਼ ਅਪਣੇ ਮੁਵੱਕਲ ਪ੍ਰਤੀ ਹੀ ਨਹੀਂ ਬਲਕਿ ਅਦਾਲਤ ਪ੍ਰਤੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਹੁੰਦਾ ਹੈ। ਇਸੇ ਕਾਰਨ ਉਨ੍ਹਾਂ ਦੀ ਸੇਵਾ ਨੂੰ ਖਪਤਕਾਰ ਕੋਰਟ ਦੇ ਦਾਇਰੇ ਤੋਂ ਬਾਹਰ ਕੱਢ ਦਿਤਾ ਗਿਆ ਹੈ।
ਇਸ ਫ਼ੈਸਲੇ ਨੂੰ ਸਮਝਦੇ ਹੋਏ ਇਹ ਮਨੁੱਖੀ ਕਮਜ਼ੋਰੀ ਵੀ ਸਮਝਣੀ ਪਵੇਗੀ ਕਿ ਅਸੀ ਦੁਨੀਆਂ ਨੂੰ ਸਿਰਫ਼ ਅਪਣੇ ਨਜ਼ਰੀਏ ਤੋਂ ਹੀ ਵੇਖ ਸਕਦੇ ਹਾਂ ਜੋ ਸਾਡੀ ਅਪਣੀ ਸੋਚ ਤੇ ਤਜਰਬੇ ਵਿਚੋਂ ਉਪਜਦਾ ਹੈ। ਇਸ ਬੈਂਚ ਨੇ ਅਪਣੇ ਤਜਰਬੇ ਤੇ ਸੋਚ ਅਨੁਸਾਰ ਵਕੀਲਾਂ ਨੂੰ ਸੇਵਾ ਭਾਵ ਨਾਲ ਜੋੜ ਦਿਤਾ ਪਰ ਜੇ ਉਹ ਕਦੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਵਾਂਗ ਭੇਸ ਬਦਲ ਕੇ ਆਮ ਪੀੜਤ ਨਾਲ ਸਮਾਂ ਬਿਤਾਉਣਗੇ, ਤਾਂ ਉਨ੍ਹਾਂ ਦੇ ਤਜਰਬੇ ਉਨ੍ਹਾਂ ਦੀ ਸੋਚ ਬਦਲ ਸਕਦੇ ਹਨ।
ਹਾਲ ਹੀ ਵਿਚ ਇਕ ਨਾਟਕ ਵੀ ਆਇਆ ਹੈ ਜਿਸ ਨੂੰ ਵੇਖਣ ਮਗਰੋਂ ‘ਸੇਵਾ’ ਦਾ ਦੂਜਾ ਪੱਖ ਵੀ ਸਾਹਮਣੇ ਆ ਜਾਂਦਾ ਹੈ। ਇਹ ਸੱਚ ਹੈ ਕਿ ਵਕੀਲ ਸਿਰਫ਼ ਅਪਣੇ ਮੁਵੱਕਲ ਦਾ ਨਹੀਂ, ਅਦਾਲਤ ਦਾ ਵੀ ਪੁਰਜ਼ਾ ਹੁੰਦਾ ਹੈ ਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸਾਰਿਆਂ ਪ੍ਰਤੀ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਅੰਤ ਵਿਚ ਫ਼ੈਸਲਾ ਵੀ ਇਕ ਜੱਜ ਦੇ ਅਪਣੇ ਨਜ਼ਰੀਏ ਨੂੰ ਕਾਨੂੰਨ ਦੀ ਸ਼ਕਲ ਦੇ ਦੇਂਦਾ ਹੈ ਤੇ ਇਸ ਵਿਚ ਹਾਰ-ਜਿੱਤ ਦਾ ਨਾਪ-ਤੋਲ ਮੁਮਕਿਨ ਨਹੀਂ। ਪਰ ਨਿਆਂ ਦੀ ਭਾਲ ਵਿਚ ਜਿਹੜਾ ਅਨਿਆਂ ਇਕ ਆਮ ਇਨਸਾਨ ਨੂੰ ਅਦਾਲਤ ਦੇ ਹੀ ‘ਜ਼ਿੰਮੇਵਾਰ ਸੇਵਕਾਂ’ ਹੱਥੋਂ ਝੇਲਣਾ ਪੈਂਦਾ ਹੈ, ਉਸ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਹੈ।
ਕਾਬਲੀਅਤ, ਮਿਹਨਤ, ਈਮਾਨਦਾਰੀ ਦੇ ਦਾਗ਼ ਕਾਲੇ ਲਿਬਾਸ ਵਿਚ ਨਜ਼ਰ ਨਹੀਂ ਆਉਂਦੇ ਪਰ ਲੋਕਾਂ ਦੇ ਹੰਝੂ ਤੇ ਦਰਦ ਦਾ ਲੇਪ ਇਸ ਕਾਲੇ ਕੋਟ ਨੂੰ ਟੋਹਿਆ ਸਾਫ਼ ਨਜ਼ਰ ਆ ਜਾਂਦੇ ਹਨ। ਅਦਾਲਤ ਦਾ ਸੱਭ ਵਕੀਲਾਂ ਨੂੰ ਕਿਸੇ ਵੀ ਘੋਖਵੀਂ ਨਜ਼ਰ ਤੋਂ ਦੂਰ ਰਖਣਾ ਨਿਆਂ ਨੂੰ ਆਮ ਇਨਸਾਨ ਵਾਸਤੇ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਬਣਾਉਂਦਾ ਹੈ। ਭਾਵੇਂ ਚੰਗੇ, ਈਮਾਨਦਾਰ, ਕਾਬਲ, ਵਕੀਲ ਵੀ ਮੌਜੂਦ ਹਨ ਪਰ ਸਾਰੇ ਇਸ ਸ਼੍ਰੇਣੀ ਵਿਚ ਨਹੀਂ ਆਉਂਦੇ। ਜਦ ਕਮਜ਼ੋਰੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਉਸ ਨੂੰ ਨਜ਼ਰ ਅੰਦਾਜ਼ ਕਰਨਾ ਵੀ ਨਿਆਂ ਨਹੀਂ। ਚੰਗਾ ਰਹੇਗਾ ਜੇ ਅਦਾਲਤਾਂ, ਜੱਜਾਂ ਤੇ ਵਕੀਲਾਂ ਦੀਆਂ ਇਨਸਾਨੀ ਕਮਜ਼ੋਰੀਆਂ ’ਤੇ ਕਾਲਾ ਪਰਦਾ ਨਾ ਪਾਉਣ ਤੇ ਉਨ੍ਹਾਂ ਦੀਆਂ ਗ਼ਲਤੀਆਂ ਤੇ ਜ਼ਿਆਦਤੀਆਂ ਸਦਕਾ ਗ਼ਰੀਬ ਮੁਵੱਕਲ ਅਪਣੇ ਆਪ ਨੂੰ ਬੇ-ਯਾਰੋ-ਮਦਦਗਾਰ ਨਾ ਸਮਝਣ ਲੱਗ ਪੈਣ।
- ਨਿਮਰਤ ਕੌਰ