
ਰਿਸ਼ੀ ਸੁਨਕ ਅਜੇ ਵੀ ਸ਼ਰਨ ਮੰਗਣ ਵਾਲਿਆਂ ਲਈ ਅਪਣੀਆਂ ਸਰਹੱਦਾਂ ਬੰਦ ਕਰਨ ਦੇ ਰਸਤੇ ਲੱਭ ਰਿਹਾ ਹੈ ਅਤੇ ਇੰਗਲੈਂਡ ਨੇ ਰਵਾਂਡਾ ਨੂੰ 140 ਮਿਲੀਅਨ ਪਾਊਂਡ ਵੀ ਦੇ ਦਿਤੇ ਹਨ।
Editorial: ਪਿਛਲੇ ਹਫ਼ਤੇ ਜੇ ਇੰਗਲੈਂਡ ਦੀ ਸੁਪ੍ਰੀਮ ਕੋਰਟ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਨਾ ਕੀਤੀ ਹੁੰਦੀ ਤਾਂ ਸੱਜੇ ਪੱਖੀ ਪ੍ਰਧਾਨ ਮੰਤਰੀ ਨੇ ਅਪਣੇ ਦੇਸ਼ ਦੀਆਂ ਸਰਹੱਦਾਂ ’ਤੇ ਆ ਕੇ ਸ਼ਰਨ ਮੰਗਦੇ ਰਫ਼ਿਊਜੀਆਂ ਨੂੰ ਸਰਹੱਦ ਤੋਂ ਸਿੱਧਾ ਰਵਾਂਡਾ ਭੇਜਣ ਦਾ ਪ੍ਰਬੰਧ ਕੀਤਾ ਹੋਇਆ ਸੀ। ਰਿਸ਼ੀ ਸੁਨਕ ਅਜੇ ਵੀ ਸ਼ਰਨ ਮੰਗਣ ਵਾਲਿਆਂ ਲਈ ਅਪਣੀਆਂ ਸਰਹੱਦਾਂ ਬੰਦ ਕਰਨ ਦੇ ਰਸਤੇ ਲੱਭ ਰਿਹਾ ਹੈ ਅਤੇ ਇੰਗਲੈਂਡ ਨੇ ਰਵਾਂਡਾ ਨੂੰ 140 ਮਿਲੀਅਨ ਪਾਊਂਡ ਵੀ ਦੇ ਦਿਤੇ ਹਨ।
ਰਵਾਂਡਾ ਪਹੁੰਚੇ ਇਨ੍ਹਾਂ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਦਾ ਕੀ ਹੋਵੇਗਾ, ਇਸ ਬਾਰੇ ਇੰਗਲੈਂਡ ਦੀ ਅਦਾਲਤ ਨੇ ਚਿੰਤਾ ਪ੍ਰਗਟਾਈ ਪਰ ਸਿਆਸਤਦਾਨ ਕੇਵਲ ਅਪਣੇ ਵੋਟਰਾਂ ਦੀਆਂ ਵੋਟਾਂ ਦੀ ਚਿੰਤਾ ਹੀ ਹੁੰਦੀ ਹੈ ਨੂੰ ਜਵਾਬਦੇਹ ਹਨ। ਆਉਣ ਵਾਲੀਆਂ 2024 ਦੀਆਂ ਚੋਣਾਂ ਤੋਂ ਪਹਿਲਾਂ ਰਿਸ਼ੀ ਸੁਨਕ ਇਕ ਜਹਾਜ਼ ਨੂੰ ਰਵਾਂਡਾ ਭੇਜਣ ਦੀ ਪੂਰੀ ਕੋਸ਼ਿਸ਼ ਕਰੇਗਾ ਕਿਉਂਕਿ ਉਹ ਇਸੇ ਵਾਅਦੇ ਨਾਲ ਇਸ ਅਹੁਦੇ ’ਤੇ ਪਹੁੰਚਿਆ ਸੀ।
ਅਮਰੀਕਾ ਦੇ ਸਰਬਸੇ੍ਰਸ਼ਟ ਖੋਜ ਵਿਭਾਗ ਪੀ.ਈ.ਡਬਲਿਊ ਰਿਸਰਚ ਨੇ ਕਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀ ਸੱਭ ਤੋਂ ਵੱਧ ਭਾਰਤ ਤੋਂ ਚੋਰੀ ਛੁਪੀ ਗਏ ਲੋਕ ਹਨ ਤੇ ਅਮਰੀਕਾ ਵਿਚ ਰਹਿੰਦੇ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਵਿਚ ਹੁਣ ਤੀਜੇ ਨੰਬਰ ’ਤੇ ਅੱਪੜ ਗਏ ਹਨ। ਜੋਇ ਬਾਈਡਨ ਨੇ ਵੀ ਲੋਕਾਂ ਨੂੰ ਸਹੀ ਰਸਤੇ ’ਤੇ ਆਉਣ ਵਾਸਤੇ ਕਹਿਣ ਦੇ ਨਾਲ ਨਾਲ ਅਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਵਾਸਤੇ ਕੈਨੇਡਾ ਤੇ ਮੈਕਸੀਕੋ ਦੀਆਂ ਸਰਹੱਦਾਂ ਨੂੰ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਵੇਂ ਬਾਈਡਨ ਦੀ ਸਿਆਸਤ ਇਹ ਨਹੀਂ ਮੰਗਦੀ ਪਰ ਹੁਣ ਅਮਰੀਕਾ ਦੀ ਇਹ ਲੋੜ ਬਣ ਗਈ ਹੈ ਕਿ ਬਾਹਰੋਂ ਹੋਰ ਲੋਕ, ਅਮਰੀਕਾ ਵਿਚ ਦਾਖ਼ਲ ਨਾ ਹੋਣ ਦਿਤੇ ਜਾਣ। ਅਮਰੀਕਾ ਵਿਚ ਵੀ ਚੋਣਾਂ ਆਉਣ ਵਾਲੀਆਂ ਹਨ ਤੇ ਡੋਨਲਡ ਟਰੰਪ ਚੋਣਾਂ ਵਿਚ ਅੱਗੇ ਵਧਦਾ ਨਜ਼ਰ ਆ ਰਿਹਾ ਹੈ।
ਡੋਨਲਡ ਟਰੰਪ ਵਲੋਂ ਲਗਾਇਆ ਜੱਜ ਹੀ ਹੁਣ ਟੈਕਸਾਸ ਵਿਚ ਸਰਹੱਦਾਂ ਤੇ ਆਉਂਦੇ ਸ਼ਰਨਾਰਥੀਆਂ ਤੇ ਭਾਰੀ ਪੈਣ ਦਾ ਐਲਾਨ ਕਰ ਚੁੱਕਾ ਹੈ। ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 41 ਫ਼ੀ ਸਦੀ ਅਮਰੀਕਨ ਹੁਣ ਅਮਰੀਕਾ ਤੇ ਮੈਕਸੀਕੋ ਦਰਮਿਆਨ ਇਕ ਦੀਵਾਰ ਖੜੀ ਕਰਨ ਦੇ ਇੱਛੁਕ ਹਨ।
ਇਕ ਸਮਾਂ ਸੀ ਜਦ ਇਨ੍ਹਾਂ ਦੇਸ਼ਾਂ ਵਿਚ ਏਨਾ ਪੈਸਾ ਸੀ ਕਿ ਲੋਕ ਆਖਦੇ ਸਨ ਕਿ ਸੜਕਾਂ ’ਤੇ ਸੋਨਾ ਉਗਦਾ ਹੈ। ਮਤਲਬ ਇਹ ਸੀ ਕਿ ਮਿਹਨਤੀ ਬੰਦੇ ਵਾਸਤੇ ਕੁੱਝ ਵੀ ਮੁਮਕਿਨ ਹੈ। ਪਰ ਅੱਜ ਇਨ੍ਹਾਂ ਦਾ ਅਪਣਾ ਖ਼ਜ਼ਾਨਾ ਸੰਕਟ ਵਿਚ ਹੈ। ਇਨ੍ਹਾਂ ਦੇ ਦਰਵਾਜ਼ੇ ਅੱਜ ਵੀ ਬੰਦ ਨਹੀਂ ਹਨ ਪਰ ਹੁਣ ਇਹ ਹਰ ਦੁਖੀ ਤੇ ਰੋਟੀਉਂ ਭੁੱਖੇ ਲੋਕਾਂ ਵਾਸਤੇ ਖੁਲ੍ਹੇ ਨਹੀਂ ਮਿਲਦੇ। ਇੰਗਲੈਂਡ ਜੋ ਕਿ ਅਪਣੀਆਂ ’ਵਰਸਟੀਆਂ ਵਿਚ ਪੜ੍ਹੇ ਬੱਚਿਆਂ ਨੂੰ ਅਪਣੇ ਦੇਸ਼ ਵਿਚ ਨੌਕਰੀ ਨਾ ਮਿਲਣ ਤੇ ਬਹੁਤੀ ਦੇਰ ਨਹੀਂ ਰਹਿਣ ਦਿੰਦਾ, ਨੇ ਹਾਲ ਹੀ ਵਿਚ ਦੁਨੀਆਂ ਦੀਆਂ ਉੱਚ ’ਵਰਸਟੀਆਂ ਤੋਂ ਪੜ੍ਹੇ ਬੱਚਿਆਂ ਨੂੰ 5 ਸਾਲ ਵਾਸਤੇ ਬਿਨਾਂ ਨੌਕਰੀ ਵੀ ਉਥੇ ਟਿਕੇ ਰਹਿਣ ਦਾ ਵੀਜ਼ਾ ਕਢਿਆ ਹੈ।
ਹੁਣ ਅਮੀਰ ਦੇਸ਼ਾਂ ਨੂੰ ਕੇਵਲ ਚੰਗੇ ਪੜ੍ਹੇ ਲਿਖੇ ਵਿਦੇਸ਼ੀ ਬੱਚਿਆਂ ਦੀ ਹੀ ਲੋੜ ਹੈ, ਕੇਵਲ ਮਜ਼ਦੂਰੀ ਕਰਨ ਵਾਲਿਆਂ ਦੀ ਨਹੀਂ। ਇਹ ਦੇਸ਼ ਹੁਣ ਅਜਿਹੇ ਲੋਕ ਚਾਹੁੰਦੇ ਹਨ ਜੋ ਜਾ ਕੇ ਇਨ੍ਹਾਂ ਦੇਸ਼ਾਂ ਦੀ ਤਰੱਕੀ ਵਿਚ ਚੋਖਾ ਯੋਗਦਾਨ ਪਾ ਕੇ ਉਨ੍ਹਾਂ ਨੂੰ ਆਰਥਕ ਤੌਰ ਤੇ ਹੋਰ ਅਮੀਰ ਬਣਾ ਸਕਣ। ਅੱਜ ਦਿਮਾਗ਼ ਦਾ ਦੌਰ ਹੈ, ਮਸ਼ੀਨਾਂ ਦਾ ਦੌਰ ਹੈ ਪਰ ਨਿਰੀ ਲੇਬਰ ਦਾ ਨਹੀਂ। ਪੰਜਾਬ ਤੋਂ ਜਿਹੜੇ ਬੱਚੇ ਅਮੀਰ ਦੇਸ਼ਾਂ ਵਿਚ ਜਾਣ ਲਈ ਗ਼ਲਤ ਰਸਿਤਆਂ ਤੇ ਜਾਣ ਲਈ ਵੀ ਤਿਆਰ ਬਰ ਤਿਆਰ ਰਹਿੰਦੇ ਹਨ, ਬਦਲੀਆਂ ਹੋਈਆਂ ਹਵਾਵਾਂ ਦੇ ਰੁਖ਼ ਨੂੰ ਪਹਿਚਾਣ ਕੇ ਮਿਹਨਤ ਤੇ ਪੜ੍ਹਾਈ ਵਿਚ ਜੁਟਣ ਵਾਸਤੇ ਕਲਮਾਂ ਕਿਤਾਬਾਂ ਚੁਕ ਲੈਣ। ਸਮਾਂ ਬਦਲ ਰਿਹਾ ਹੈ।
- ਨਿਮਰਤ ਕੌਰ