
18 ਮਾਰਚ 1887 ਦਾ ਦਿਨ ਅਪਣੇ ਆਪ ਵਿਚ ਇਕ ਅਜਿਹੀ ਘਟਨਾ ਨੂੰ ਲੁਕਾਈ ਬੈਠਾ ਹੈ ਜਿਸ ਬਾਰੇ ਕਾਫ਼ੀ ਘੱਟ ਸਿੱਖਾਂ ਨੂੰ ਪਤਾ ਹੈ......
18 ਮਾਰਚ 1887 ਦਾ ਦਿਨ ਅਪਣੇ ਆਪ ਵਿਚ ਇਕ ਅਜਿਹੀ ਘਟਨਾ ਨੂੰ ਲੁਕਾਈ ਬੈਠਾ ਹੈ ਜਿਸ ਬਾਰੇ ਕਾਫ਼ੀ ਘੱਟ ਸਿੱਖਾਂ ਨੂੰ ਪਤਾ ਹੈ। 18 ਮਾਰਚ 1887 ਨੂੰ ਪੁਜਾਰੀ ਲਾਣੇ ਨੇ ਪ੍ਰੋ. ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿਤਾ ਸੀ ਕਿਉਂਕਿ ਪ੍ਰੋ. ਗੁਰਮੁਖ ਸਿੰਘ ਜੀ ਨੇ ਜਾਤ-ਪ੍ਰਸਤੀ, ਬੁੱਤ ਪੂਜਾ, ਅੰਧਵਿਸ਼ਵਾਸ ਤੇ ਵਹਿਮਪੁਸਤੀ ਵਰਗੀਆਂ ਬ੍ਰਾਹਮਣਵਾਦੀ ਅਲਾਮਤਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਸੀ। ਗੁਰੂ ਵੰਸ਼ ਦਾ ਵਿਖਾਵਾ ਕਰਨ ਵਾਲੇ ਗੱਦੀ ਨਸ਼ੀਨਾਂ ਨੂੰ ਅਪਣਾ ਤਖ਼ਤਾ ਪਲਟਦਾ ਨਜ਼ਰ ਆਇਆ ਤੇ ਉਨ੍ਹਾਂ ਨੇ 18 ਮਾਰਚ ਨੂੰ ਪ੍ਰੋ. ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿਤਾ।
ਅੱਜ ਦੇ ਅੰਮ੍ਰਿਤਸਰੀਏ ਪੁਜਾਰੀ ਵੀ ਇਸੇ ਰਾਹ ਉਤੇ ਪਏ ਹੋਏ ਹਨ ਜਿਸ ਦਾ ਸ਼ਿਕਾਰ ਖ਼ੁਦ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਵੀ ਹੋਏ ਹਨ। ਮੈਂ ਸਰਦਾਰ ਜੋਗਿੰਦਰ ਸਿੰਘ ਜੀ ਤੇ ਸਮੂਹ ਸਿੱਖ ਸੰਗਤਾਂ ਅੱਗੇ ਇਕ ਛੋਟਾ ਜਿਹਾ ਸੁਝਾਅ ਵੀ ਰਖਣਾ ਚਾਹੁੰਦਾ ਹਾਂ ਕਿ 18 ਮਾਰਚ ਨੂੰ ਹਰ ਸਾਲ ਪੁਜਾਰੀਆਂ ਦੇ ਫ਼ਤਵਿਆਂ ਦੇ ਵਿਰੋਧ ਵਿਚ 'ਪੁਜਾਰੀ ਵਿਰੋਧੀ ਦਿਵਸ' ਮਨਾਇਆ ਜਾਇਆ ਕਰੇ ਅਤੇ ਇਸ ਸੁਝਾਅ ਨੂੰ 15 ਅਪ੍ਰੈਲ ਵਾਲੇ ਸਾਲਾਨਾ ਸਮਾਗਮ ਵਿਚ ਵੀ ਵਿਚਾਰਿਆ ਜਾਵੇ। ਮੌਜੂਦਾ ਪੁਜਾਰੀਆਂ ਵਲੋਂ ਛੇਕੇ ਗਏ ਮੌਜੂਦਾ ਸਿੱਖਾਂ ਅਤੇ ਉਨ੍ਹਾਂ ਨਾਲ ਕੀਤੀਆਂ ਵਧੀਕੀਆਂ ਦੇ ਵਿਰੋਧ ਵਿਚ,
ਈਮੇਲ ਰਾਹੀਂ ਜਾਂ ਚਿੱਠੀ ਪੱਤਰਾਂ ਰਾਹੀਂ ਲਾਹਨਤਾਂ ਪਾਈਆਂ ਜਾਣ। ਜਿਹੜੇ ਪ੍ਰਵਾਰ ਜਾਂ ਸਿੱਖ, ਪੁਜਾਰੀਵਾਦ ਨੂੰ ਖ਼ਤਮ ਕਰਨ ਦੇ ਹੱਕ ਵਿਚ ਹਨ, ਉਹ ਅਪਣੀ-ਅਪਣੀ ਸੂਝ ਮੁਤਾਬਕ ਅਤੇ ਅਪਣੀ ਸਹੂਲਤ ਨੂੰ ਵੇਖਦੇ ਹੋਏ 18 ਮਾਰਚ ਵਾਲੇ ਦਿਨ ਪੁਜਾਰੀਆਂ ਦੇ ਪੁਜਾਰੀਵਾਦ ਸਿਸਟਮ ਦਾ ਵਿਰੋਧ ਕਰਨ। ਲੇਖਕ ਵੀਰ ਇਸ ਦਿਨ ਗੁਰਮਤ ਦੀ ਰੋਸ਼ਨੀ ਵਿਚ ਪੁਜਾਰੀਵਾਦ ਵਿਰੁਧ ਲੇਖ ਅਖ਼ਬਾਰਾਂ ਲਈ ਭੇਜਣ। ਕਹਿਣ ਤੋਂ ਭਾਵ ਇਸ ਦਿਨ ਪੁਜਾਰੀਆਂ ਦਾ ਏਨਾ ਜ਼ਿਆਦਾ ਵਿਰੋਧ ਕੀਤਾ ਜਾਵੇ ਕਿ ਉਹ ਮੁੜ ਕੇ ਗੁਰਮਤ ਦੀ ਗੱਲ ਕਰਨ ਵਾਲੇ ਕਿਸੇ ਵੀ ਸਿੱਖ ਨੂੰ ਨਾ ਛੇਕ ਸਕਣ।
ਅੰਤ ਵਿਚ ਮੈਂ ਅਪਣੇ ਵਲੋਂ ਅਤੇ ਅਪਣੇ ਪ੍ਰਵਾਰ ਵਲੋਂ ਇਹ ਐਲਾਨ ਕਰਦਾ ਹਾਂ ਕਿ ਅਸੀ ਕਿਸੇ ਪੁਜਾਰੀ ਅਤੇ ਉਸ ਦੇ ਅਹੁਦੇ ਦੀ ਹੋਂਦ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕਰਦੇ। ਸਾਡੇ ਇਤਿਹਾਸ ਨੂੰ ਜਿਹੜੀਆਂ ਤਾਕਤਾਂ ਨੇ ਤੋੜ ਮਰੋੜ ਕੇ ਸਾਡੇ ਸਾਹਮਣੇ ਰਖਿਆ, ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਉਸ ਇਤਿਹਾਸ ਦੀ ਸੁਧਾਈ ਜ਼ਰੂਰ ਕਰਾਂਗੇ।
-ਹਰਪ੍ਰੀਤ ਸਿੰਘ (ਐਮ.ਏ. ਇਤਿਹਾਸ), ਸ਼ਬਦ ਗੁਰੂ ਵੀਚਾਰ ਮੰਚ ਸੁਸਾਇਟੀ, ਸਰਹਿੰਦ, ਸੰਪਰਕ : 88475-46903