
ਪਤਾ ਨਹੀਂ ਸ਼ਰਧਾ ਵਲੋਂ ਮਾਰਕੁਟ ਸਹਿਣ ਕਰਨ ਦਾ ਕਾਰਨ ਕੀ ਸੀ? ਉਹ ਕਿਉਂ ਇਸ ਮਾਰਕੁਟ ਨੂੰ ਸਹਿ ਕੇ ਵੀ ਉਸ ਨਾਲ ਟਿਕੇ ਰਹਿਣ ਲਈ ਮਜਬੂਰ ਸੀ?
ਸ਼ਰਧਾ ਵਾਲਕਰ ਦੇ ਕਤਲ ਦਾ ਸ਼ਰਮਨਾਕ ਕਿੱਸਾ ਸੁਣ ਕੇ ਸਾਰਾ ਦੇਸ਼ ਕੰਬ ਉਠਿਆ ਹੈ। ਪਰ ਅਸਲ ਵਿਚ ਦੇਸ਼ ਉਸ ਦੇ ਕਤਲ ਤੋਂ ਨਹੀਂ ਬਲਕਿ ਉਸ ਦੀ ਲਾਸ਼ ਨੂੰ ਬੋਟੀਆਂ ਵਿਚ ਕੱਟ ਕੇ ਅਪਣਾ ਗੁਨਾਹ ਛੁਪਾਉਣ ਦੀ ਸ਼ੈਤਾਨੀ ਹਰਕਤ ਬਾਰੇ ਸੁਣ ਕੇ ਕੰਬਿਆ ਹੈ। ਬੜਾ ਹੀ ਪੱਥਰ ਦਿਲ ਇਨਸਾਨ ਹੋਵੇਗਾ ਜੋ ਅਪਣੀ ਮਹਿਬੂਬਾ ਦੀ ਲਾਸ਼ ਦੀਆਂ ਬੋਟੀਆਂ ਕਰਨ ਵਕਤ ਅਪਣਾ ਦਿਲ ਸਲਾਮਤ ਰੱਖ ਸਕਿਆ। ਜਿਸ ਟੀਵੀ ਸੀਰੀਅਲ ਤੋਂ ਸ਼ਰਧਾ ਦੇ ਕਾਤਲ ਨੇ ਇਹ ਤਰੀਕਾ ਸਿਖਿਆ ਹੈ, ਉਸ ਵਿਚ ਕਾਤਲ ਸਿਰਫ਼ ਉਨ੍ਹਾਂ ਅਪਰਾਧੀਆਂ ਨੂੰ ਮਾਰ ਕੇ ਲਾਸ਼ਾਂ ਨੂੰ ਟਿਕਾਣੇ ਲਗਾਉਂਦੀ ਸੀ ਜਿਨ੍ਹਾਂ ਨੇ ਬੜੇ ਘਿਨੌਣੇ ਗੁਨਾਹ ਕੀਤੇ ਹੋਏ ਸਨ ਤੇ ਨਿਆਂ ਦੇ ਹੱਥ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਤਕ ਨਹੀਂ ਸਨ ਪਹੁੰਚ ਰਹੇ।
ਪਰ ਆਫ਼ਤਾਬ ਤਾਂ ਆਪ ਹੀ ਇਕ ਅਪਰਾਧੀ ਸੀ ਜਿਸ ਨੂੰ ਸਾਡੇ ਸਿਸਟਮ ਨੇ, ਸ਼ਰਧਾ ਵਲੋਂ ਮਦਦ ਮੰਗਣ ਦੇ ਬਾਵਜੂਦ, ਅਪਣੇ ਅਪਰਾਧ ਸਿਰੇ ਚੜ੍ਹਾਉਣ ਦੀ ਖੁਲ੍ਹ ਦਿਤੀ ਰੱਖੀ। ਸ਼ਰਧਾ ਨੇ 2020 ਵਿਚ ਮਹਾਰਾਸ਼ਟਰ ਵਿਚ ਆਫ਼ਤਾਬ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਆਖਿਆ ਸੀ ਕਿ ਆਫ਼ਤਾਬ ਉਸ ਨੂੰ ਜਾਨੋਂ ਮਾਰ ਦੇਵੇਗਾ। ਉਸ ਨੇ ਇਹ ਵੀ ਲਿਖਿਆ ਸੀ ਕਿ ਆਫ਼ਤਾਬ ਦੇ ਮਾਂ-ਬਾਪ ਜਾਣਦੇ ਸਨ ਕਿ ਉਹ ਸ਼ਰਧਾ ਨੂੰ ਮਾਰਦਾ ਹੈ।
ਹੁਣ ਸਾਡੇ ਸਿਆਸਤਦਾਨ ਤਾਂ ਆਫ਼ਤਾਬ ਦੇ ਧਰਮ ’ਤੇ ਹੀ ਆ ਕੇ ਰੁਕ ਜਾਂਦੇ ਹਨ ਪਰ ਉਹ ਇਹ ਨਹੀਂ ਮੰਨਣਗੇ ਕਿ ਭਾਰਤ ਦੀਆਂ ਕਿੰਨੀਆਂ ਹੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। 2005 ਵਿਚ ਘਰੇਲੂ ਹਿੰਸਾ ਨੂੰ ਕਾਨੂੰਨੀ ਅਪਰਾਧ ਮੰਨ ਲਿਆ ਗਿਆ ਪਰ ਅਜੇ ਤਕ ਇਸ ਪ੍ਰਤੀ ਸੋਚ ਵਿਚ ਕੋਈ ਤਬਦੀਲੀ ਨਹੀਂ ਆਈ।
ਇਕ ਸਰਵੇਖਣ ਜਿਸ ਵਿਚ ਐਨ.ਸੀ.ਆਰ.ਬੀ. ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਖੋਜ ਕੀਤੀ ਗਈ, ਨੇ ਸਿੱਧ ਕੀਤਾ ਕਿ 2001 ਤੋਂ ਲੈ ਕੇ 2018 ਤਕ ਘਰੇਲੂ ਹਿੰਸਾ ਵਿਚ 53 ਫ਼ੀ ਸਦੀ ਵਾਧਾ ਹੋਇਆ ਹੈ। ਇਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਨੀਆਂ ਔਰਤਾਂ ਨੇ ਸ਼ਰਧਾ ਵਾਂਗ ਅਪਣੀ ਦੁਰਦਸ਼ਾ ਤੋਂ ਦੁਖੀ ਹੋ ਕੇ ਕਾਨੂੰਨ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸ਼ਰਧਾ ਵਾਂਗ ਮਾਯੂਸੀ ਹੀ ਮਿਲੀ। ਤਕਰੀਬਨ 41 ਫ਼ੀ ਸਦੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਪਰ 2018 ਵਿਚ ਔਸਤਨ ਸਿਰਫ਼ ਇਕ ਅਪਰਾਧੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
2018 ਤਕ 658,418 ਕੇਸ ਅਦਾਲਤ ਵਿਚ ਗਏ ਸਨ ਜਿਨ੍ਹਾਂ ਵਿਚੋਂ ਸਿਰਫ਼ 6.8 ਫ਼ੀ ਸਦੀ (44.648) ਕੇਸਾਂ ਵਿਚ ਫ਼ੈਸਲੇ ਸੁਣਾਏ ਗਏ ਤੇ ਸਿਰਫ਼ 6,921 (15.5 ਫ਼ੀ ਸਦੀ) ਕੇਸਾਂ ਵਿਚ ਅਪਰਾਧੀ ਨੂੰ ਸਜ਼ਾ ਮਿਲੀ। ਸ਼ਰਧਾ ਕੇਸ ਵਿਚ ਉਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਵਾਲੀ ਕਹਾਣੀ ਤੋਂ ਨਜ਼ਰ ਹਟਾ ਕੇ ਵੇਖੋ ਤਾਂ ਇਹ ਇਕ ਆਮ ਜਹੀ ਕਹਾਣੀ ਹੈ ਜਿਥੇ ਮਰਦ ਨੂੰ ਗੁੱਸਾ ਆ ਗਿਆ ਤੇ ਉਸ ਨੂੰ ਕਿਉਂਕਿ ਸਾਥੀ ਨੂੰ ਲਗਾਤਾਰ ਮਾਰਦੇ ਰਹਿਣ ਦੀ ਆਦਤ ਸੀ, ਉਸ ਨੇ ਸ਼ਰਧਾ ਨੂੰ ਆਦਤ ਤੋਂ ਮਜਬੂਰ ਹੋ ਕੇ ਜ਼ੋਰ ਨਾਲ ਮਾਰਿਆ ਤੇ ਉਸ ਦੀ ਜਾਨ ਚਲੀ ਗਈ। ਆਫ਼ਤਾਬ ਦੇ ਨਾਲ ਨਾਲ ਸਾਡਾ ਸਮਾਜ ਤੇ ਸਾਡੇ ਸਿਆਸਤਦਾਨ ਵੀ ਸ਼ਰਧਾ ਦੀ ਮੌਤ ਵਾਸਤੇ ਜ਼ਿੰਮੇਵਾਰ ਹਨ ਕਿਉਂਕਿ ਉਹ ਔਰਤ ਦੀ ਘਰ ਵਿਚ ਕੀਤੀ ਜਾਂਦੀ ਮਾਰਕੁਟ ਨੂੰ ਨਿਜੀ ਗੱਲ ਕਹਿ ਕੇ ਪਾਸੇ ਸੁੱਟ ਦੇਂਦੇ ਹਨ।
ਜੇ 41 ਫ਼ੀ ਸਦੀ ਔਰਤਾਂ ਘਰ ਵਿਚ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਤਾਂ ਫਿਰ ਜ਼ਾਹਰ ਹੈ ਕਿ ਸਾਡੇ ਸਿਆਸਤਦਾਨ, ਪੁਲਿਸ ਅਫ਼ਸਰ, ਜੱਜ ਆਦਿ ’ਚੋਂ 41 ਫ਼ੀ ਸਦੀ ਮਰਦ ਅਪਣੇ ਘਰ ਵਿਚ ‘ਆਫ਼ਤਾਬ’ ਵਾਂਗ ਅਪਰਾਧੀ ਹੋਣਗੇ ਤੇ ਉਹ ਨਹੀਂ ਚਾਹੁਣਗੇ ਕਿ ‘ਆਫ਼ਤਾਬ’ ਵਰਗਿਆਂ ਨੂੰ ਰੋਕਿਆ ਜਾਵੇ ਕਿਉਂਕਿ ਫਿਰ ਕਲ ਨੂੰ ਉਨ੍ਹਾਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਪਤਾ ਨਹੀਂ ਸ਼ਰਧਾ ਵਲੋਂ ਮਾਰਕੁਟ ਸਹਿਣ ਕਰਨ ਦਾ ਕਾਰਨ ਕੀ ਸੀ? ਉਹ ਕਿਉਂ ਇਸ ਮਾਰਕੁਟ ਨੂੰ ਸਹਿ ਕੇ ਵੀ ਉਸ ਨਾਲ ਟਿਕੇ ਰਹਿਣ ਲਈ ਮਜਬੂਰ ਸੀ? ਪਰ ਇਕ ਗੱਲ ਤਾਂ ਸਾਫ਼ ਹੈ ਕਿ ਜੇ ਉਸ ਦੀ ਪੁਕਾਰ 2020 ਵਿਚ ਸੁਣ ਲਈ ਗਈ ਹੁੰਦੀ ਤਾਂ ਅੱਜ ਸ਼ਾਇਦ ਉਹ ਜ਼ਿੰਦਾ ਹੁੰਦੀ। ਸਾਡੇ ਸਮਾਜ ਨੂੰ ਅਪਣਾ ਕੌੜਾ ਸੱਚ ਪ੍ਰਵਾਨ ਕਰਨਾ ਪਵੇਗਾ ਤਾਂ ਜੋ ਸ਼ਰਧਾ ਤੇ ਆਫ਼ਤਾਬ ਵਰਗੇ ਸ਼ੈਤਾਨੀ ਕਿੱਸੇ ਦੁਹਰਾਏ ਨਾ ਜਾ ਸਕਣ। ਇਸ ਲਈ ਮਰਦ ਨੂੰ ਹੀ ਪਹਿਲ ਕਰਨੀ ਪਵੇਗੀ ਕਿਉਂਕਿ ਅਪਰਾਧੀ ਵੀ ਉਹੀ ਹੈ ਤੇ ਨਿਆਂ ਦੀ ਡੋਰ ਵੀ ਉਸ ਦੇ ਹੀ ਹੱਥ ਵਿਚ ਹੈ। -ਨਿਮਰਤ ਕੌਰ