
ਬਿਹਤਰ ਇਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇ ਤੇ ਬਹੁਤੀ ਸਫ਼ਾਈ ਨਾ ਦੇਂਦੇ ਤੇ ਨਾ ਅਪਣੇ ‘ਸਲਾਹਕਾਰਾਂ’ ਨੂੰ ਲੜਾਈ ਖਿੱਚਣ ਦਾ ਹੱਕ ਹੀ ਦੇਂਦੇ।
ਪੰਜਾਬ ਦੀ ਸਿਆਸਤ ਵਿਚ ਅਰੂਸਾ ਬੇਗਮ ਦਾ ਨਾਮ ਅੱਜ ਬੱਚੇ ਬੱਚੇ ਦੀ ਜ਼ਬਾਨ ਤੇ ਹੈ, ਭਾਵੇਂ ਵੱਖ ਵੱਖ ਕਾਰਨਾਂ ਕਰ ਕੇ ਹੀ। ਬੇਗਮ ਅਰੂਸਾ ਦਾ ਪੰਜਾਬ ਦੀ ਸਿਆਸਤ ਵਿਚ ਵਜੂਦ ਕਿਸੇ ਮਹਾਰਾਣੀ ਤੋਂ ਘੱਟ ਵਾਲਾ ਨਹੀਂ ਸੀ, ਇਸ ਲਈ ਉਸ ਦਾ ਖੁਲ੍ਹ ਕੇ ਜ਼ਿਕਰ ਕਰਨਾ, ਉਦੋਂ ਤਕ ਪਾਬੰਦੀਸ਼ੁਦਾ ਹੀ ਸੀ ਜਦੋਂ ਤਕ ਇਥੇ ਸਿੱਕਾ ਉਸ ਦਾ ਚਲਦਾ ਸੀ। ਚੰਗੀ ਪੱਤਰਕਾਰੀ ਕਿਸੇ ਦੇ ਨਿਜੀ ਜੀਵਨ ਤੇ ਟਿਪਣੀ ਕਰਨ ਦੀ ਆਗਿਆ ਨਹੀਂ ਦੇਂਦੀ ਪਰ ਕੁੱਝ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿਥੇ ਨਿਜੀ ਤੇ ਜਨਤਕ ਜੀਵਨ ਵਿਚਲੀ ਲਕੀਰ ਬਹੁਤ ਫਿੱਕੀ ਪੈ ਜਾਂਦੀ ਹੈ।
Aroosa Alam
ਅਰੂਸਾ ਆਲਮ ਦੀਆਂ ਪੁਰਾਣੀਆਂ ਤਸਵੀਰਾਂ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਂਝੀਆਂ ਕੀਤੀਆਂ ਹਨ, ਉਹ ਦਰਸਾਉਂਦੀਆ ਹਨ ਕਿ ਉਹ ਬੜੇ ਚਿਰ ਤੋਂ ਭਾਰਤ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਹਸਤੀਆਂ ਨੂੰ ਮਿਲਦੀ ਰਹਿੰਦੀ ਸੀ- ਭਾਵੇਂ ਉਹ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੋਵੇ, ਅਡਵਾਨੀ ਹੋਵੇ, ਪੰਜਾਬ ਦੇ ਪੱਤਰਕਾਰ ਹੋਣ ਜਾਂ ਫ਼ਿਲਮੀ ਸਿਤਾਰੇ ਹੋਣ। ਅਰੂਸਾ ਆਲਮ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਦੋਸਤੀ ਪੈਣ ਤੋਂ ਪਹਿਲਾਂ ਤੋਂ ਜਾਣਦੀ ਸੀ।
Aroosa Alam and Sonia Gandhi (File Photo)
ਅਰੂਸਾ ਆਲਮ ਕੈਪਟਨ ਅਮਰਿੰਦਰ ਸਿੰਘ ਦੇ ਕਰੀਬ ਹੋਣ ਕਾਰਨ ਪ੍ਰਸਿੱਧੀ ਵਿਚ ਅੱਜ ਨਹੀਂ ਆਈ ਬਲਕਿ ਪਿਛਲੀ ਕੈਪਟਨ ਸਰਕਾਰ ਸਮੇਂ ਵੀ ਸਿਆਸਤ ਵਿਚ ਮੌਜੂਦ ਸੀ ਅਤੇ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਕੈਪਟਨ ਦੀ 2007 ਦੀ ਹਾਰ ਮਗਰੋਂ ਅਪਣੀ ਸੰਪਾਦਕੀ ਵਿਚ ਅਰੂਸਾ ਨੂੰ ਕਾਂਗਰਸ ਦੀ ਹਾਰ ਦਾ ਕਾਰਨ ਲਿਖਿਆ ਸੀ। ਕੈਪਟਨ ਉਸ ਵੇਲੇ ਦੁਬਈ ਗਏ ਹੋਏ ਸਨ ਜਿਥੇ ਉਨ੍ਹਾਂ ਸਪੋਕਸਮੈਨ ਦੀ ਸੰਪਾਦਕੀ ਪੜ੍ਹ ਕੇ ਉਥੋਂ ਫ਼ੋਨ ਕੀਤਾ ਕਿ ਸ. ਜੋਗਿੰਦਰ ਸਿੰਘ ਕੋਲੋਂ ਸ਼ਾਇਦ ਬੇਧਿਆਨੀ ਵਿਚ ਲਿਖਿਆ ਗਿਆ ਹੈ।
Joginder Singh
ਸ. ਜੋਗਿੰਦਰ ਸਿੰਘ ਦਾ ਉਤਰ ਸੀ ਕਿ ‘‘ਨਹੀਂ ਕੈਪਟਨ ਸਾਹਿਬ, ਮੈਂ ਹਰ ਚੀਜ਼ ਪੂਰੀ ਜ਼ਿੰਮੇਵਾਰੀ ਨਾਲ ਲਿਖਦਾ ਹਾਂ ਤੇ ਇਹ ਜੋ ਲਿਖਿਆ ਹੈ, ਇਹ ਵੀ ਸੋਚ ਸਮਝ ਕੇ ਲਿਖਿਆ ਹੈ।’’ 10 ਸਾਲ ਜਦ ਸਰਕਾਰ ਨਹੀਂ ਸੀ ਤਾਂ ਅਰੂਸਾ ਆਲਮ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਇਕ ਮਿੱਤਰ ਪਿਆਰੇ ਵਾਂਗ ਰਹੇ ਨਾ ਕਿ ਇਕ ਪੱਤਰਕਾਰ ਦੀ ਤਰ੍ਹਾਂ। ਇਸ ਬਾਰੇ ਪੂਰਾ ਪੰਜਾਬ, ਪੂਰਾ ਭਾਰਤ ਤੇ ਮਹਾਰਾਣੀ ਪ੍ਰਨੀਤ ਕੌਰ ਵੀ ਜਾਣੂੰ ਸਨ। ਪਰ ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ। ਇਹ ਉਨ੍ਹਾਂ ਦਾ ਨਿਜੀ ਮਾਮਲਾ ਸੀ ਅਤੇ ਅੱਜ ਵੀ ਉਨ੍ਹਾਂ ਦਾ ਰਿਸ਼ਤਾ ਇਸੇ ਤਰ੍ਹਾਂ ਦਾ ਹੈ। ਪਰ ਜਦ ਇਕ ਸੂਬੇ ਦੀ ਰਾਜਨੀਤੀ, ਕਿਸੇ ਦੀ ਦੋਸਤੀ ਕਾਰਨ ਤਬਾਹੀ ਕੰਢੇ ਆ ਖੜੀ ਹੋਵੇ ਤਾਂ ਉਸ ਸਿਆਸਤਦਾਨ ਦੀ ਨਿਜੀ ਜ਼ਿੰਦਗੀ ਅਪਣੇ ਆਪ ਜਨਤਕ ਹੋ ਜਾਂਦੀ ਹੈ। ਮਰਿਆਦਾ ਕਾਰਨ ਅਜੇ ਵੀ ਸੱਭ ਚੁੱਪੀ ਧਾਰੀ ਬੈਠੇ ਸਨ ਪਰ ਜਦ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਅਪਣੇ ਪੁਰਾਣੇ ਸਾਥੀਆਂ ਨੂੰ ਨਿੰਦਦੇ ਹਨ ਤਾਂ ਕਈ ਸਵਾਲ ਪੁਛਣੇ ਲਾਜ਼ਮੀ ਬਣ ਜਾਂਦੇ ਹਨ।
Aroosa Alam
ਨਵਜੋਤ ਕੌਰ ਸਿੱਧੂ ਵਲੋਂ ਜੋ ਦੋਸ਼ ਲਗਾਏ ਗਏ ਹਨ, ਉਹ ਪਹਿਲੀ ਵਾਰ ਨਹੀਂ ਸੁਣੇ ਗਏ। ਅੱਜ ਜੋ ਇਤਿਹਾਸ ਲਿਖਿਆ ਜਾਵੇਗਾ ਉਸ ਵਿਚ ਲੋਕ ਰਾਏ ਦਾ ਇਹ ਫ਼ਤਵਾ ਵੀ ਦਰਜ ਹੋਵੇਗਾ ਕਿ ਅਰੂਸਾ ਆਲਮ ਦੀ ਦੋਸਤੀ ਕਾਰਨ ਕੁੱਝ ਅਜਿਹੇ ਵਕੀਲ ਤੇ ਅਫ਼ਸਰ ਲਗਾਏ ਗਏ ਸਨ ਜਿਨ੍ਹਾਂ ਪੰਜਾਬ ਦੇ ਮਸਲਿਆਂ ਨੂੰ ਜਾਣ ਬੁੱਝ ਕੇ ਉਲਝਾ ਦਿਤਾ ਜਾਂ ਕਮਜ਼ੋਰ ਕਰ ਦਿਤਾ। ਨਾ ਬਰਗਾੜੀ ਦੇ ਮਾਮਲੇ ਵਿਚ ਸਰਕਾਰ ਜਿੱਤ ਸਕੀ, ਨਾ ਨਸ਼ਾ ਤਸਕਰਾਂ ਵਿਰੁਧ ਫ਼ਾਈਲਾਂ ਖੋਲ੍ਹ ਸਕੀ, ਨਾ ਬਸਾਂ ਨੂੰ ਬੰਦ ਕਰ ਸਕੀ, ਨਾ ਕੇਬਲ ਦਾ ਧੰਦਾ ਕਰਨ ਵਾਲਿਆਂ ਨੂੰ ਖ਼ਤਮ ਕਰ ਸਕੀ ਤੇ ਇਸ ਦੀ ਕੀਮਤ ਪੰਜਾਬ ਦੀ ਜਨਤਾ ਤੇ ਖ਼ਜ਼ਾਨੇ ਨੂੰ ਚੁਕਾਣੀ ਪਈ।
Navjot Kaur Sidhu
ਇਕ ਪਾਕਿਸਤਾਨੀ ਪੱਤਰਕਾਰ ਦੀ, ਸਰਹੱਦੀ ਸੂਬੇ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵਿਚ ਮੌਜੂਦਗੀ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ, ਖ਼ਾਸ ਕਰ ਕੇ ਜਦ ਕੈਪਟਨ ਅਮਰਿੰਦਰ ਸਿੰਘ ਆਪ ਹੀ ਵਾਰ-ਵਾਰ ਆਖਦੇ ਹਨ ਕਿ ਪਾਕਿਸਤਾਨ ਤੋਂ ਡਰੋਨ ਤੇ ਹਥਿਆਰ ਵਾਰ ਵਾਰ ਬਾਰਡਰ ਤੋਂ ਏਧਰ ਭੇਜੇ ਜਾ ਰਹੇ ਹਨ। ਫਿਰ ਇਕ ਪਾਕਿਸਤਾਨੀ ਪੱਤਰਕਾਰ ਪੰਜਾਬ ਦੇ ਡੀ.ਜੀ.ਪੀ. ਤੇ ਮੁੱਖ ਸਕੱਤਰ ਦੇ ਏਨਾ ਕਰੀਬ ਕਿਵੇਂ ਸੀ? ਨਵਜੋਤ ਸਿੱਧੂ ਪਾਕਿਸਤਾਨ ਜਾ ਕੇ ਇਕ ਜੱਫੀ ਪਾ ਲਵੇ ਤਾਂ ਉਹ ਦੇਸ਼ ਧ੍ਰੋਹੀ ਪਰ ਜਿਸ ਪੱਤਰਕਾਰ ਦੇ ਪੁਰਾਣੇ ਪ੍ਰਵਾਰਕ ਰਿਸ਼ਤੇ ਆਈ.ਐਸ.ਆਈ. ਦੇ ਮੁਖੀ ਨਾਲ ਰਹੇ ਹੋਣ, ਉਸ ਦਾ ਮੁੱਖ ਮੰਤਰੀ ਦੇ ਦਫ਼ਤਰ ਤੇ ਘਰ ਵਿਚ ਹੋਣਾ ਚਿੰਤਾਜਨਕ ਨਹੀਂ ਸੀ?
Captain Amarinder Singh
ਬਿਹਤਰ ਇਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇ ਤੇ ਬਹੁਤੀ ਸਫ਼ਾਈ ਨਾ ਦੇਂਦੇ ਤੇ ਨਾ ਅਪਣੇ ‘ਸਲਾਹਕਾਰਾਂ’ ਨੂੰ ਲੜਾਈ ਖਿੱਚਣ ਦਾ ਹੱਕ ਹੀ ਦੇਂਦੇ। ਬਤੌਰ ਮੁੱਖ ਮੰਤਰੀ, ਉਹ ਇਕ ਵਿਦੇਸ਼ੀ ਔਰਤ ਨੂੰ ਪੰਜਾਬ ਦੇ ਜ਼ਰੂਰੀ ਫ਼ੈਸਲੇ ਲੈਣ, ਤਰੱਕੀਆਂ ਦੇਣ, ਅਹੁਦੇ ਦਿਵਾਉਣ ਤੇ ਹੋਰ ਗੁਪਤ ਪ੍ਰਗਟ ਵੱਡੇ ਵੱਡੇ ਫ਼ੈਸਲੇ ਕਰਨ ਦਾ ਹੱਕ ਨਹੀਂ ਸਨ ਦੇ ਸਕਦੇ। ਉਨ੍ਹਾਂ ਨੇ ਇੰਜ ਕੀਤਾ ਤੇ ਜਿਹੜੇ ਵੀ ‘ਵਾਇਆ ਅਰੂਸਾ’ ਕੰਮ ਕਰਵਾਉਣ ਲਈ ਨਾ ਗਏ, ਉਨ੍ਹਾਂ ਦੇ ਕੰਮ ਕਦੇ ਵੀ ਨਾ ਹੋਏ। ਕੀ ਜਵਾਬ ਦੇ ਸਕਣਗੇ ਸਾਬਕਾ ਮੁੱਖ ਮੰਤਰੀ ਦੇ ‘ਸਲਾਹਕਾਰ’? -ਨਿਮਰਤ ਕੌਰ