Editorial: ਚੁਣੌਤੀਪੂਰਨ ਹੈ ਕੋਵਿਡ-19 ਦੀ ਤੀਜੀ ਦਸਤਕ
Published : May 29, 2025, 6:31 am IST
Updated : May 29, 2025, 7:23 am IST
SHARE ARTICLE
The third knock of Covid-19 is challenging Editorial News in punjabi
The third knock of Covid-19 is challenging Editorial News in punjabi

Editorial: ਸਿਹਤ ਅਧਿਕਾਰੀਆਂ ਦੇ ਐਲਾਨਾਂ ਮੁਤਾਬਿਕ ‘ਕੋਵਿਡ-19’ ਮਹਾਂਰੋਗ ਦਾ ਮੌਜੂਦਾ ਰੂਪ, ਘਾਤਕ ਕਿਸਮ ਦਾ ਨਹੀਂ।

The third knock of Covid-19 is challenging Editorial News in punjabi : ਕੋਵਿਡ ਰੋਗ ਚੰਡੀਗੜ੍ਹ ਵੀ ਆ ਪਹੁੰਚਿਆ ਹੈ ਅਤੇ ਪੰਜਾਬ ਵਿਚ ਵੀ। ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿਚ ਦਾਖ਼ਲ 40 ਵਰਿ੍ਹਆਂ ਦਾ ਇਕ ਵਿਅਕਤੀ ਕੋਵਿਡ ਦੀ ਜੇਐੱਨ-1 ਕਿਸਮ ਤੋਂ ਪੀੜਤ ਨਿਕਲਿਆ। ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਇਹ ਵਿਅਕਤੀ ਫ਼ਿਰੋਜ਼ਾਬਾਦ (ਯੂ.ਪੀ.) ਦਾ ਰਹਿਣ ਵਾਲਾ ਸੀ। ਉਸ ਨੂੰ ਸਾਹ ਦੀ ਤਕਲੀਫ਼ ਵੀ ਸੀ। ਇਸੇ ਤਰ੍ਹਾਂ ਇਸੇ ਦਿਨ ਫਿਰੋਜ਼ਪੁਰ ਵਿਚ ਵੀ 25 ਵਰਿ੍ਹਆਂ ਦੇ ਵਿਅਕਤੀ ਦਾ ਕੋਵਿਡ ਪਰਖ ਟੈਸਟ ਪਾਜ਼ੇਟਿਵ ਨਿਕਲਿਆ। ਉਹ ਵੀ ਜੇਐਨ-1 ਵੰਨਗੀ ਤੋਂ ਪੀੜਤ ਦਸਿਆ ਜਾਂਦਾ ਹੈ। ਹਰਿਆਣਾ ਵਿਚ ਇਸ ਰੋਗ ਤੋਂ ਪੀੜਤਾਂ ਦੀ ਗਿਣਤੀ 7 ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਦੇ ਐਲਾਨਾਂ ਮੁਤਾਬਿਕ ‘ਕੋਵਿਡ-19’ ਮਹਾਂਰੋਗ ਦਾ ਮੌਜੂਦਾ ਰੂਪ, ਘਾਤਕ ਕਿਸਮ ਦਾ ਨਹੀਂ।

ਫਿਰ ਵੀ ਮਧੂਮੇਹ ਜਾਂ ਦਮੇ ਜਾਂ ਸਾਹ ਦੀਆਂ ਹੋਰਨਾਂ ਬਿਮਾਰੀਆਂ ਦੇ ਮਰੀਜ਼ਾਂ ਵਲੋਂ ਢੁਕਵੀਂ ਇਹਤਿਆਤ ਨਾ ਵਰਤੇ ਜਾਣ ’ਤੇ ਇਹ ਰੋਗ ਜਾਨਲੇਵਾ ਸਾਬਤ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਜਾਰੀ ਚਿਤਾਵਨੀਆਂ ਮੁਤਾਬਿਕ  ‘ਕੋਵਿਡ-19’ ਵਾਲਾ ਵਾਇਰਸ ਛੇਤੀ ਖ਼ਤਮ ਨਹੀਂ ਹੋਣ ਵਾਲਾ। ਵਾਇਰਸ ਅਪਣੀ ਉਮਰ ਵਧਾਉਣੀ ਜਾਣਦੇ ਹਨ ਅਤੇ ਇਕ ਵੰਨਗੀ ਦਾ ਇਲਾਜ ਲੱਭ ਲਏ ਜਾਣ ਦੀ ਸੂਰਤ ਵਿਚ ਮਿਊਟੇਸ਼ਨ-ਪ੍ਰਕਿਰਿਆ ਰਾਹੀਂ ਉਹ ਨਵੇਂ-ਨਵੇਂ ਰੂਪ ਅਖ਼ਤਿਆਰ ਕਰਦੇ ਜਾਂਦੇ ਹਨ। ਪਰ ਅਜਿਹਾ ਕਰਦਿਆਂ ਅਮੂਮਨ ਉਨ੍ਹਾਂ ਦੀ ਮਾਰੂ-ਸ਼ਕਤੀ ਘਟਦੀ ਚਲੀ ਜਾਂਦੀ ਹੈ। ਉਹ ਜਾਨਲੇਵਾ ਨਹੀਂ ਰਹਿੰਦੇ। ‘ਕੋਵਿਡ-19’ ਦੇ ਨਵੇਂ ਰੂਪ ਤਕਰੀਬਨ ਪੂਰੇ ਏਸ਼ੀਆ ਅਤੇ ਅੱਧੇ ਤੋਂ ਵੱਧ ਯੂਰੋਪ ਵਿਚ ਫੈਲਣ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਵਰਗੀਆਂ ਆਲਮੀ ਸੰਸਥਾਵਾਂ ਅਤੇ ਕੌਮੀ ਸਰਕਾਰਾਂ ਵਲੋਂ ਇਸ ਰੋਗ ਦੀ ਮੌਜੂਦਾ ਨਸਲ ਦੇ ਪਸਾਰੇ ਪ੍ਰਤੀ ਬਹੁਤੀ ਫ਼ਿਕਰਮੰਦੀ ਜਾਂ ਚੌਕਸੀ ਨਾ ਦਿਖਾਏ ਜਾਣ ਦੀ ਵਜ੍ਹਾ ਜੇਐੱਨ-1 ਵੰਨਗੀ ਦਾ ਘਾਤਕ ਨਾ ਹੋਣਾ ਹੀ ਹੈ।

ਮਹਾਂਮਾਰੀਆਂ ਉੱਤੇ ਨਜ਼ਰ ਰੱਖਣ ਵਾਲੀ ਕੌਮੀ ਸਿਹਤ ਅਥਾਰਟੀ ਵਲੋਂ ਜਾਰੀ ਅੰਕੜਿਆਂ ਅਨੁਸਾਰ ਮੰਗਲਵਾਰ ਰਾਤ 8 ਵਜੇ ਤਕ ਭਾਰਤ ਵਿਚ ਕੋਵਿਡ-19 ਦੇ 1,010 ਪਾਜ਼ੇਟਿਵ ਕੇਸ ਸਨ! ਇਨ੍ਹਾਂ ਵਿਚ 104 ਕੇਸ ਸਿਰਫ਼ ਦਿੱਲੀ ਤੋਂ ਹੀ ਸਨ। ਇਸ ਸਮੇਂ ਗਿਣਤੀ ਪੱਖੋਂ ਸਭ ਤੋਂ ਵੱਧ ਸਰਗਰਮ ਕੇਸ (430) ਕੇਰਲਾ ਵਿਚ ਹਨ। ਉਨ੍ਹਾਂ ਤੋਂ ਅਗਲਾ ਨੰਬਰ ਮਹਾਰਾਸ਼ਟਰ (210 ਕੇਸ) ਦਾ ਹੈ। ਦਰਅਸਲ, ਕੋਵਿਡ-19 ਦੀ ਨਵੀਂ ਨਸਲ ਦਾ ਸਭ ਤੋਂ ਪਹਿਲਾ ਕੇਸ ਕੇਰਲਾ ਵਿਚੋਂ ਹੀ ਤਕਰੀਬਨ 15 ਦਿਨ ਪਹਿਲਾਂ ਮਿਲਿਆ ਸੀ। ਉਹ ਵਿਅਕਤੀ ਸਾਊਦੀ ਅਰਬ ਵਿਚ ਹੱਜ ਲਈ ਗਿਆ ਸੀ। ਇਸ ਕੇਸ ਦੇ ਸਾਹਮਣੇ ਆਉਣ ਮਗਰੋਂ ਕੇਰਲਾ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦਦੀ ਗਈ। ਇਕ ਮੌਤ ਹੋਣ ਦੀ ਖ਼ਬਰ ਵੀ ਆਈ। ਇਸ ਦੇ ਬਾਵਜੂਦ ਸਿਹਤ ਸੁਰੱਖਿਆ ਮਾਹਿਰਾਂ ਨੇ ਲੋਕਾਂ ਨੂੰ ਸਹਿਮ ਤੋਂ ਬਚਣ ਦਾ ਮਸ਼ਵਰਾ ਦਿਤਾ, ਪਰ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਨਹੀਂ ਦਿਤਾ।

ਇਨ੍ਹਾਂ ਮਾਹਿਰਾਂ ਦੀ ਰਾਇ ਹੈ ਕਿ ਇਸ ਵੇਲੇ ‘ਕੋਵਿਡ-19’ ਦੀਆਂ ਇਕ ਨਹੀਂ, ਤਿੰਨ ਨਵੀਆਂ ਕਿਸਮਾਂ ਦੁਨੀਆਂ ਵਿਚ ਫੈਲੀਆਂ ਹੋਈਆਂ ਹਨ। ਪਰ ਤਿੰਨੋਂ ਹੀ ਬਹੁਤੀਆਂ ਖ਼ਤਰਨਾਕ ਨਹੀਂ। ਇਸੇ ਲਈ ਲੋਕਾਂ ਨੂੰ ਘਰਾਂ ਵਿਚ ਤਾੜਨ ਜਾਂ ਐਵੇਂ ਹੀ ਡਰਾਈ ਰੱਖਣ ਦੀ ਲੋੜ ਨਹੀਂ। ਉਂਜ ਵੀ, ਤਿੰਨਾਂ ਕਿਸਮਾਂ ਦਾ ਪਸਾਰਾ ਭੀੜ-ਭਰੀਆਂ ਥਾਵਾਂ ’ਤੇ ਮਾਸਕ ਦੀ ਵਰਤੋਂ, ਸਾਬਣ ਨਾਲ ਹੱਥ ਵਾਰ-ਵਾਰ ਧੋਣ ਅਤੇ ਮਰੀਜ਼ ਤੋਂ ਥੋੜ੍ਹਾ ਜਿਹਾ ਫਾਸਲਾ ਬਣਾ ਕੇ ਰੱਖਣ ਵਰਗੀਆਂ ਸਾਧਾਰਨ ਸਾਵਧਾਨੀਆਂ ਰਾਹੀਂ ਰੋਕਿਆ ਜਾ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਤਾਂ ਇਹ ਵੀ ਐਲਾਨ ਕਰ ਚੁੱਕਾ ਹੈ ਕਿ ‘ਕੋਵਿਡ-19’ ਵੇਲੇ ਜੋ ਟੀਕੇ ਈਜਾਦ ਹੋਏ ਸਨ, ਉਹ ਹੁਣ ਵਾਲੇ ਹਾਲਾਤ ਵਿਚ ਵੀ 2019-20 ਜਿੰਨੇ ਹੀ ਅਸਰਦਾਰ ਹਨ। ਉਂਜ, ਅਜਿਹੇ ਐਲਾਨਾਂ ਤੋਂ ਭਾਵ ਇਹ ਨਹੀਂ ਕਿ ਇਹਤਿਆਤ ਘਟਾ ਦਿਤੀ ਜਾਵੇ। ਦਰਅਸਲ, ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਕਿਸੇ ਵੀ ਭਵਿੱਖੀ ਐਮਰਜੈਂਸੀ ਲਈ ਤਿਆਰ ਰਹਿਣਾ ਚਾਹੀਦਾ ਹੈ; ਹਸਪਤਾਲਾਂ ਵਿਚ ਵੱਖਰੇ ਵਾਰਡਾਂ ਦਾ ਪ੍ਰਬੰਧ ਕਰਨ ਪੱਖੋਂ ਵੀ ਅਤੇ ਆਕਸੀਜਨ ਸਿਲੰਡਰਾਂ ਤੇ ਦਵਾਈਆਂ ਦੇ ਜ਼ਖੀਰਿਆਂ ਦੇ ਇੰਤਜ਼ਾਮ ਵਲੋਂ ਵੀ। 2021 ਵਾਲੀ ਸਥਿਤੀ ਨੂੰ ਹਰ ਹਾਲ ਟਾਲਿਆ ਜਾਣਾ ਚਾਹੀਦਾ ਹੈ ਜਦੋਂ ਆਕਸੀਜਨ ਸਿਲੰਡਰਾਂ ਅਤੇ ਹਸਪਤਾਲ ਬੈੱਡਾਂ ਦੀ ਘਾਟ ਸੈਂਕੜੇ ਮਰੀਜ਼ਾਂ ਲਈ ਜਾਨਲੇਵਾ ਸਾਬਤ ਹੋਈ ਸੀ। 

ਸਾਹ ਦੀਆਂ ਬਿਮਾਰੀਆਂ ਦੇ ਵੱਖ-ਵੱਖ ਰੂਪ ਦੁਨੀਆਂ ਭਰ ਵਿਚ ਇਨਸਾਨੀ ਜਾਨਾਂ ਉੱਤੇ ਕਹਿਰ ਢਾਹੁੰਦੇ ਆਏ ਹਨ। ਦਰਅਸਲ, ਕੋਵਿਡ-19 ਨਾਲੋਂ ਕਿਤੇ ਵੱਧ ਮੌਤਾਂ ਫੇਫੜਿਆਂ ਦੀ ਟੀ.ਬੀ. ਜਾਂ ਦਮੇ ਨਾਲ ਜੁੜੀਆਂ ਮਰਜ਼ਾਂ ਕਾਰਨ ਹੁੰਦੀਆਂ ਆਈਆਂ ਹਨ। ਫ਼ਰਕ ਇਹ ਹੈ ਕਿ ਇਨ੍ਹਾਂ ਵਿਚੋਂ ਬਹੁਤੀਆਂ ਬਿਮਾਰੀਆਂ ਲਾਗ ਜਾਂ ਛੂਤ ਵਾਲੀਆਂ ਨਹੀਂ। ਕੋਵਿਡ-19 ਲਾਗ ਦੀ ਬਿਮਾਰੀ ਹੈ। ਜਾਨਲੇਵਾ ਨਾ ਰਹਿਣ ਦੇ ਬਾਵਜੂਦ ਇਸ ਨਾਲ ਜੁੜੇ ਖ਼ਤਰਿਆਂ ਪ੍ਰਤੀ ਸੁਚੇਤ ਰਹਿਣਾ ਸਾਡੇ ਸਿਹਤ ਸੰਭਾਲ ਢਾਂਚੇ ਦੀ ਪ੍ਰਮੁਖ ਖ਼ਾਸੀਅਤ ਹੋਣਾ ਚਾਹੀਦਾ ਹੈ। ਸਾਲ 2021 ਵਿਚ ਕੋਵਿਡ ਦੀ ਡੈਲਟਾ ਨਸਲ ਦੇ ਅਚਨਚੇਤੀ ਹਮਲੇ ਨੇ ਸਾਡੀ ਸਰਕਾਰ ਸਮੇਤ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਤਿੰਨ ਮਹੀਨੇ ਵਖ਼ਤ ਪਾਈ ਰੱਖਿਆ ਸੀ। ਉਦੋਂ ਤੋਂ ਸਿੱਖੇ ਸਬਕਾਂ ਨੂੰ ਹੁਣ ਅਮਲ ਵਿਚ ਲਿਆਉਣ ਦਾ ਸਮਾਂ ਹੈ। ਇਸ ਪੱਖੋਂ ਕੋਈ ਵੀ ਕਮੀ ਨਾਕਾਬਿਲੇ-ਬਰਦਾਸ਼ਤ ਮੰਨੀ ਜਾਵੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement