
ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੂੰ ਦਿੱਲੀ ਦੀਆਂ ਚੋਣਾਂ ਵਿਚ ਭਾਜਪਾ ਦੇ ਮੁੱਖ ਪ੍ਰਚਾਰਕ ਦੀ ਜ਼ਿੰਮੇਵਾਰੀ ਤੋਂ ਹਟਾ ਦਿਤਾ ਹੈ
ਅਪਣੇ ਭਵਿੱਖ ਬਾਰੇ ਡਰਨ ਵਾਲਿਆਂ ਦਾ 'ਦੇਸ਼ ਧ੍ਰੋਹ' ਤੇ ਨਫ਼ਰਤ ਫੈਲਾਉਣ ਵਾਲੇ ਜ਼ਿੰਮੇਵਾਰ ਲੋਕਾਂ ਦਾ ਦੇਸ਼-ਧ੍ਰੋਹ!
ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੂੰ ਦਿੱਲੀ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਪ੍ਰਚਾਰਕ ਦੀ ਜ਼ਿੰਮੇਵਾਰੀ ਤੋਂ ਹਟਾ ਦਿਤਾ ਹੈ। ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ਹੇਠ ਹਿਰਾਸਤ ਵਿਚ ਲੈ ਲਿਆ ਹੈ।
Photo
ਇਨ੍ਹਾਂ ਤਿੰਨਾਂ ਦੀ ਸ਼ਬਦਾਵਲੀ ਨੂੰ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਸ਼ਧ੍ਰੋਹੀ ਦੀ ਸੋਚ ਅਤੇ ਭਾਸ਼ਾ ਕਿਸ ਦੇ ਕਥਨਾਂ ਵਿਚ ਜ਼ਿਆਦਾ ਉਘੜਵੀਂ ਨਜ਼ਰ ਆਉਂਦੀ ਹੈ। ਪਹਿਲਾਂ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਗੱਲ ਕਰਦੇ ਹਾਂ। ਆਖ਼ਰ ਉਹ ਇਕ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਨ। ਜ਼ਿੰਮੇਵਾਰ ਨਾਗਰਿਕ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਇਕ ਇਕੱਠ ਵਿਚ ਮੰਚ ਉਤੇ ਖੜੇ ਹੋ ਕੇ ਇਹ ਨਾਹਰਾ ਲਾਇਆ, ''ਦੇਸ਼ ਕੇ ਗ਼ੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।''
Photo
ਇਸ ਨਾਲ ਸੁਣਨ ਵਾਲੇ ਭਾਵੁਕ ਹੋ ਗਏ ਅਤੇ ਵੀਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਇਸ ਨਾਹਰੇ ਨੂੰ ਹੁੰਗਾਰਾ ਦਿਤਾ ਅਤੇ ਮੰਡਪ ਨਫ਼ਰਤ ਭਰੇ ਨਾਹਰਿਆਂ ਨਾਲ ਗੂੰਜ ਉਠਿਆ। ਸੋ ਇਕ ਕੇਂਦਰੀ ਮੰਤਰੀ ਜਨਤਾ ਨੂੰ ਗੋਲੀ ਮਾਰਨ ਲਈ ਉਤਸ਼ਾਹਿਤ ਕਰ ਰਿਹਾ ਸੀ। ਦੂਜੇ ਪਾਸੇ ਹੈ ਉਹ ਸੰਸਦ ਮੈਂਬਰ ਜੋ ਸਾਡੇ ਲੋਕਤੰਤਰ ਦੇ ਮੰਦਰ ਵਿਚ ਸਾਡੀ ਸਰਕਾਰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਤੇ ਸਾਡੇ ਵਲੋਂ ਦਿਤੇ ਗਏ ਟੈਕਸਾਂ ਦੀ ਕਮਾਈ ਨਾਲ ਪੰਜ ਸਾਲ ਦੀ ਨੌਕਰੀ (ਸਾਹਿਬੀ ਜਾਂ ਨਵਾਬੀ) ਕਰਦਾ ਹੈ।
Photo
ਪ੍ਰਵੇਸ਼ ਵਰਮਾ ਆਖਦੇ ਹਨ ਕਿ ਜੋ ਲੋਕ ਸ਼ਾਹੀਨ ਬਾਗ਼ ਵਿਚ ਬੈਠੇ ਹਨ, ਉਹ ਸਾਡੀਆਂ ਦਿੱਲੀ ਦੀਆਂ ਬੇਟੀਆਂ ਦਾ ਬਲਾਤਕਾਰ ਕਰ ਦੇਣਗੇ, ਇਸ ਲਈ ਦਿੱਲੀ ਦੇ ਵੋਟਰਾਂ ਨੂੰ ਭਾਜਪਾ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਕਿ ਮੋਦੀ ਅਤੇ ਸ਼ਾਹ ਬਾਅਦ ਵਿਚ ਇਨ੍ਹਾਂ ਨਾਲ ਨਿਪਟ ਲੈਣ। ਸੋ ਲੋਕਾਂ ਵਿਚ ਡਰ, ਨਫ਼ਰਤ ਫੈਲਾਉਣ ਦਾ ਕੰਮ ਉਹ ਸੰਸਦ ਮੈਂਬਰ ਕਰ ਰਹੇ ਹਨ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕੀ ਹੈ।
Photo
ਤੀਜਾ, ਸ਼ਰਜੀਲ ਇਮਾਮ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜੋ ਕਿ ਆਸਾਮ ਵਿਚ ਮੁਸਲਮਾਨਾਂ ਨੂੰ ਗ਼ੈਰ-ਭਾਰਤੀ ਕਰਾਰ ਦੇਣ ਤੇ ਡੀਟੈਨਸ਼ਨ ਸੈਂਟਰਾਂ ਵਿਚ ਭੇਜੇ ਜਾਣ ਨਾਲ ਸਰਕਾਰ ਤੋਂ ਨਾਰਾਜ਼ ਵੀ ਹੈ ਅਤੇ ਡਰਿਆ ਹੋਇਆ ਵੀ ਹੈ ਕਿ ਕਲ ਉਸ ਦਾ ਅਪਣਾ ਜਾਂ ਪ੍ਰਵਾਰ ਦਾ ਕੋਈ ਜੀਅ ਵੀ ਗ਼ੈਰ-ਭਾਰਤੀ ਕਰਾਰ ਦਿਤਾ ਜਾ ਸਕਦਾ ਹੈ।
Photo
ਆਸਾਮ ਵਿਚ ਅਸੀ ਵੇਖਿਆ ਕਿ ਇਕ ਸਾਬਕਾ ਭਾਰਤੀ ਰਾਸ਼ਟਰਪਤੀ ਦਾ ਪ੍ਰਵਾਰ ਅਤੇ ਇਕ ਭਾਰਤੀ ਫ਼ੌਜੀ ਦਾ ਪ੍ਰਵਾਰ ਵੀ ਨਾਗਰਿਕਤਾ ਤੋਂ ਵਾਂਝੇ ਰਹਿ ਗਏ ਕਿਉਂਕਿ ਉਹ ਮੁਸਲਮਾਨ ਸਨ। ਸੋ ਇਮਾਮ ਨੇ ਆਵਾਜ਼ ਚੁੱਕੀ ਹੈ ਕਿ ਸਾਰੇ ਗ਼ੈਰ-ਮੁਸਲਮਾਨ ਹੁਣ ਮੁਸਲਮਾਨਾਂ ਦੀ ਮਦਦ ਲਈ ਅੱਗੇ ਆਉਣ ਅਤੇ ਇਕ ਸੜਕ ਉਤੇ ਇਕੱਠੇ ਹੋ ਕੇ ਆਸਾਮ ਜਾਣ ਵਾਲੀ ਸੜਕ ਨੂੰ ਰੋਕ ਲੈਣ।
Photo
ਇਹ ਪੁਕਾਰ ਸਹੀ ਨਹੀਂ, ਗ਼ੈਰ-ਸੰਵਿਧਾਨਕ ਹੈ ਪਰ ਇਹ ਇਕ ਵਿਦਿਆਰਥੀ ਦੀ ਆਵਾਜ਼ ਹੈ ਜੋ ਕਿ ਮੁਸਲਮਾਨ ਹੁੰਦੇ ਹੋਏ ਵੀ ਅਪਣੇ ਆਉਣ ਵਾਲੇ ਕਲ੍ਹ ਬਾਰੇ ਚਿੰਤਿਤ ਹੈ। ਇਹ ਚਿੰਤਾ ਸ਼ਾਹੀਨ ਬਾਗ਼ ਵਿਚ ਬੈਠੀਆਂ ਔਰਤਾਂ ਦੀ ਵੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਅਪਣੇ ਮਾਂ-ਬਾਪ ਦੀਆਂ ਜਨਮ ਪਤਰੀਆਂ ਤੇ ਰਿਹਾਇਸ਼ ਦਾ ਸਬੂਤ ਨਹੀਂ ਪੇਸ਼ ਕਰ ਸਕਣਗੀਆਂ ਤੇ ਇਕ ਪਲ ਵਿਚ ਉਨ੍ਹਾਂ ਦੇ ਪ੍ਰਵਾਰ ਸ਼ਰਨਾਰਥੀ ਕਰਾਰ ਦਿਤੇ ਜਾਣਗੇ।
Photo
ਪਰ ਇਕ ਵਿਦਿਆਰਥੀ ਵਿਰੁਧ ਦੇਸ਼ਧ੍ਰੋਹ ਦਾ ਪਰਚਾ ਅਤੇ ਮੰਤਰੀ ਵਿਰੁਧ ਸਿਰਫ਼ ਪ੍ਰਚਾਰ ਉਤੇ ਰੋਕ!! ਜਦੋਂ ਮੰਤਰੀ ਜਨਤਾ ਨੂੰ ਬੰਦੂਕ ਚੁੱਕਣ ਵਾਸਤੇ ਉਤਸ਼ਾਹਿਤ ਕਰ ਰਿਹਾ ਹੈ, ਅਤੇ ਦੂਜਾ ਨਫ਼ਰਤ ਫੈਲਾ ਕੇ ਮਾਹੌਲ ਖ਼ਰਾਬ ਕਰ ਰਿਹਾ ਹੈ, ਤਾਂ ਦੇਸ਼ਧ੍ਰੋਹ ਦਾ ਪਰਚਾ ਉਨ੍ਹਾਂ ਦੋਹਾਂ ਵਿਰੁਧ ਕਿਉਂ ਨਹੀਂ? ਅੱਜ ਦੇ ਦਿਨ ਭਾਰਤ ਵਿਚ ਦੇਸ਼ਧ੍ਰੋਹ ਦੀ ਪ੍ਰੀਭਾਸ਼ਾ ਬਹੁਤ ਬਦਲ ਚੁੱਕੀ ਹੈ।
Photo
ਸੁਪਰੀਮ ਕੋਰਟ ਨੇ ਵੀ ਇਸ ਨਵੀਂ ਸੋਚ ਨੂੰ ਮੱਦੇਨਜ਼ਰ ਰਖਦੇ ਹੋਏ ਦੰਗਈਆਂ ਤੇ ਉਮਰ ਭਰ ਦੀ ਜੇਲ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਸਮਾਜ ਸੇਵਾ ਕਰਨ ਲਈ ਰਿਹਾਅ ਕਰ ਦਿਤਾ ਹੈ! ਇਹ ਉਹ 17 ਲੋਕ ਹਨ ਜਿਨ੍ਹਾਂ ਮੁਜ਼ੱਫ਼ਰਨਗਰ ਵਿਚ 33 ਮੁਸਲਮਾਨਾਂ ਨੂੰ ਜ਼ਿੰਦਾ ਸਾੜਿਆ ਸੀ ਤੇ ਜਿਨ੍ਹਾਂ ਵਿਚ 22 ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।
Photo
ਸੋਚੋ ਇਹ ਉਹ 17 ਹੈਵਾਨ ਸਨ ਜਿਨ੍ਹਾਂ ਨੇ 33 ਲੋਕਾਂ ਦੀਆਂ ਸੜਦਿਆਂ ਦੀਆਂ ਚੀਕਾਂ ਦਾ ਆਨੰਦ ਮਾਣਿਆ ਹੋਵੇਗਾ। ਇਨ੍ਹਾਂ ਵਿਚ ਪਛਤਾਵਾ ਤਾਂ ਅਜੇ ਵੀ ਨਹੀਂ, ਕਿਉਂਕਿ ਅਜੇ ਵੀ ਇਹ ਅਪਣੇ ਗੁਨਾਹ ਨੂੰ ਕਬੂਲ ਨਹੀਂ ਕਰ ਰਹੇ ਜਦਕਿ ਇਕ ਇਕ ਵਿਰੁਧ ਦੋ ਜਾਂ ਵੱਧ ਚਸ਼ਮਦੀਦ ਗਵਾਹ ਹਨ। ਪਰ ਸਾਡੇ ਨਿਆਂ ਦੇ ਮੰਦਰ ਵਿਚ ਬੈਠੀਆਂ 'ਨਿਆਂ ਮੂਰਤੀਆਂ' ਨੇ ਇਨ੍ਹਾਂ ਨੂੰ ਛੋਟ ਦੇ ਦਿਤੀ ਤਾਕਿ ਇਹ ਖੁੱਲ੍ਹੀ ਹਵਾ ਵਿਚ ਜਾ ਕੇ ਰਹਿਣ ਲੱਗ ਜਾਣ।
Photo
ਦੰਗੇ ਕਰਨ ਵਾਲੇ, ਨਫ਼ਰਤ ਫੈਲਾਉਣ ਵਾਲੇ, ਸੰਵਿਧਾਨ ਵਿਰੁਧ ਜਾਣ ਵਾਲੇ, ਦੰਗਿਆਂ ਵਾਸਤੇ ਉਤਸ਼ਾਹਿਤ ਕਰਨ ਵਾਲੇ, ਦੇਸ਼ਧ੍ਰੋਹੀ ਹੁੰਦੇ ਹਨ ਨਾਕਿ ਸਰਕਾਰ ਦੀ ਨੀਤੀ ਤੋਂ ਪੀੜਤ ਹੋਣ ਵਾਲੇ ਤੇ ਆਵਾਜ਼ ਚੁੱਕਣ ਵਾਲੇ। ਇਮਾਮ ਦਾ ਤਰੀਕਾ ਗ਼ਲਤ ਸੀ ਪਰ ਉਸ ਦੇ ਤਰੀਕੇ ਅਤੇ ਅਨੁਰਾਗ ਠਾਕੁਰ ਦੇ ਤਰੀਕੇ ਵਿਚ ਕੋਈ ਫ਼ਰਕ ਵੀ ਹੈ? ਸਾਡੀ ਸਮਝ ਅਨੁਸਾਰ ਇਕ ਮੰਤਰੀ ਦਾ ਕਸੂਰ ਇਕ ਵਿਦਿਆਰਥੀ ਨਾਲੋਂ ਜ਼ਿਆਦਾ ਹੈ। ਚਲੋ ਜ਼ਿਆਦਾ ਨਹੀਂ ਤਾਂ ਬਰਾਬਰ ਤਾਂ ਮੰਨ ਹੀ ਲੈਣਾ ਚਾਹੀਦਾ ਹੈ। -ਨਿਮਰਤ ਕੌਰ