
41 ਮਜ਼ਦੂਰਾਂ ਦੀਆਂ ਜਾਨਾਂ ਬੱਚ ਜਾਣ ਤੇ ਜਸ਼ਨ ਮਨਾਉਣਾ ਤਾਂ ਬਣਦਾ ਹੀ ਹੈ ਕਿਉਂਕਿ ਜੇ ਇਹ ਬਾਹਰ ਨਾ ਆ ਸਕਦੇ ਤਾਂ ਉਤਰਾਖੰਡ ਦੀ ਸਿਆਸਤ ਖ਼ਤਰੇ ਵਿਚ ਪੈ ਜਾਂਦੀ। ਪਰ ਅੱਗੇ ਕੀ?
Editorial: 17 ਦਿਨਾਂ ਬਾਅਦ ਉਤਰਕਾਸ਼ੀ ਵਿਚ ਫਸੇ ਵਰਕਰ ਜ਼ਿੰਦਾ ਬਾਹਰ ਆਉਣ ’ਤੇ ਦੇਸ਼ ਦੇ ਲੋਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਤੇ ਖ਼ਾਸ ਕਰ ਕੇ ਜਦ ਅਮਰੀਕਾ ਦੇ ਵੱਡੇ ਨਾਮੀ ਮਾਹਰ ਤੇ ਮਹਿੰਗੀਆਂ ਮਸ਼ੀਨਾਂ ਨੂੰ ਇਕ ਪਾਸੇ ਕਰ ਕੇ, ਆਖ਼ਰਕਾਰ ਜਾਨ ਤਲੀ ’ਤੇ ਧਰ ਕੇ ਆਮ ਗ਼ਰੀਬ ਚੂਹਾ ਖੁਡ ਖੁਦਾਈ ਕਰਨ ਵਾਲੇ ਭਾਰਤੀ ਹੀ ਕਾਮਯਾਬ ਹੋ ਸਕੇ। ਚੂਹਾ ਖੁਡ ਖੁਦਾਈ ਕਰਨ ਵਾਲੇ ਜਿਨ੍ਹਾਂ ਨੌਜੁਆਨਾਂ ਨੇ 41 ਲੋਕਾਂ ਦੀ ਜਾਨ ਬਚਾਈ ਹੈ, ਉਨ੍ਹਾਂ ਦੀ ਦਲੇਰੀ ਦਾ ਸਬੂਤ ਇਹੀ ਹੈ ਕਿ ਇਸ ਪ੍ਰਕਿਰਿਆ ਨੂੰ ਏਨਾ ਖ਼ਤਰਨਾਕ ਮੰਨਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਨੇ ਵੀ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੋਈ ਹੈ।
ਇਕ ਛੋਟੀ ਜਹੀ ਸੁਰੰਗ ਨੂੰ ਤੋੜਦੇ ਤੋੜਦੇ ਇਹ ਲੋਕ ਅਪਣੀ ਜਾਨ ਖ਼ਤਰੇ ਵਿਚ ਪਾ ਰਹੇ ਸਨ ਕਿਉਂਕਿ ਪਹਾੜ ਕਿਸੇ ਵੀ ਥਾਂ ਤੋਂ ਟੁਟ ਸਕਦੇ ਸਨ ਤੇ ਇਨ੍ਹਾਂ ਮਾਈਨਰਾਂ ਨੂੰ ਅਪਣੇ ਹੇਠਾਂ ਦੱਬ ਸਕਦੇ ਸਨ। ਪਰ ਜਦ ਸੱਭ ਕੁੱਝ ਬੇਕਾਰ ਸਾਬਤ ਹੋਇਆ ਤਾਂ ਇਸ ਖ਼ਤਰਨਾਕ ਤਰੀਕੇ ਨੂੰ ਅਜ਼ਮਾਉਣਾ ਹੀ ਪਿਆ। ਇਨ੍ਹਾਂ ਦੀ ਸਫ਼ਲਤਾ ’ਤੇ ਮਾਣ ਹੈ ਪਰ ਆਖ਼ਰ ਕਦ ਤਕ ਅਸੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ, ਇਸ ਤਰ੍ਹਾਂ ਦੇ ਗ਼ੈਰ ਕੁਦਰਤੀ ਵਿਕਾਸ ਪਿੱਛੇ ਲੱਗੇ ਰਹਾਂਗੇ?
ਹਾਲ ਵਿਚ ਹੀ ਜੋਸ਼ੀਮੱਠ ਵਿਚ ਲੋਕਾਂ ਦੇ ਘਰਾਂ ਨੂੰ ਪਲਾਂ ਵਿਚ ਮਲਬਾ ਬਣਦੇ ਵੇਖਿਆ ਹੈ। ਉਤਰਾਖੰਡ ਵਿਚ ਵਾਰ ਵਾਰ ਆਫ਼ਤਾਂ ਨੂੰ ਉਸਾਰੀਕਰਨ ਨੇ ਆਪ ਸੱਦਾ ਦਿਤਾ ਹੈ। ਇਸ ਪ੍ਰਾਜੈਕਟ ਬਾਰੇ ਚਾਰ ਧਾਮ ਨੂੰ ਜੋੜਨ ਦੇ ਰਸਤੇ ਤੇ ਕੁਦਰਤੀ ਮਾਹਰਾਂ, ਭਾਰਤੀਆਂ ਤੇ ਵਿਦੇਸ਼ੀਆਂ ਦੁਹਾਂ ਨੇ ਲਗਾਤਾਰ ਇਤਰਾਜ਼ ਜਤਾਇਆ ਹੈ ਕਿਉਂਕਿ ਜਿਸ ਤਰ੍ਹਾਂ ਪਹਾੜਾਂ ਨੂੰ ਤੋੜ ਤੋੜ ਕੇ ਰਸਤੇ ਕੱਢੇ ਜਾ ਰਹੇ ਹਨ, ਉਹ ਕੁਦਰਤੀ ਸੰਤੁਲਨ ਨੂੰ ਡਾਢਾ ਨੁਕਸਾਨ ਪਹੁੰਚਾਉਣਗੇ।
ਇਸ ਪ੍ਰਾਜੈਕਟ ਨੂੰ ਵੀ ਕਾਹਲੀ ਵਿਚ ਕਰਨ ਖ਼ਾਤਰ ਵੱਖ ਵੱਖ ਭਾਗਾਂ ਵਿਚ ਵੰਡਿਆ ਗਿਆ ਹੈ ਜਦਕਿ ਚਾਹੀਦਾ ਇਹ ਸੀ ਕਿ ਪਹਿਲਾਂ ਇਸ ਦੀ ਅਸਮਰੱਥਾ ਤੇ ਕੁਦਰਤੀ ਨੁਕਸਾਨ ਦੀ ਵਿਸਥਾਰਤ ਖੋਜ ਕੀਤੀ ਜਾਂਦੀ। ਕੁਦਰਤੀ ਮਾਹਰਾਂ ਵਲੋਂ ਮਾਮਲਾ ਅਦਾਲਤ ਤਕ ਲਿਜਾਇਆ ਗਿਆ ਸੀ ਪਰ ਜਦ ਇਹ ਤੈਅ ਹੋ ਹੀ ਚੁੱਕਾ ਸੀ ਕਿ ਚਾਰ ਧਾਮਾਂ ਨੂੰ ਜੋੜਨ ਦਾ ਰਸਤਾ ਬਣਾਉਣਾ ਹੀ ਬਣਾਉਣਾ ਹੈ ਤਾਂ ਫਿਰ ਰਾਜਸੀ ਲੋਕ ਰਸਤੇ ਕੱਢ ਹੀ ਲੈਂਦੇ ਹਨ। ਮੰਨਿਆ ਜਾਂਦਾ ਹੈ ਕਿ ਉਤਰਾਖੰਡ ਵਿਚ ਇਸ ਨਾਲ ਧਾਰਮਕ ਸੈਰ ਸਪਾਟਾ ਵਧੇਗਾ ਤੇ ਵਿਕਾਸ ਵੀ ਹੋਵੇਗਾ। ਜਿਹੜੇ 41 ਲੋਕ 17 ਦਿਨਾਂ ਵਾਸਤੇ ਸੁਰੰਗ ਵਿਚ ਬੰਦ ਰਹੇ, ਕੀ ਉਨ੍ਹਾਂ ਦੀ ਦੁਰਦਸ਼ਾ ਤੋਂ, ਪੈਸਾ ਉਪਰ ਮੰਨਿਆ ਜਾ ਸਕਦਾ ਹੈ?
ਇਕ ਸ਼ਖ਼ਸ ਨੇ ਦਸਿਆ ਕਿ ਉਹ ਪਹਾੜ ਤੋਂ ਟਪਕਦਾ ਬੂੰਦ ਬੂੰਦ ਪਾਣੀ ਚਟ ਕੇ ਅਪਣਾ ਬਚਾਅ ਕਰ ਰਿਹਾ ਸੀ ਤੇ ਉਸ ਦਾ ਪਿਤਾ ਉਸ ਦੇ ਬਾਹਰ ਨਿਕਲਣ ਤੋਂ ਕੁੱਝ ਘੰਟੇ ਪਹਿਲਾਂ ਹੀ ਸਦਮੇ ਵਿਚ ਦਮ ਤੋੜ ਗਿਆ ਸੀ। ਇਹ ਤਾਂ ਅੱਜ ਸੜਕ ਬਣਨ ਤੋਂ ਪਹਿਲਾਂ ਦਾ ਹਾਦਸਾ ਹੈ। ਜਿਹੜੇ ਅਮਰੀਕੀ ਮਾਹਰ ਆਰਨਲਡ ਡਿਕਸ ਨੂੰ ਇਨ੍ਹਾਂ ਨੂੰ ਕੱਢਣ ਵਾਸਤੇ ਬੁਲਾਇਆ ਗਿਆ, ਉਸ ਦਾ ਵੀ ਇਹੀ ਕਹਿਣਾ ਹੈ ਕਿ ਭਾਰਤ ਦੇ ਹਿਮਾਲਿਆ ਪਹਾੜ ਅਮਰੀਕਾ ਦੇ ਐਲਪਸ ਵਾਂਗ ਅਜੇ ਬੁਢੇ ਨਹੀਂ ਹੋਏ। ਇਹ ਨੌਜੁਆਨ ਪਹਾੜ ਇਸ ਤਰ੍ਹਾਂ ਦੀ ਤੋੜ ਭੰਨ ਨਹੀਂ ਸਹਾਰ ਸਕਦੇ।
41 ਮਜ਼ਦੂਰਾਂ ਦੀਆਂ ਜਾਨਾਂ ਬੱਚ ਜਾਣ ਤੇ ਜਸ਼ਨ ਮਨਾਉਣਾ ਤਾਂ ਬਣਦਾ ਹੀ ਹੈ ਕਿਉਂਕਿ ਜੇ ਇਹ ਬਾਹਰ ਨਾ ਆ ਸਕਦੇ ਤਾਂ ਉਤਰਾਖੰਡ ਦੀ ਸਿਆਸਤ ਖ਼ਤਰੇ ਵਿਚ ਪੈ ਜਾਂਦੀ। ਪਰ ਅੱਗੇ ਕੀ? ਕੀ ਇਸ ਟਨਲ ਨੂੰ ਬਣਨੋਂ ਹੁਣ ਰੋਕ ਦਿਤਾ ਜਾਵੇਗਾ ਤੇ ਸਹੀ ਤਰੀਕੇ ਨਾਲ ਇਸ ਸੋਚ ਨੂੰ ਕੁਦਰਤੀ ਨਿਯਮਾਂ ਨੂੰ ਸਾਹਮਣੇ ਰੱਖ ਕੇ ਮੁੜ ਤੋਂ ਪੜਚੋਲਿਆ ਜਾਵੇਗਾਾ ਜਾਂ ਹਰ ਵਾਰ ਦੀ ਤਰ੍ਹਾਂ ਪੈਸਾ ਹੀ ਸੱਭ ਤੋਂ ਵੱਡਾ ਮਨੋਰਥ ਬਣਿਆ ਰਹੇਗਾ?
- ਨਿਮਰਤ ਕੌਰ