
ਪੰਜਾਬੀ ਲੋਕ ਸਾਹਿਤ ਦੀਆਂ ਵੰਨਗੀਆਂ ਲੋਕ ਗੀਤਾਂ ਅਤੇ ਬੋਲੀਆਂ ਵਿਚ ਵੀ ਛੱਪੜ ਪੰਜਾਬੀ ਜੀਵਨ ਦੇ ਅੰਗ ਸੰਗ ਰਹਿਣ ਦੀ ਗਵਾਹੀ ਭਰਦਾ ਹੈ।
Ponds disappearing: ਅਜੋਕੇ ਸਮੇਂ ਵਿਚ ਜਿਥੇ ਪੰਜਾਬੀ ਸਭਿਆਚਾਰ ਅਤੇ ਲੋਕ ਸਹਿਤ ਵਿਚੋਂ ਛੱਪੜਾਂ ਦਾ ਜ਼ਿਕਰ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਹੈ, ਉਥੇ ਨਾਲ ਹੀ ਯਥਾਰਥ ਦੀ ਧਰਾਤਨ ਉਤੇ ਪੰਜਾਬੀ ਪੇਂਡੂ ਜੀਵਨ ਅਤੇ ਪੇਂਡੂ ਰਹਿਤਲ ਵਿਚੋਂ ਇਹ ਇਕ ਅਹਿਮ ਅੰਗ ਛੱਪੜ ਪੂਰਨ ਤੌਰ ’ਤੇ ਖ਼ਤਮ ਹੁੰਦੇ ਜਾ ਰਹੇ ਹਨ। ਪਿੰਡਾਂ ਅੰਦਰ ਛੱਪੜ ਪੇਂਡੂ ਸਮਾਜ ਦਾ ਇਕ ਅਹਿਮ ਅੰਗ ਰਿਹਾ ਹੈ ਜਿਸ ਨਾਲ ਪਿੰਡ ਦੇ ਉੱਚ ਵਰਗ ਤੋਂ ਲੈ ਕੇ ਨਿਮਨ ਵਰਗ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜਿਆ ਰਿਹਾ ਹੈ।
ਇਸ ਨਾਲ ਹੀ ਇਹ ਛੱਪੜ ਜਿਥੇ ਪਸ਼ੂਆਂ ਆਦਿ ਨੂੰ ਨੁਹਾਉਣ ਆਦਿ ਲਈ ਵਰਤਿਆ ਜਾਂਦਾ ਰਿਹਾ ਹੈ, ਉੱਥੇ ਨਾਲ ਹੀ ਅੱਤ ਗ਼ਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਵਾਸਤੇ ਵੀ ਇਨ੍ਹਾਂ ਛੱਪੜਾਂ ਦੀ ਮਿੱਟੀ ਉਨ੍ਹਾਂ ਦੇ ਘਰਾਂ ਦੀ ਛੱਤ ਬਣਦੀ ਰਹੀ ਹੈ। ਕਦੇ ਇਹ ਛੱਪੜ ਪੰਜਾਬੀ ਪੇਂਡੂ ਸਭਿਆਚਾਰ ਦਾ ਇਕ ਅਹਿਮ ਅੰਗ ਰਿਹਾ ਹੈ ਭਾਵੇਂ ਕਿ ਅੱਜ ਇਹ ਛੱਪੜ ਲੋਕਾਂ ਨੇ ਅਪਣੇ ਸਵਾਰਥਾਂ ਦੀ ਖ਼ਾਤਰ ਇਨ੍ਹਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਬਜਾਏ ਸੌੜੀ ਰਾਜਨੀਤੀ ਦੀ ਭੇਟ ਚੜ੍ਹਾ ਦਿਤੇ ਹਨ ਤੇ ਦਿਨੋਂ ਦਿਨ ਅਲੋਪ ਹੁੰਦੇ ਜਾ ਰਹੇ ਹਨ ਜਿਸ ਨਾਲ ਪਸ਼ੂਆਂ ਅਤੇ ਹੋਰ ਜਾਨਵਰਾਂ ਲਈ ਵੀ ਛੱਪੜਾਂ ਦੀ ਅਣਹੋਂਦ ਸਰਾਪ ਬਣਦੀ ਜਾ ਰਹੀ ਹੈ।
ਪੰਜਾਬੀ ਲੋਕ ਸਾਹਿਤ ਦੀਆਂ ਵੰਨਗੀਆਂ ਲੋਕ ਗੀਤਾਂ ਅਤੇ ਬੋਲੀਆਂ ਵਿਚ ਵੀ ਛੱਪੜ ਪੰਜਾਬੀ ਜੀਵਨ ਦੇ ਅੰਗ ਸੰਗ ਰਹਿਣ ਦੀ ਗਵਾਹੀ ਭਰਦਾ ਹੈ। ਇਨ੍ਹਾਂ ਬੋਲੀਆਂ ਅਤੇ ਲੋਕ ਗੀਤਾਂ ਵਿਚ ਜਿਥੇ ਛੱਪੜ ਵਿਚੋਂ ਨਹਾ ਕੇ ਬਾਹਰ ਨਿਕਲਦੀਆਂ ਮੁਟਿਆਰਾਂ ਦਾ ਜ਼ਿਕਰ ਆਉਂਦਾ ਹੈ, ਉਥੇ ਨਾਲ ਹੀ ਇਨ੍ਹਾਂ ਛੱਪੜਾਂ ਅਤੇ ਟੋਭਿਆਂ ਵਿਚ ਪਸ਼ੂਆਂ ਦੀਆਂ ਪੂਛਾਂ ਫੜ ਤਾਰੀ ਲਾਉਣ ਦੀਆਂ ਸਤਰਾਂ ਵੀ ਲੋਕ ਗੀਤਾਂ ਦਾ ਸ਼ਿੰਗਾਰ ਬਣਦੀਆਂ ਸਨ। ਦਿਨੋਂ ਦਿਨ ਛੱਪੜਾਂ ਦੇ ਅਲੋਪ ਹੋਣ ਨਾਲ ਇਹ ਬੀਤੇ ਦੀਆਂ ਕਹਾਣੀਆਂ ਹੀ ਬਣ ਕੇ ਰਹਿ ਜਾਣਗੀਆਂ।
ਜਿਥੇ ਇਹ ਛੱਪੜ ਪਸ਼ੂ, ਪੰਛੀਆਂ ਅਤੇ ਹੋਰ ਰੋਜ਼ਮਰਾ ਦੇ ਕੰਮਾਂਕਾਰਾਂ ਲਈ ਵੀ ਇਹ ਛੱਪੜ ਪੇਂਡੂ ਲੋਕਾਂ ਦੇ ਜੀਵਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਥੇ ਇਸ ਤੋਂ ਇਲਾਵਾ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਹੋਰ ਮੀਹਾਂ ਆਦਿ ਦੇ ਪਾਣੀਆਂ ਨੂੰ ਅਪਣੇ ਅੰਦਰ ਸਮੋ ਕੇ ਇਹ ਛੱਪੜ ਮਨੁੱਖਤਾ ਦੀ ਸੇਵਾ ਵੀ ਕਰਦੇ ਰਹੇ ਹਨ। ਤਰਾਸਦੀ ਇਹ ਹੈ ਕਿ ਅਜੋਕੇ ਸਮੇਂ ਵਿਚ ਪੰਜਾਬ ਦੇ ਪਿੰਡ ਜ਼ਿਆਦਾਤਰ ਇਸ ਤੋਂ ਸੱਖਣੇ ਹੁੰਦੇ ਜਾ ਰਹੇ ਹਨ ਜਿਸ ਦਾ ਮੁੱਖ ਅਤੇ ਮੁਢਲਾ ਕਾਰਨ ਲੋਕਾਂ ਦੀ ਨਜ਼ਰ ਵਿਚ ਕੁੱਝ ਰਾਜਸੀ ਲੋਕ ਹੀ ਹਨ ਜਿਸ ਕਰ ਕੇ ਸਾਡੇ ਪੇਂਡੂ ਸਭਿਆਚਾਰ ਲਈ ਆਉਣ ਵਾਲੇ ਸਮੇਂ ਵਿਚ ਇਹ ਇਕ ਗੰਭੀਰ ਚੁਨੌਤੀ ਉਭਰ ਕੇ ਸਾਹਮਣੇ ਆਵੇਗੀ।
-ਕਸ਼ਮੀਰ ਸਿੰਘ ਕਾਦੀਆਂ। 78379-17054
(For more Punjabi news apart from Ponds disappearing in villages in Punjab, stay tuned to Rozana Spokesman)