
ਬਰਤਾਨਵੀ ਪੁਲਿਸ ਅਧਿਕਾਰੀਆਂ ਨੂੰ ਗੁਰਦਵਾਰਿਆਂ ਵਿਚ ਸਨਮਾਨ ਨਾ ਦੇਣ ਦਾ ਮਤਾ ਕੀਤਾ ਪਾਸ.........
ਲੰਡਨ : ਭਾਰਤ ਸਰਕਾਰ ਦੇ ਇਸ਼ਾਰੇ 'ਤੇ ਬੀਤੇ ਹਫ਼ਤੇ ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿਚ ਸਿੱਖਾਂ ਦੇ ਘਰਾਂ 'ਤੇ ਪੁਲਿਸ ਵਲੋਂ ਛਾਪੇਮਾਰੀ ਦੇ ਰੋਸ ਵਜੋਂ ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਤੇ ਫ਼ਰੀ ਜੱਗੀ ਕੰਪੇਨ ਅਤੇ ਸਿੱਖ ਯੂਥ ਯੂ ਕੇ ਵਲੋਂ ਬਰਤਾਨਵੀ ਸਰਕਾਰ ਕੰਜ਼ਰਵੇਟਿਵ (ਟੋਰੀ) ਪਾਰਟੀ ਦੀ ਮੀਟਿੰਗ ਮੌਕੇ ਇੰਟਰਨੈਸ਼ਨਲ ਕੰਨਵੈਨਸ਼ਨ ਸੈਂਟਰ ਬਰਮਿੰਘਮ ਵਿਖੇ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ ।
ਰੋਸ ਵਿਖਾਵੇ ਵਿਚ ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਸਾਬਤ ਕਰ ਦਿਤਾ ਕਿ ਕੋਈ ਜ਼ੁਲਮ ਜਾਂ ਭਾਰਤ 'ਤੇ ਇਸ਼ਾਰੇ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਉਨ੍ਹਾਂ ਦੇ ਹੌਂਸਲੇ ਪਸਤ ਨਹੀਂ ਕਰ ਨਹੀਂ ਸਕਦੀ। ਇਸ ਮੌਕੇ ਆਇਰਲੈਂਡ ਦੇ ਜਸਟਿਸ ਫ਼ਾਰ 21 ਮੁਹਿੰਮ ਵਲੋਂ ਸੰਬੋਧਨ ਕਰਦਿਆਂ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਆਵਾਜ਼ ਉਠਾਈ ਗਈ ।ਇਸ ਸਮੇਂ ਜਿਨ੍ਹਾਂ ਪੰਜ ਸਿੱਖ ਨੌਜਵਾਨਾਂ ਦੇ ਘਰਾਂ 'ਤੇ ਬਰਤਾਨਵੀ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ਨੇ ਛਾਪੇਮਾਰੀ ਕਰ ਕੇ ਪਰਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ,
ਬੱਚਿਆਂ ਦੀਆਂ ਪਿੱਗੀ ਬੈਂਕਾਂ, ਬਜ਼ੁਰਗਾਂ ਦੀਆਂ ਪੈਨਸ਼ਨ ਬੁਕਾਂ ਨੂੰ ਚੁਕ ਕੇ ਲੈ ਗਏ, ਪਰਵਾਰਾਂ ਨੂੰ ਘੰਟਿਆਂ ਬੱਧੀ ਘਰਾਂ ਤੋਂ ਬਾਹਰ ਰਖਿਆ। ਉਨ੍ਹਾਂ ਵਲੋਂ ਮਤਾ ਪਾਸ ਕਰਦਿਆਂ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਵੈਸਟ ਮਿੱਡਲੈਂਡ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਸਨਮਾਨਤ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ਬੋਲਣ ਦਿਤਾ ਜਾਵੇ। ਜਿੰਨਾ ਚਿਰ ਇਹ ਸਿੱਖ ਕੌਮ ਨੂੰ ਸਪੱਸ਼ਟ ਨਹੀਂ ਕਰਦੇ ਕਿ ਇਹ ਛਾਪੇਮਾਰੀ ਕਿਉਂ ਅਤੇ ਕਿਸ ਮਕਸਦ ਨਾਲ ਕੀਤੀ ਗਈ ਅਤੇ ਭਵਿੱਖ ਵਿਚ ਅਜਿਹਾ ਨਾ ਵਾਪਰਨ ਦਾ ਭਰੋਸਾ ਨਹੀਂ ਦਿਵਾਇਆ ਜਾਂਦਾ ।
ਇਸ ਮਤੇ ਦੀ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਦੇ ਮੌਕੇ 'ਤੇ ਮੌਜੂਦ ਮੈਂਬਰਾਂ ਵਲੋਂ ਡੱਟ ਕੇ ਪ੍ਰੋੜਤਾ ਕਰਦਿਆਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ 'ਤੇ ਅਮਲ ਕਰਨ ਲਈ ਆਖਿਆ ਤਾਕਿ ਸਿੱਖ ਨੌਜਵਾਨ ਪੂਰੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਯਤਨ ਜਾਰੀ ਰੱਖੇ ਜਾਣ। ਜ਼ਿਕਰਯੋਗ ਹੈ ਕਿ ਜੂਨ 1984 ਨੂੰ ਸਿੱਖ ਤਵਾਰੀਖ਼ ਵਿਚ ਵਾਪਰੇ ਤੀਸਰੇ ਖ਼ੂਨੀ ਘੱਲੂਘਾਰੇ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਜ਼ਾਹਰ ਹੋ ਚੁਕੀ ਹੈ, ਇਸ ਬਾਰੇ ਸਿੱਖਾਂ ਦੀ ਮੰਗ ਹੈ ਕਿ ਇਨ੍ਹਾਂ ਨੇ ਭਾਰਤੀ ਫ਼ੌਜ ਵਲੋਂ ਸਿੱਖਾਂ 'ਤੇ ਢਾਹੇ ਗਏ ਕਹਿਰ ਵਿਚ ਕਿਸ ਕਦਰ ਸਾਥ ਦਿਤਾ ਸੀ
ਉਸ ਦੀ ਨਿਰਪੱਖ ਇਨਕੁਆਰੀ ਕਰਵਾਈ ਜਾਵੇ ਤਾਕਿ ਸੱਚਾਈ ਸਾਹਮਣੇ ਆ ਸਕੇ । ਗੌਰ ਤਲਬ ਹੈ ਕਿ ਜੂਨ 1984 ਵਿਚ ਜਦੋਂ ਭਾਰਤੀ ਫ਼ੌਜ ਵਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਅਤੇ ਹਿੰਦੂਤਵੀ ਲਾਬੀ ਖ਼ਾਸ ਕਰ ਭਾਜਪਾ ਅਤੇ ਰਵਾਇਤੀ ਕਾਲੀ ਦਲ ਦੇ ਆਗੂਆਂ ਦੀ ਸਹਿਮਤੀ ਨਾਲ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ
ਤਾਂ ਬਰਤਾਨੀਆ ਵਿਚ ਉਸ ਸਮੇਂ ਵੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ। ਬੀਤੇ ਵਰ੍ਹੇ ਪੰਜਾਬ ਵਿਚ ਵਿਆਹ ਕਰਵਾਉਣ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਕੇ ਅਣਮਨੁੱਖੀ ਤਸ਼ੱਦਦ ਕਰਨ ਮਗਰੋਂ ਝੂਠੇ ਕੇਸਾਂ ਵਿਚ ਫਸਾਇਆ ਗਿਆ ਤਾਂ ਵੀ ਮੌਜੂਦਾ ਸਰਕਾਰ ਭਾਵ ਕੰਜ਼ਰਵੇਟਿਵ ਪਾਰਟੀ ਦੀ ਹੀ ਸਰਕਾਰ ਹੈ, ਕੁੱਝ ਨਹੀਂ ਕੀਤਾ ਗਿਆ।