
ਨਾਦ ਪ੍ਰਗਾਸੁ ਵਲੋਂ ਅਮਰੀਕੀ ਸਿੱਖ ਵਿਦਵਾਨ ਅਮਨਦੀਪ ਸਿੰਘ ਦੀ ਲਿਖੀ ਪੁਸਤਕ 'ਅਕਾਲ ਤਖ਼ਤ: ਰਿਵਿਜ਼ਟਿੰਗ ਮੀਰੀ ਇਨ ਪੁਲੀਟੀਕਲ ਇਮੈਜੀਨੇਸ਼ਨ'................
ਅੰਮ੍ਰਿਤਸਰ : ਨਾਦ ਪ੍ਰਗਾਸੁ ਵਲੋਂ ਅਮਰੀਕੀ ਸਿੱਖ ਵਿਦਵਾਨ ਅਮਨਦੀਪ ਸਿੰਘ ਦੀ ਲਿਖੀ ਪੁਸਤਕ 'ਅਕਾਲ ਤਖ਼ਤ: ਰਿਵਿਜ਼ਟਿੰਗ ਮੀਰੀ ਇਨ ਪੁਲੀਟੀਕਲ ਇਮੈਜੀਨੇਸ਼ਨ' ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਚ ਜਾਰੀ ਕੀਤੀ ਗਈ ਅਤੇ ਵੱਖ-ਵੱਖ ਵਿਦਵਾਨਾਂ ਨੇ ਪੁਸਤਕ ਬਾਰੇ ਅਪਣੇ ਵਿਚਾਰ ਪ੍ਰਗਟ ਕੀਤੇ। ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਸ ਪੁਸਤਕ ਨਾਲ ਅਕਾਲ ਤਖ਼ਤ ਦੇ ਸਿਧਾਂਤ ਅਤੇ ਵਿਹਾਰ ਸਬੰਧੀ ਚਲ ਰਹੀ ਬਹਿਸ ਨੂੰ ਠੀਕ ਦਿਸ਼ਾ ਮਿਲਣ ਦੀ ਆਸ ਬੱਝੀ ਹੈ।
ਸਾਬਕਾ ਪ੍ਰੋਫ਼ੈਸਰ, ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਦਿੱਲੀ ਪ੍ਰੋ. ਐਮੀਰਾਈਟਸ ਡਾ. ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਪਧਰੀ ਚਿੰਤਨ ਵਿਚ ਦਾਖ਼ਲ ਹੋਣ ਲਈ ਪੰਜਾਬ ਦੇ ਵਿਦਿਆਰਥੀਆਂ ਨੂੰ ਆਪੋ-ਅਪਣੇ ਵਿਸ਼ਿਆਂ ਪ੍ਰਤੀ ਸਿਧਾਂਤਕ ਪਹੁੰਚ ਅਪਣਾਉਣ ਦੀ ਲੋੜ ਹੈ। ਪੁਸਤਕ ਦੇ ਲੇਖਕ ਅਮਨਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਨੂੰ ਮੌਜੂਦਾ ਸੰਦਰਭ ਵਿਚ ਪ੍ਰਸੰਗਕ ਸਾਬਤ ਕਰਨ ਲਈ ਖੋਜਾਰਥੀਆਂ ਨੂੰ ਸੈਕੂਲਰ ਮਾਡਲ ਦੇ ਨਾਲ-ਨਾਲ ਅਲੋਚਨਾ ਸਿਧਾਂਤ ਨੂੰ ਵੀ ਗੰਭੀਰਤਾ ਨਾਲ ਪੜ੍ਹਨਾ ਪਵੇਗਾ।
ਜਦੋਂ ਤਕ ਅਕਾਲ ਤਖ਼ਤ ਦਾ ਸੈਕੂਲਰ ਮਾਡਲ ਨਾਲ ਸੰਵਾਦ ਨਹੀਂ ਰਚਾਇਆ ਜਾਂਦਾ, ਉਦੋਂ ਤਕ ਇਹ ਸੰਸਥਾ ਅਪਣੇ ਰਾਜਨੀਤਕ ਅਰਥ ਸਥਾਪਤ ਨਹੀਂ ਕਰ ਸਕੇਗੀ। ਆਈਆਈਟੀ, ਦਿੱਲੀ ਤੋਂ ਅਮਨਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕ ਖੇਤਰ ਵਿਚ ਅਕਾਲ ਤਖ਼ਤ ਦੇ ਦਾਰਸ਼ਨਿਕ ਪ੍ਰਸੰਗ ਦੀ ਗ਼ੈਰ ਹਾਜ਼ਰੀ ਪ੍ਰਤੀ ਜਾਗ੍ਰਿਤ ਕਰਨ ਦਾ ਇਕ ਯਤਨ ਹੈ।
ਸਮਾਗਮ ਵਿਚ ਦਿੱਲੀ ਯੂਨੀਵਰਸਟੀ, ਪੰਜਾਬ ਟੈਕਨੀਕਲ ਯੂਨੀਵਰਸਟੀ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਵਲੀ ਯੂਨੀਵਰਸਿਟੀ, ਫਗਵਾੜਾ, ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ, ਫਗਵਾੜਾ ਆਦਿ ਤੇ ਰਾਜ ਦੇ ਵੱਖ-ਵੱਖ ਅਦਾਰਿਆ ਤੋਂ ਵਿਦਵਾਨਾਂ ਨੇ ਭਾਗ ਲਿਆ।