
10 ਸਾਲਾਂ ਦੀਆਂ ਗ਼ਲਤੀਆਂ ਤੇ ਬੇਅਦਬੀਆਂ ਦੀ ਭੁੱਲ ਬਖ਼ਸ਼ਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ.........
ਅੰਮ੍ਰਿਤਸਰ : 10 ਸਾਲਾਂ ਦੀਆਂ ਗ਼ਲਤੀਆਂ ਤੇ ਬੇਅਦਬੀਆਂ ਦੀ ਭੁੱਲ ਬਖ਼ਸ਼ਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਦੂਸਰੇ ਦਿਨ ਸੰਗਤਾਂ ਦੇ ਜੋੜੇ ਪਾਲਸ਼ ਕੀਤੇ, ਗੁਰੂ ਘਰ ਕੀਰਤਨ ਸਰਵਨ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਜੂਠੇ ਬਰਤਨ ਮਾਂਜੇ। ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਲਾਮਲਸ਼ਕਰ ਨਾਲ ਸੱਚਖੰਡ ਹਰਿਮੰਦਰ ਸਾਹਿਬ ਪੁੱਜੇ ਅਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ
ਪਰ ਇਸ ਦੌਰਾਨ ਹੀ ਪ੍ਰਕਾਸ਼ ਸਿੰਘ ਬਾਦਲ ਨੇ ਮੌਨ ਤੋੜਦਿਆਂ ਕਿਹਾ ਕਿ ਸਾਡੀ ਆਤਮਾ ਨੇ ਜੋ ਕਿਹਾ ਅਸਾਂ ਉਹ ਕੀਤਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀਆਂ ਟਿਪਣੀਆਂ ਦੀ ਥਾਂ ਗੁਰੂ ਜ਼ਰੂਰੀ ਹੈ। ਬਾਅਦ ਵਿਚ ਅਕਾਲ ਤਖ਼ਤ ਸਾਹਿਬ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਪੁੱਜੇ। ਇਥੇ ਅਰਦਾਸੀਆ ਸਿੰਘ ਨੇ ਬਾਦਲ ਪਰਵਾਰ ਵਲੋਂ ਰਖਾਏ ਆਖੰਡ ਪਾਠ ਦੀ ਮੱਧ ਦੀ ਅਰਦਾਸ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲਾਂ ਰਾਜ ਸਮੇਂ ਸੇਵਾ ਕਰਦਿਆਂ ਜਾਣੇ ਅਣਜਾਣੇ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ ਹਨ,
ਸੇਵਕਾਂ ਨੂੰ ਬਖ਼ਸ਼ ਲਉ, ਤਰਸ ਕਰੋ। ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੇ ਹੋਰ ਆਗੂਆਂ ਨਾਲ ਲੰਗਰ ਘਰ ਵਿਖੇ ਸੰਗਤਾਂ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਇਸ ਤੋਂ ਉਪਰੰਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੰਕੇਤਕ ਤੌਰ ਕੇ ਸੰਗਤਾਂ ਦੇ ਜੋੜੇ ਝਾੜੇ ਤੇ ਲੰਗਰ ਵਿਚ ਸੇਵਾ ਕੀਤੀ ਜਦਕਿ ਬਾਕੀ ਸਾਰੇ ਆਗੂਆਂ ਨੇ ਘੰਟਾ ਘੰਟਾ ਜੋੜੇ ਝਾੜੇ ਤੇ ਸੰਗਤਾਂ ਦੇ ਜੂਠੇ ਭਾਂਡੇ ਮਾਂਜੇ।
ਗੁਰੂ ਘਰ ਵਿਖੇ ਸੇਵਾ ਕਰਦੇ ਅਕਾਲੀ ਆਗੂਆਂ ਨੂੰ ਵੇਖਣ ਵਾਲਿਆਂ ਦੀ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋਈ ਪਈ ਸੀ ਤੇ ਲੋਕ ਇਸ ਨੂੰ ਡਰਾਮਾ ਤੇ ਸਟੰਟ ਦਸ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਚ ਬੀਬੀ ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ, ਸ਼ਰਨਜੀਤ ਸਿੰਘ ਮਜੀਠੀਆ, ਡਾ. ਚੀਮਾ, ਗੁਲਜ਼ਾਰ ਸਿੰਘ ਰਣੀਕੇ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਰਾਜਵਿੰਦਰ ਕੌਰ, ਵੀਰ ਸਿੰਘ ਲੋਪੋਕੇ ਅਤੇ ਸਾਬਕਾ ਮੰਤਰੀ ਤੇ ਹੋਰ ਆਗੂ ਮੌਜੂਦ ਸਨ।