
ਨਵੀਂ ਦਿੱਲੀ : ਕਾਂਗਰਸ ਪਾਰਟੀ ਵਲੋਂ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾਉਣ ਦੀਆਂ ਤਿਆਰੀਆਂ ਵਿਚਕਾਰ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਸ.ਅਵਤਾਰ ਸਿੰਘ ਹਿੱਤ ਤੇ ਸ.ਕੁਲਦੀਪ ਸਿੰਘ ਭੋਗਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ ਦੀ ਚਿਤਾਵਨੀ ਦਿਤੀ ਹੈ। ਇਨ੍ਹਾਂ ਅਹੁਦੇਦਾਰਾਂ ਨੇ ਇਕਸੁਰ ਵਿਚ ਕਿਹਾ, “ਜੇ ਕਾਂਗਰਸ ਬਾਜ਼ ਨਾ ਆਈ, ਫਿਰ 84 ਦੇ ਦੋਸ਼ੀ ਵਾਂਗ ਥੱਪੜ ਹੀ ਵੱਜਣਗੇ।''
ਅੱਜ ਇਥੇ ਪੱਤਰਕਾਰ ਮਿਲਣੀ ਦੌਰਾਨ ਸਿਰਸਾ ਸਣੇ ਹੋਰਨਾਂ ਨੇ ਸਪਸ਼ਟ ਆਖਿਆ ਹੈ, “ਕਮਲ ਨਾਥ ਜੋ ਨਵੰਬਰ 84 ਦੇ ਮਾਮਲੇ ਵਿਚ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲਾ ਕਰਨ ਦਾ ਦੋਸ਼ੀ ਹੈ, ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣਾ ਸਿੱਖਾਂ ਨੂੰ ਕਦੇ ਪ੍ਰਵਾਨ ਨਹੀਂ ਹੋਵੇਗਾ। ਸ.ਸਿਰਸਾ ਨੇ ਪੁਛਿਆ, “ਕੀ ਕਮਲ ਨਾਥ ਨੂੰ ਮੁੱਖ ਮੰਤਰੀ ਲਾ ਕੇ, ਰਾਹੁਲ ਗਾਂਧੀ ਸੀਬੀਆਈ ਤੇ ਪੁਲਿਸ ਨੂੰ ਇਹ ਸੁਨੇਹਾ ਨਹੀਂ ਦੇ ਰਹੇ ਕਿ ਗਾਂਧੀ ਪਰਵਾਰ 84 ਦੇ ਦੋਸ਼ੀ ਕਮਲ ਨਾਥ ਦੀ ਪਿੱਠ 'ਤੇ ਹਨ? ਸਿੱਖਾਂ ਨਾਲ ਕਾਂਗਰਸ ਨੂੰ ਇਹ ਦੁਸ਼ਮਣੀ ਬੜੀ ਮਹਿੰਗੀ ਪਵੇਗੀ।
ਸਿੱਖਾਂ ਨੇ ਅਪਣੇ ਦੁਸ਼ਮਣਾਂ ਨਾਲ ਪੂਰੀ ਦੁਸ਼ਮਣੀ ਵੀ ਨਿਭਾਈ ਹੈ ਭਾਵੇਂ ਉਹ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੇ ਦੋਸ਼ੀ ਹੋਣ।'' 'ਸਪੋਕਸਮੈਨ' ਵਲੋਂ ਪੁਛੇ ਸਵਾਲ ਕੀ ਕਾਂਗਰਸ ਹਮਾਇਤੀ ਸਿੱਖਾਂ ਦਾ ਇਸ ਮਸਲੇ 'ਤੇ ਕੀ ਰੋਲ ਹੋਣਾ ਚਾਹੀਦੈ, ਤਾਂ ਸ.ਸਿਰਸਾ ਨੇ ਕਿਹਾ, “ਗਾਂਧੀ ਪਰਵਾਰ ਦੇ ਭਾਂਡੇ ਚੱਟਣ ਵਾਲੇ ਲੋਕ ਨਾ ਪਹਿਲਾਂ ਸਿੱਖ ਕੌਮ ਦੇ ਵਫ਼ਾਦਾਰ ਸਨ ਤੇ ਨਾ ਅੱਗੇ ਹੋਣਗੇ।''
ਉਨ੍ਹਾਂ ਦਸਿਆ ਕਿ ਕਮਲ ਨਾਥ ਵਿਰੁਧ ਚਸ਼ਮਦੀਦ ਗਵਾਲ ਸ.ਮੁਖਤਿਆਰ ਸਿੰਘ ਜੋ ਦਿੱਲੀ ਕਮੇਟੀ ਦੇ ਮੈਨੇਜਰ ਰਹਿ ਚੁਕੇ ਹਨ, ਗਵਾਹੀ ਦੇਣ ਲਈ ਤਿਆਰ ਹਨ ਤੇ ਇਸ ਬਾਰੇ ਅਸੀਂ ਐਸਆਈਟੀ ਨੂੰ ਅਗੱਸਤ 2016 ਨੂੰ ਲਿਖ ਕੇ ਦੇ ਚੁਕੇ ਹਾਂ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਜਸਮੇਨ ਸਿੰਘ ਨੌਨੀ, ਸ.ਹਰਜੀਤ ਸਿੰਘ ਪੱਪਾ ਤੇ ਹੋਰ ਹਾਜ਼ਰ ਸਨ।