
ਲੰਗਰ 'ਚ ਵਰਤੋਂ ਆਉਣ ਵਾਲਾ ਬਾਲਣ ਅਧਿਕਾਰੀਆਂ ਦੀ ਭਰ ਰਿਹੈ ਜੇਬ
ਅੰਮ੍ਰਿਤਸਰ : ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਾਇਆ ਦੀ ਵਗ ਰਹੀ ਗੰਗਾ ਵਿਚੋਂ ਹੱਥ ਧੋਣ ਲਈ ਤਤਪਰ ਅਧਿਕਾਰੀਆਂ ਨੇ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ ਵਿਚ ਗੁਰੂ ਦੇ ਲੰਗਰਾਂ ਨੂੰ ਵੀ ਨਾ ਬਖ਼ਸ਼ਿਆ। ਅਪਣੀਆਂ ਝੋਲੀਆਂ ਭਰਨ ਲਈ ਅਧਿਕਾਰੀਆਂ ਨੇ ਅਜਿਹਾ ਤਰੀਕਾ ਇਜ਼ਾਦ ਕੀਤਾ ਹੈ ਕਿ ਇਕ ਵਾਰ ਨਟਵਰ ਲਾਲ ਵੀ ਸ਼ਰਮਾਂ ਜਾਵੇ। ਗੁਰੂ ਦੇ ਲੰਗਰ ਤਿਆਰ ਕਰਨ ਲਈ ਲੰਗਰ ਵਿਚ ਵਰਤੋਂ ਆਉਣ ਵਾਲਾ ਬਾਲਣ ਵੀ ਹੁਣ ਅਧਿਕਾਰੀਆਂ ਦੀ ਜੇਬ ਭਰਨ ਵਿਚ ਸਹਾਈ ਹੋ ਰਿਹਾ ਹੈ।
Guru Nanak Jayanti or Guru Purab
ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ, ਬਾਬਾ ਬਕਾਲਾ ਸਾਹਿਬ ਅਤੇ ਬੀੜ ਬਾਬਾ ਬੁੱਢਾ ਸਾਹਿਬ, ਗੁਰਦਵਾਰਾ ਨਾਨਕਸਰ ਵੇਰਕਾ ਆਦਿ ਗੁਰਦਵਾਰਾ ਸਾਹਿਬ ਦੇ ਲੰਗਰ ਲਈ ਬਾਲਣ ਖ਼੍ਰੀਦਣ ਲਈ ਟੈਂਡਰ ਕੀਤਾ ਗਿਆ। ਇਸ ਵਿਚ ਸ਼ਰਤ ਰਖੀ ਗਈ ਸੀ ਕਿ ਕੱਚੀ ਲਕੜ ਭਾਵ ਛਟੀਆਂ, ਫਰੇ ਅਤੇ ਪਾਪਲਰ ਆਦਿ ਦਾ ਬਾਲਣ ਇਸਤੇਮਾਲ ਨਹੀਂ ਕੀਤਾ ਜਾਵੇਗਾ। ਬਾਲਣ ਕੇਵਲ ਪੱਕੀ ਲੱਕੜ ਦਾ ਹੀ ਹੋਵੇਗਾ ਜੋ ਮੋਟੇ ਟਾਹਣ ਅਤੇ ਮੁਢੀਆਂ ਦੇ ਰੂਪ ਵਿਚ ਹੋਵੇਗਾ ਹੀ ਸਪਲਾਈ ਕੀਤਾ ਜਾਵੇਗਾ। ਜੇਕਰ ਕੱਚਾ ਬਾਲਣ ਸਪਲਾਈ ਹੁੰਦਾ ਹੈ ਤਾਂ ਉਸ ਦੀ ਕੀਮਤ 245 ਰੁਪਏ ਕੁਇੰਟਲ ਹੋਵੇਗੀ, ਜਦਕਿ ਪੱਕੇ ਬਾਲਣ ਦੀ ਕੀਮਤ 290 ਰੁਪਏ ਰਖਿਆ ਗਿਆ।
Pic-2
ਇਸ ਵਿੱਤੀ ਸਾਲ ਵਿਚ ਕੱਚਾ ਬਾਲਣ ਲੈਣ ਦੀ ਬਜਾਏ ਸਿੱਧੇ ਪੱਕਾ ਬਾਲਣ ਜਿਸ ਦੀ ਕੀਮਤ 335 ਰੁਪਏ ਰਖੀ ਗਈ ਸੀ ਸਪਲਾਈ ਮੰਗੀ ਗਈ ਪਰ ਮਾਝਾ ਖੇਤਰ ਤੋਂ ਬਾਹਰ ਫ਼ਰੀਦਕੋਟ, ਜ਼ੀਰਾ ਅਤੇ ਕੋਟਕਪੂਰਾ ਤੋਂ ਬਾਲਣ ਸਪਲਾਈ ਕਰਨ ਵਾਲੀ ਫਰਮ ਜੋ ਬਾਲਣ ਸਪਲਾਈ ਕਰ ਰਹੀ ਹੈ ਉਹ ਨਿਯਮ ਤੇ ਸ਼ਰਤਾਂ ਪੂਰੀਆਂ ਹੀ ਨਹੀਂ ਕਰਦਾ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੰਗਰਾਂ ਲਈ ਆ ਰਿਹਾ ਬਾਲਣ ਉਸ ਮਿਆਰ ਦਾ ਨਹੀਂ ਹੈ ਜੋ ਮਿਆਰ ਸ਼੍ਰੋਮਣੀ ਕਮੇਟੀ ਦੀ ਖ਼ਰੀਦ ਸਬ ਕਮੇਟੀ ਨੇ ਤਹਿ ਕੀਤਾ ਸੀ।
Langar
ਲੰਗਰ ਲਈ ਆ ਰਹੇ ਬਾਲਣ ਵਿਚ ਅੱਧਾ ਬਾਲਣ ਪੱਕਾ ਤੇ ਬਾਕੀ ਕੱਚਾ ਹੁੰਦਾ ਹੈ ਜਿਸ ਵਿਚ ਬਹੁਤਾਤ ਪਾਪਲਰ ਦੀ ਸਪਲਾਈ ਹੈ। ਕਿਉਂਕਿ ਇਹ ਬਾਲਣ ਚੈਕਿੰਗ ਤੋਂ ਪਹਿਲਾਂ ਹੀ ਵਰਤ ਲਿਆ ਜਾਂਦਾ ਹੈ। ਇਸ ਲਈ ਇਸ ਬਾਰੇ ਜਾਂਚ ਹੋਣੀ ਅਸਭਵ ਹੈ। ਇਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਕੋਲ ਸ਼ਿਕਾਇਤ ਭੇਜੀ ਗਈ ਸੀ ਪਰ ਉਨ੍ਹਾਂ ਕਾਰਵਾਈ ਤਾਂ ਕੀ ਕਰਨੀ ਸੀ ਇਸ ਸ਼ਿਕਾਇਤਕਰਤਾ ਨੂੰ ਜਵਾਬ ਵੀ ਨਹੀਂ ਦਿਤਾ।