
ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਨਰਿੰਦਰ ਮੋਦੀ ਸਰਕਾਰ ਨੇ ਪੈਟਰੋਲੀਅਮ 'ਤੇ ਐਕਸਾਈਜ਼ ਡਿਊਟੀ 2 ਰੁਪਏ ਘੱਟ ਕਰ ਦਿੱਤੀ ਹੈ। ਇਹ ਕਟੌਤੀ ਬਰਾਂਡਡ ਅਤੇ ਗੈਰ-ਬਰਾਂਡਡ ਦੋਹਾਂ ਤਰ੍ਹਾਂ ਦੇ ਪੈਟਰੋਲ ਅਤੇ ਡੀਜ਼ਲ 'ਤੇ ਕੀਤੀ ਗਈ ਹੈ।
ਐਕਸਾਈਜ਼ ਡਿਊਟੀ 'ਚ 2 ਰੁਪਏ ਦੀ ਕਮੀ ਕੀਤੀ ਜਾਣ ਨਾਲ ਜਿੱਥੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉੱਥੇ ਹੀ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਸਾਲਾਨਾ 26,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਜਦੋਂ ਕਿ ਇਸ ਮਾਲੀ ਵਰ੍ਹੇ 'ਚ ਇਹ 13,000 ਕਰੋੜ ਰੁਪਏ ਹੋਵੇਗਾ।
ਐਕਸਾਈਜ਼ ਡਿਊਟੀ 'ਚ 2 ਰੁਪਏ ਦੀ ਕਟੌਤੀ ਕੀਤੇ ਜਾਣ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਕਮੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੇਲ ਕੰਪਨੀਆਂ ਵੱਲੋਂ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਥੋੜ੍ਹੀ ਰਾਹਤ ਹੋਰ ਦਿੱਤੀ ਗਈ ਹੈ, ਜੋ ਕਿ ਰੋਜ਼ਾਨਾ ਕੀਮਤਾਂ ਸਮੀਖਿਆ ਮੁਤਾਬਕ ਹੈ।
ਦਿੱਲੀ 'ਚ ਅੱਜ ਯਾਨੀ 4 ਅਕਤੂਬਰ ਨੂੰ ਪੈਟਰੋਲ ਦੀ ਕੀਮਤ 70.88 ਰੁਪਏ ਤੋਂ ਘੱਟ ਕੇ 68.38 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਡੀਜ਼ਲ ਦੀ ਕੀਮਤ 56.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਿਛਲੇ ਦਿਨ 59.14 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ, ਜਲੰਧਰ 'ਚ ਅੱਜ ਇੰਡੀਅਨ ਆਇਲ ਦੇ ਪੰਪ 'ਤੇ ਪੈਟਰੋਲ ਦੀ ਕੀਮਤ 2 ਰੁਪਏ 58 ਪੈਸੇ ਘੱਟ ਕੇ 73.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਿਛਲੇ ਦਿਨ 75.92 ਰੁਪਏ 'ਤੇ ਸੀ।
ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 59.21 ਰੁਪਏ ਤੋਂ ਘੱਟ ਕੇ 57 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ ਯਾਨੀ 2 ਰੁਪਏ 21 ਪੈਸੇ ਦੀ ਕਟੌਤੀ ਕੀਤੀ ਗਈ ਹੈ। ਪੈਟਰੋਲ ਅਤੇ ਡੀਜ਼ਲ 'ਚ ਸਰਕਾਰ ਵੱਲੋਂ ਪ੍ਰਤੀ ਲੀਟਰ 2 ਰੁਪਏ ਐਕਸਾਈਜ਼ ਡਿਊਟੀ ਘੱਟ ਕੀਤੀ ਗਈ ਹੈ।
ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੋਜ਼ਾਨਾ ਸਮੀਖਿਆ ਦੇ ਆਧਾਰ 'ਤੇ ਪੈਟਰੋਲ 'ਚ 58 ਪੈਸੇ ਅਤੇ ਡੀਜ਼ਲ 'ਚ 21 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ। ਪੰਜਾਬ 'ਚ ਪੈਟਰੋਲ 'ਤੇ ਵੈਟ ਜ਼ਿਆਦਾ ਹੋਣ ਕਾਰਨ ਇਹ ਹਰਿਆਣਾ ਨਾਲੋਂ ਤਕਰੀਬਨ 5 ਰੁਪਏ ਮਹਿੰਗਾ ਹੈ।