ਟੀਵੀ ਅਦਾਕਾਰਾ ਰੂਹੀ ਸਿੰਘ ਨੇ ਰਾਤ ਨੂੰ ਸੜਕ 'ਤੇ ਕੀਤਾ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਟੀਵੀ ਅਦਾਕਾਰਾ ਅਤੇ ਮਾਡਲ ਰੂਹੀ ਸਿੰਘ ਨੇ ਸੋਮਵਾਰ ਰਾਤ ਬਾਂਦਰਾ ਵਿਚ ਇਕ ਰੈਸਟੋਰੈਂਟ ਦੇ ਬਾਹਰ ਜਮ ਕੇ ਹੰਗਾਮਾ ਕੀਤਾ।

Ruhi Singh

ਮੁੰਬਈ: ਟੀਵੀ ਅਦਾਕਾਰਾ ਅਤੇ ਮਾਡਲ ਰੂਹੀ ਸਿੰਘ ਨੇ ਸੋਮਵਾਰ ਰਾਤ ਬਾਂਦਰਾ ਵਿਚ ਇਕ ਰੈਸਟੋਰੈਂਟ ਦੇ ਬਾਹਰ ਜਿੱਥੇ ਜਮ ਕੇ ਹੰਗਾਮਾ ਕੀਤਾ, ਉਥੇ ਹੀ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਡਰਾਈਵਿੰਗ ਕਰਦਿਆਂ ਪੰਜ ਗੱਡੀਆਂ ਨੂੰ ਟੱਕਰ ਮਾਰ ਦਿਤੀ। 

ਪੁਲਿਸ ਮੁਤਾਬਕ ਰੂਹੀ ਆਪਣੇ ਦੋ ਦੋਸਤਾਂ ਨਾਲ ਬਾਂਦਰਾ ਦੇ ਲਿੰਕਿੰਗ ਰੋਡ 'ਤੇ ਮੌਜੂਦ ਇਕ ਰੈਸਟੋਰੈਂਟ ਵਿਚ ਪਹੁੰਚੀ ਸੀ, ਪਰ ਰੈਸਟੋਰੈਂਟ ਦੇਰ ਰਾਤ ਬੰਦ ਹੋ ਚੁੱਕਿਆ ਸੀ। ਰੂਹੀ ਨੇ ਉੱਥੇ ਮੌਜੂਦ ਸਟਾਫ਼ ਨੂੰ ਰੈਸਟੋਰੈਂਟ ਖੋਲ੍ਹਣ ਲਈ ਕਿਹਾ। ਜਦੋਂ ਸਟਾਫ਼ ਨੇ ਉਨ੍ਹਾਂ ਨੂੰ ਅੰਦਰ ਆਉਣ ਨਹੀਂ ਦਿਤਾ ਤਾਂ ਉਨ੍ਹਾਂ ਨੇ ਸਟਾਫ਼ ਨਾਲ ਮਾਰਕੁੱਟ ਕੀਤੀ। ਰੈਸਟੋਰੈਂਟ ਸਟਾਫ਼ ਨੇ ਪੁਲਿਸ ਨੂੰ ਸੱਦ ਲਿਆ।

ਪੁਲਿਸ ਨੇ ਜਦੋਂ ਅਦਾਕਾਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਨਾਲ ਵੀ ਹੱਥੋਪਾਈ ਕੀਤੀ। ਜਿਸ ਤੋਂ ਬਾਅਦ ਮੁੰਬਈ ਦੀ ਖਾਰ ਪੁਲਿਸ ਨੇ ਅਦਾਕਾਰਾ ਦੇ ਦੋਸਤ ਰਾਹੁਲ ਸਿੰਘ ਅਤੇ ਸਵਾਪਨਿਲ ਸਿੰਘ ਨੂੰ ਵੀ ਪੁਲਿਸ 'ਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਰੂਹੀ ਸਿੰਘ ਅਤੇ ਉਸ ਦੇ ਸਾਥੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ। ਰੂਹੀ ਸਿੰਘ ਦੀ ਮੈਡੀਕਲ ਰਿਪੋਰਟ ਵਿਚ ਵੀ ਉਸ ਦੇ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਹੋ ਗਈ ਹੈ।