ਸੁਸ਼ਾਂਤ ਸਿੰਘ ਮਾਮਲੇ ਵਿਚ ਸੰਜੇ ਲੀਲਾ ਭੰਸਾਲੀ ਕੋਲੋਂ ਹੋਵੇਗੀ ਪੁੱਛਗਿੱਛ, ਪੁਲਿਸ ਨੇ ਭੇਜਿਆ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਸੁਸਾਈਡ ਕੇਸ ਵਿਚ ਬਾਂਦਰਾ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

Sushant Singh and Sanjay Leela Bhansali

ਨਵੀਂ ਦਿੱਲੀ: ਸੁਸ਼ਾਂਤ ਸਿੰਘ ਸੁਸਾਈਡ ਕੇਸ ਵਿਚ ਬਾਂਦਰਾ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਖੁਦਕੁਸ਼ੀ ਦਾ ਕਾਰਨ ਪਤਾ ਲਗਾਉਣ ਲਈ ਕਈ ਲੋਕਾਂ ਕੋਲੋਂ ਪੁੱਛਗਿੱਛ ਜਾਰੀ ਹੈ। ਹੁਣ ਬਾਂਦਰਾ ਪੁਲਿਸ ਨੇ ਇਸ ਮਾਮਲੇ ਵਿਚ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਸੰਮਨ ਭੇਜਿਆ ਹੈ। ਭੰਸਾਲੀ ਨੂੰ ਪੁਲਿਸ ਨੇ ਸੁਸ਼ਾਂਤ ਸਿੰਘ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਹੈ।

ਸੁਸ਼ਾਂਤ ਨੂੰ ਲੈ ਕੇ ਫਿਲਮ ਅਲੋਚਕ ਸੁਭਾਸ਼ ਕੇ ਝਾਅ ਨੇ ਖੁਲਾਸਾ ਕੀਤਾ ਸੀ ਕਿ ਅਦਾਕਾਰ ਨੂੰ ਸੰਜੇ ਲੀਲਾ ਭੰਸਾਲੀ ਨੇ ਅਪਣੀਆਂ ਤਿੰਨ ਫਿਲਮਾਂ ਲਈ ਅਪਰੋਚ ਕੀਤਾ , ਜਿਨ੍ਹਾਂ ਵਿਚ ਬਾਜੀਰਾਓ ਮਸਤਾਨੀ, ਗੋਲੀਓਂ ਕੀ ਰਾਸਲੀਲਾ ਅਤੇ ਪਦਮਾਵਤ ਸ਼ਾਮਲ ਸਨ। ਸੁਭਾਸ਼ ਝਾਅ ਨੇ ਦੱਸਿਆ ਕਿ ਜਦੋਂ ਸੁਸ਼ਾਂਤ ਸਿੰਘ ਫਿਲਮ ਪਾਨੀ ਦੀ ਤਿਆਰੀ ਕਰ ਰਹੇ ਸੀ ਅਤੇ ਉਹ ਨਹੀਂ ਬਣੀ ਤਾਂ ਉਹਨਾਂ ਨੂੰ ਬਾਜੀਰਾਓ ਮਸਤਾਨੀ ਆਫਰ ਕੀਤੀ ਗਈ ਸੀ।

ਉਹਨਾਂ ਦੱਸਿਆ ‘ਪਰ ਸੁਸ਼ਾਂਤ ਇਸ ਫਿਲਮ ਨੂੰ ਨਹੀਂ ਕਰ ਸਕੇ। ਫਿਰ ਸੰਜੇ ਲੀਲਾ ਭੰਸਾਲੀ ਨੇ ਉਹਨਾਂ ਨੂੰ ਗੋਲੀਓਂ ਦੀ ਰਾਸਲੀਲਾ ਰਾਮ ਲੀਲਾ ਅਤੇ ਬਾਅਦ ਵਿਚ ਪਦਮਾਵਤ ਵਿਚ ਵੀ ਰੋਲ ਆਫਰ ਕੀਤਾ ਸੀ। ਅੱਜ ਦੇ ਸਮੇਂ ਵਿਚ ਸੰਜੇ ਲੀਲਾ ਭੰਸਾਲੀ ਸਭ ਤੋਂ ਵੱਡੇ ਡਾਇਰੈਕਟਰ ਹਨ ਅਤੇ ਉਹਨਾਂ ਦੀਆਂ ਤਿੰਨ ਫਿਲਮਾਂ ਨੂੰ ਸੁਸ਼ਾਂਤ ਮਨਜ਼ੂਰ ਨਹੀਂ ਕਰ ਪਾਏ’।

ਸੰਜੇ ਲੀਲਾ ਭੰਸਾਲੀ ਤੋਂ ਇਲਾਵਾ ਜਰਨਲਿਸਟ ਵਿੱਕੀ ਲਲਵਾਨੀ, ਜੋ ਕਿ ਐਂਟਰਟੇਨਮੈਂਟ ਨਿਊਜ਼ ਪੋਰਟਲ ਦੇ ਐਡੀਟਰ ਹਨ, ਉਹਨਾਂ ਨੂੰ ਵੀ ਬਾਂਦਰਾ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਹੈ। ਉਹਨਾਂ ਕੋਲੋਂ ਵੀ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ।