ਸੁਸ਼ਾਂਤ ਖੁਦਕੁਸ਼ੀ ਮਾਮਲਾ: ਬਿਹਾਰ ਸਰਕਾਰ ਨੇ ਕੀਤੀ CBI ਜਾਂਚ ਦੀ ਸਿਫ਼ਾਰਿਸ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਿਹਾਰ ਦੀ ਨਿਤਿਸ਼ ਸਰਕਾਰ ਨੇ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਹੈ। 

Bihar government has recommended a CBI inquiry

ਪਟਨਾ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਿਹਾਰ ਦੀ ਨਿਤਿਸ਼ ਸਰਕਾਰ ਨੇ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੋਮਵਾਰ ਦੀ ਰਾਤ ਸੁਸ਼ਾਂਤ ਸਿੰਘ ਰਾਜਪੂਤ ਦੇ ਚਾਚੇ ਦੇ ਲੜਕੇ ਅਤੇ ਭਾਜਪਾ ਵਿਧਾਇਕ ਨੀਰਜ ਬਬਲੂ ਨਾਲ ਫੋਨ ‘ਤੇ ਗੱਲ ਕੀਤੀ ਸੀ।

ਦੋਵਾਂ ਵਿਚਕਾਰ ਕਰੀਬ 10 ਮਿੰਟ ਤੱਕ ਗੱਲ਼ਬਾਤ ਹੋਈ, ਜਿਸ ਵਿਚ ਉਹਨਾਂ ਨੇ ਸੁਸ਼ਾਂਤ ਮਾਮਲੇ ਬਾਰੇ ਪੂਰੀ ਜਾਣਕਾਰੀ ਲਈ ਸੀ। ਇਸ ਦੌਰਾਨ ਨੀਰਜ ਬਬਲੂ ਨੇ ਸੀਐਮ ਕੋਲ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਮੁੰਬਈ ਪੁਲਿਸ ਦੀ ਕਾਰਵਾਈ ‘ਤੇ ਕਈ ਗੰਭੀਰ ਅਰੋਪ ਲਗਾਏ ਹਨ।

ਦੂਜੇ ਪਾਸੇ ਸੁਸ਼ਾਂਤ ਸਿੰਘ ਦਾ ਪਰਿਵਾਰ ਪਹਿਲਾਂ ਹੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕਰਨ ਲਈ ਸਹਿਮਤ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਸੀਬੀਆਈ ਜਾਂਚ ਲਈ ਮਨਜ਼ੂਰੀ ਨਹੀਂ ਮਿਲਦੀ ਹੈ ਤਾਂ ਬਿਹਾਰ ਤੋਂ ਗਈ ਐਸਆਈਟੀ ਮੁੰਬਈ ਵਿਚ ਹੀ ਰਹੇਗੀ।

ਲਗਾਤਾਰ ਹੋ ਰਹੀ ਹੈ ਸੀਬੀਆਈ ਜਾਂਚ ਦੀ ਮੰਗ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਆਰਕੇ ਸਿੰਘ ਨੇ ਕਿਹਾ ਸੀ-ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਲੋਕਾਂ ਦੀ ਸੀਬੀਆਈ ਜਾਂਚ ਦੀ ਮੰਗ ਜਾਇਜ਼ ਹੈ। ਮੁੰਬਈ ਪੁਲਿਸ ਨੇ ਮਾਮਲੇ ਵਿਚ ਕੁਝ ਨਹੀਂ ਕੀਤਾ। ਆਰ ਕੇ ਸਿੰਘ ਮੁਤਾਬਕ ਉਹਨਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇਸ ਕੇਸ ਨੂੰ ਸੀਬੀਆਈ ਕੋਲ ਸੌਂਪਣ ਦੀ ਅਪੀਲ ਕੀਤੀ ਸੀ, ਪਰ ਉਹਨਾਂ ਨੇ ਇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।  

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿਖੇ ਸਥਿਤ ਅਪਣੇ ਘਰ ਵਿਚ ਫਾਂਸੀ ਲਗਾ ਲਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਸੀ। ਉਹਨਾਂ ਦੇ ਪਿਤਾ ਨੇ ਬਿਹਾਰ ਪੁਲਿਸ ਕੋਲ ਅਦਾਕਾਰਾ ਰਿਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਸ ਤੋਂ ਬਾਅਦ ਬਿਹਾਰ ਪੁਲਿਸ ਦੀ ਐਸਆਈਟੀ ਮੁੰਬਈ ਗਈ ਸੀ।