UP ਚੋਣਾਂ ਵਿਚ ਕੰਗਨਾ ਰਣੌਤ ਦੀ ਐਂਟਰੀ, ਕਿਹਾ- ਰਾਸ਼ਟਰਵਾਦੀ ਵਿਚਾਰਧਾਰਾ ਵਾਲਿਆਂ ਲਈ ਕਰਾਂਗੀ ਪ੍ਰਚਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਯੂਪੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੀ ਹੈ।

Kangana Ranaut Will campaign in Uttar Pradesh polls

ਨਵੀਂ ਦਿੱਲੀ: ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਯੂਪੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੇ ਖੁਦ ਸ਼ਨੀਵਾਰ ਨੂੰ ਵਰਿੰਦਾਵਨ 'ਚ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ।

ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਰਾਸ਼ਟਰਵਾਦੀ ਉਮੀਦਵਾਰਾਂ ਲਈ ਪ੍ਰਚਾਰ ਕਰੇਗੀ। ਉਹ ਕਿਸ ਪਾਰਟੀ ਲਈ ਵੋਟਾਂ ਮੰਗੇਗੀ, ਇਸ ਬਾਰੇ ਉਹਨਾਂ ਸਿੱਧੇ ਤੌਰ 'ਤੇ ਗੱਲ ਨਹੀਂ ਕੀਤੀ। ਕੰਗਨਾ ਰਣੌਤ ਨੇ ਕਿਹਾ, 'ਮੈਂ ਉਹਨਾਂ ਲਈ ਪ੍ਰਚਾਰ ਕਰਾਂਗੀ ਜੋ ਰਾਸ਼ਟਰਵਾਦੀ ਹਨ। ਮੈਂ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਾਂ, ਮੈਂ ਉਹਨਾਂ ਲਈ ਪ੍ਰਚਾਰ ਕਰਾਂਗੀ ਜੋ ਰਾਸ਼ਟਰਵਾਦੀ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਨੇ ਵਿਰੋਧ ਬਾਰੇ ਕਿਹਾ ਕਿ ਜਿਨ੍ਹਾਂ ਦੇ ਦਿਲ 'ਚ ਚੋਰ ਹੈ, ਉਹਨਾਂ ਨੂੰ ਤਕਲੀਫ ਹੀ ਹੋਵੇਗੀ। ਜੋ ਲੋਕ ਇਮਾਨਦਾਰ, ਬਹਾਦਰ, ਦੇਸ਼ ਭਗਤ, ਦੇਸ਼ ਦੇ ਹਿੱਤ ਵਿਚ ਗੱਲ ਕਰਦੇ ਹਨ, ਉਹਨਾਂ ਲੋਕਾਂ ਨੂੰ ਮੇਰੀ ਹਰ ਗੱਲ ਸਹੀ ਲੱਗੇਗੀ ਅਤੇ ਕੁਝ ਵੀ ਗਲਤ ਨਹੀਂ ਲੱਗੇਗਾ।

ਕੰਗਨਾ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਚ ਕਿਸਾਨਾਂ ਦੇ ਘਿਰਾਓ ਅਤੇ ਮਾਫੀ ਮੰਗਣ ਦੇ ਸਵਾਲ 'ਤੇ ਕਿਹਾ ਕਿ ਉਸ ਨੇ ਕਦੇ ਮੁਆਫੀ ਨਹੀਂ ਮੰਗੀ। ਕੰਗਨਾ ਨੇ ਕਿਹਾ- ਮੈਂ ਕਿਉਂ ਮੰਗਾਂ ਮਾਫੀ, ਕਿਸਾਨਾਂ ਦੇ ਹਿੱਤ 'ਚ ਗੱਲ ਕਰਨ 'ਤੇ ਮਾਫੀ ਮੰਗਣੀ ਚਾਹੀਦੀ ਹੈ? ਮੈਨੂੰ ਕੋਈ ਵੀ ਵੀਡੀਓ ਦਿਖਾਓ ਜਿੱਥੇ ਮੈਂ ਮੁਆਫੀ ਮੰਗੀ ਹੈ।