CBI ਨੂੰ ਸੌਂਪਿਆ ਗਿਆ ਸੁਸ਼ਾਂਤ ਖ਼ੁਦਕੁਸ਼ੀ ਮਾਮਲਾ, ਕੇਂਦਰ ਨੇ ਮੰਨੀ ਬਿਹਾਰ ਸਰਕਾਰ ਦੀ ਸਿਫ਼ਾਰਿਸ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਮੰਨ ਲਈ ਹੈ।

Sushant singh rajput case handed over to cbi centre tells Supreme Court

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਮੰਨ ਲਈ ਹੈ। ਬਿਹਾਰ ਸਰਕਾਰ ਨੇ ਸੋਮਵਾਰ ਨੂੰ ਮਾਮਲੇ ਵਿਚ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਭੇਜੀ ਸੀ। ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ ‘ਤੇ ਸੁਣਵਾਈ ਹੋ ਰਹੀ ਸੀ, ਜਿਸ ਦੌਰਾਨ ਕੇਂਦਰ ਸਰਕਾਰ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੀ ਮੌਜੂਦ ਸੀ।

ਤੁਸ਼ਾਰ ਮਹਿਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਮੰਨ ਲਈ ਹੈ ਅਤੇ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਹੈ। ਤੁਸ਼ਾਰ ਮਹਿਤਾ ਨੇ ਕਿਹਾ ਕਿ ‘ਇਸ ਪਟੀਸ਼ਨ ਵਿਚ ਕੁਝ ਬਚਦਾ ਨਹੀਂ ਹੈ ਕਿਉਂਕਿ ਜਾਂਚ ਸੀਬੀਆਈ ਨੂੰ ਸੌਂਪੀ ਜਾ ਚੁੱਕੀ ਹੈ’। ਮਹਿਤਾ ਨੇ ਕਿਹਾ ਕਿ ‘ਇਕ ਪੱਖ ਚਾਹੁੰਦਾ ਹੈ ਕਿ ਬਿਹਾਰ ਪੁਲਿਸ ਜਾਂਚ ਕਰੇ, ਉੱਥੇ ਹੀ ਦੂਜਾ ਪੱਖ ਚਾਹੁੰਦਾ ਹੈ ਕਿ ਮੁੰਬਈ ਪੁਲਿਸ ਜਾਂਚ ਕਰੇ। ਅਜਿਹੇ ਵਿਚ ਕੇਂਦਰ ਖੁਦ ਹੀ ਜਾਂਚ ਕਰੇਗਾ, ਤਾਂ ਜੋ ਸਬੂਤਾਂ ਨਾਲ ਕੋਈ ਛੇੜਛਾੜ ਨਾ ਹੋਵੇ’।

ਉਹਨਾਂ ਨੇ ਮੁੰਬਈ ਪੁਲਿਸ ਦੀ ਜਾਂਚ ‘ਤੇ ਕਿਹਾ ਕਿ ‘ਹੁਣ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ, ਹੁਣ ਮਹਾਰਾਸ਼ਟਰ ਪੁਲਿਸ ਕੁਝ ਨਾ ਕਰੇ ਕਿਉਂਕਿ ਉਹ ਸਬੂਤਾਂ ਨਾਲ ਛੇੜਛਾੜ ਕਰਨ ਦੇ ਘੇਰੇ ਵਿਚ ਆਵੇਗਾ’। ਦੱਸ ਦਈਏ ਕਿ ਬੁੱਧਵਾਰ ਨੂੰ ਸੁਸ਼ਾਂਤ ਰਾਜਪੂਤ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਸ਼ਾਂਤ ਦੇ ਪਿਤਾ ਕ੍ਰਿਸ਼ਨ ਕੁਮਾਰ ਸਿੰਘ ਦੇ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ, ‘ਸੁਸ਼ਾਂਤ ਦੇ ਪਿਤਾ ਇਹ ਚਾਹੁੰਦੇ ਹਨ ਕਿ ਇਸ ਪੂਰੇ ਮਾਮਲੇ ਨੂੰ ਸੀਬੀਆਈ ਨੂੰ ਦਿੱਤਾ ਜਾਣਾ ਚਾਹੀਦਾ ਹੈ’।

ਸੁਣਵਾਈ ਦੌਰਾਨ ਜਸਟਿਸ ਨੇ ਕਿਹਾ ਕਿ ਸੁਸ਼ਾਂਤ ਕਾਫੀ ਚੰਗੇ ਕਲਾਕਾਰ ਸਨ, ਉਹਨਾਂ ਦੀ ਰਹੱਸਮਈ ਤਰੀਕੇ ਨਾਲ ਮੌਤ ਹੋਣਾ ਹੈਰਾਨੀਜਨਕ ਹੈ। ਜਸਟਿਸ ਨੇ ਸੀਬੀਆਈ ਜਾਂਚ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਉਹਨਾਂ ਕਿਹਾ ਕਿ ਉਹ ਤੈਅ ਕਰਨਗੇ ਕਿ ਮਾਮਲੇ ਦੀ ਜਾਂਚ ਕੌਣ ਕਰੇਗਾ।