ਯੁਵਰਾਜ ਸਿੰਘ ਦੇ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਟੁੱਟਿਆ ਇਸ ਬਾਲੀਵੁਡ ਅਦਾਕਾਰਾ ਦਾ ਦਿਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ - ਇੰਗਲੈਂਡ ਵਿਰੁੱਧ ਟੀ20 ਵਿਸ਼ਵ ਕੱਪ 'ਚ 6 ਛੱਕੇ ਅੱਜ ਵੀ ਸਾਨੂੰ ਖ਼ੁਸ਼ ਕਰ ਦਿੰਦੇ ਹਨ

Yuvraj Singh announces retirement from international cricket

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਬੱਲੇਬਾਜ਼ਾਂ 'ਚ ਸ਼ਾਮਲ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਯੁਵਰਾਜ ਸਿੰਘ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਸੰਨਿਆਸ ਲੈਣ ਬਾਰੇ ਸੋਚ ਰਹੇ ਸਨ ਅਤੇ ਉਨ੍ਹਾਂ ਦੀ ਯੋਜਨਾ ਆਈਸੀਸੀ ਦੁਆਰਾ ਮਾਨਤਾ ਪ੍ਰਾਪਤ ਟੀ20 ਟੂਰਨਾਮੈਂਟ ਖੇਡਣ ਦੀ ਹੈ। ਬਾਲੀਵੁਡ ਸਿਤਾਰੀਆਂ ਨੇ ਵੀ ਇਸ ਖ਼ਬਰ 'ਤੇ ਆਪਣੀ ਟਿਪਣੀ ਦਿੱਤੀ ਹੈ।

ਬਾਲੀਵੁਡ ਅਦਾਕਾਰਾ ਰਵੀਨਾ ਟੰਡਨ ਨੇ ਯੁਵਰਾਜ ਸਿੰਘ ਦੀ ਰਿਟਾਇਰਮੈਂਟ 'ਤੇ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਯੁਵਰਾਜ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਰਵੀਨਾ ਨੇ ਲਿਖਿਆ, "ਇਕ ਦਿਲ ਤੋੜਨ ਵਾਲਾ ਪਰ ਬਹਾਦਰੀ ਭਰਿਆ ਫ਼ੈਸਲਾ। ਆਪਣੀਆਂ ਬਿਹਤਰੀਨ ਪਾਰੀਆਂ ਨਾਲ ਹਮੇਸ਼ਾ ਸਾਡਾ ਮਨੋਰੰਜਨ ਕੀਤਾ। ਭਾਰਤ ਦਾ ਨਾਂ ਰੌਸ਼ਨ ਕੀਤਾ। ਇੰਗਲੈਂਡ ਵਿਰੁੱਧ ਟੀ20 ਵਿਸ਼ਵ ਕੱਪ 'ਚ 6 ਛੱਕੇ ਅੱਜ ਵੀ ਸਾਨੂੰ ਖ਼ੁਸ਼ ਕਰ ਦਿੰਦੇ ਹਨ। ਤੁਹਾਡੇ ਭਵਿੱਖ ਲਈ ਸ਼ੁਭਕਾਮਨਾਵਾਂ।"

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਆਖਰੀ ਕੌਮਾਂਤਰੀ ਮੈਚ 30 ਜੂਨ 2017 ਨੂੰ ਵੈਸਟ ਇੰਡੀਜ਼ ਵਿਰੁੱਧ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇਕ ਦਿਨਾ ਅਤੇ 58 ਟੀ-20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕਟ 'ਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ। ਉੱਥੇ ਹੀ ਇਕ ਦਿਨਾ ਮੈਚਾਂ ਵਿਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕਟ ਵਿਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।

ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇਕ ਦਿਨਾ ਮੈਚ 30 ਅਕਤੂਬਰ 2000 ਨੂੰ ਕੀਨੀਆ ਵਿਰੁੱਧ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ ਅਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2012 ਨੂੰ ਇੰਗਲੈਂਡ ਵਿਰੁੱਧ ਖੇਡਿਆ ਸੀ।