ਯੁਵਰਾਜ ਨੇ ਮੁੰਬਈ ਦੇ ਸਾਊਥ ਹੋਟਲ ’ਚ ਸੱਦੀ ਪ੍ਰੈਸ ਕਾਨਫਰੰਸ, ਕੀਤਾ ਸੰਨਿਆਸ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੰਨਿਆਸ ਲੈਣ ਮਗਰੋਂ ਆਈਸੀਸੀ ਵਲੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਵਿਚ ਖੇਡਣਾ ਚਾਹੁੰਦੇ ਨੇ ਯੁਵਰਾਜ

Yuvraj Singh

ਮੁੰਬਈ: ਭਾਰਤ ਦੇ 2007 ਟੀ-20 ਵਿਸ਼ਵ ਕੱਪ ਅਤੇ 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਸੋਮਵਾਰ ਯਾਨੀ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿਤਾ ਹੈ। ਯੁਵਰਾਜ ਸਿੰਘ ਨੇ ਮੁੰਬਈ ਦੇ ਸਾਊਥ ਹੋਟਲ ਵਿਚ ਕ੍ਰਿਕੇਟ ਤੋਂ ਸੰਨਿਆਸ ਲੈਣ ਲਈ ਪ੍ਰੈਸ ਕਾਨਫਰੰਸ ਸੱਦੀ ਹੈ। ਯੁਵਾਰਜ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਕਾਫ਼ੀ ਭਾਵਨਾਤਮਕ ਪਲ ਹਨ ਅਤੇ ਉਨ੍ਹਾਂ ਦਾ ਕਰੀਅਰ ਇਕ ਰੌਲਰ-ਕੋਸਟਰ ਦੀ ਤਰ੍ਹਾਂ ਰਿਹਾ ਹੈ। ਯੁਵਰਾਜ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਰਿਟਾਇਰਮੈਂਟ ਦੇ ਬਾਰੇ ਸੋਚ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਪਲੈਨ ਆਈਸੀਸੀ ਵਲੋਂ ਮਾਨਤਾ ਪ੍ਰਾਪਤ ਟੀ-20 ਟੂਰਨਾਮੈਂਟਸ ਵਿਚ ਖੇਡਣ ਦਾ ਹੈ।

ਯੁਵਰਾਜ ਸਿੰਘ ਨੇ ਕਿਹਾ ਕਿ ਮੈਂ ਕਦੇ ਕਿਸੇ ਚੁਣੌਤੀ ਦੇ ਅੱਗੇ ਹਾਰ ਨਹੀਂ ਮੰਨੀ ਚਾਹੇ ਉਹ ਕ੍ਰਿਕੇਟ ਦਾ ਮੈਚ ਰਿਹਾ ਹੋਵੇ ਜਾਂ ਫਿਰ ਕੈਂਸਰ ਵਰਗੀ ਬਿਮਾਰੀ। ਯੁਵਰਾਜ ਨੇ ਸਾਊਥ ਮੁੰਬਈ ਹੋਟਲ ਵਿਚ ਇਕ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਇਹ ਐਲਾਨ ਕੀਤਾ, ਜਿਸ ਨੂੰ ਸੁਣ ਸਾਹਮਣੇ ਬੈਠੀ ਉਨ੍ਹਾਂ ਦੀ ਮਾਂ ਦੇ ਹੰਝੂ ਨਿਕਲ ਆਏ। ਯੁਵਰਾਜ ਸਿੰਘ ਅਪਣੀ ਮਾਂ ਦੇ ਕਾਫ਼ੀ ਕਲੋਜ਼ ਹਨ। ਸੰਨਿਆਸ ਦਾ ਐਲਾਨ ਕਰਨ ਸਮੇਂ ਵੀ ਯੁਵਰਾਜ ਨੇ ਕਿਹਾ ਕਿ ਮੇਰੀ ਮਾਂ ਹਮੇਸ਼ਾ ਮੇਰੀ ਤਾਕਤ ਰਹੀ ਹੈ। ਬਚਪਨ ਤੋਂ ਮੈਂ ਅਪਣੇ ਪਿਤਾ ਦਾ ਦੇਸ਼ ਲਈ ਖੇਡਣ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।

ਅਪਣੇ ਕ੍ਰਿਕੇਟ ਕਰੀਅਰ ਨੂੰ ਯਾਦ ਕਰਦੇ ਹੋਏ ਯੁਵਰਾਜ ਨੇ ਕਿਹਾ ਕਿ ਅਪਣੇ 25 ਸਾਲ ਦੇ ਕਰੀਅਰ ਅਤੇ ਖ਼ਾਸ ਤੌਰ ’ਤੇ 17 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਵਿਚ ਕਈ ਉਤਾਰ-ਚੜਾਅ ਵੇਖੇ। ਹੁਣ ਮੈਂ ਅੱਗੇ ਵਧਣ ਦਾ ਫ਼ੈਸਲਾ ਲੈ ਲਿਆ ਹੈ। ਇਸ ਖੇਡ ਨੇ ਮੈਨੂੰ ਸਿਖਾਇਆ ਕਿ ਕਿਵੇਂ ਲੜਨਾ ਹੈ, ਡਿੱਗਣਾ ਹੈ, ਫਿਰ ਉੱਠਣਾ ਹੈ ਅਤੇ ਅੱਗੇ ਵੱਧਣਾ ਹੈ।

ਜਾਣਕਾਰੀ ਦੇ ਮੁਤਾਬਕ ਯੁਵਰਾਜ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਮਗਰੋਂ ਆਈਸੀਸੀ ਵਲੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਵਿਚ ਖੇਡਣਾ ਚਾਹੁੰਦੇ ਹਨ। ਯੁਵਰਾਜ ਵਿਦੇਸ਼ੀ ਟੀ-20 ਲੀਗ ਵਿਚ ਫਰੀਲਾਂਸ ਕ੍ਰਿਕੇਟਰ ਦੇ ਤੌਰ ’ਤੇ ਖੇਡ ਸਕਦੇ ਹਨ।