ਯੁਵਰਾਜ ਦੇ ਸੰਨਿਆਸ ਤੋਂ ਬਾਅਦ ਸਹਿਵਾਗ ਨੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

Yuvraj Singh and Virender Sehwag

ਨਵੀਂ ਦਿੱਲੀ: ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਦੇ ਨਾਲ ਹੀ ਉਹਨਾਂ ਦੇ ਉਤਾਰ-ਚੜਾਅ ਵਾਲੇ ਕੈਰੀਅਰ ਦਾ ਵੀ ਅੰਤ ਹੋ ਗਿਆ। ਇਸ ਤੋਂ ਬਾਅਦ ਉਹਨਾਂ ਦੇ ਕ੍ਰਿਕਟ ਕੈਰੀਅਰ ਦੇ ਸਾਥੀ ਖਿਡਾਰੀ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵਿਟਰ ‘ਤੇ ਇਕ ਫੋਟੋ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਵਰਿੰਦਰ ਸਹਿਵਾਗ ਯੁਵਰਾਜ ਸਿੰਘ ਦੇ ਨਾਲ ਦਿਖਾਈ ਦੇ ਰਹੇ ਹਨ।

ਟਵਿਟਰ ‘ਤੇ ਫੋਟੋ ਸ਼ੇਅਰ ਕਰਦੇ ਹੋਏ ਵਰਿੰਦਰ ਸਹਿਵਾਗ ਨੇ ਲਿਖਿਆ ਹੈ ਕਿ ‘ਖਿਡਾਰੀ ਆਉਣਗੇ ਅਤੇ ਜਾਣਗੇ। ਪਰ ਯੁਵਰਾਜ ਸਿੰਘ ਵਰਗੇ ਖਿਡਾਰੀ ਬਹੁਤ ਮੁਸ਼ਕਿਲ ਨਾਲ ਮਿਲਣਗੇ। ਕਈ ਮੁਸ਼ਕਿਲਾਂ ਨੂੰ ਝੇਲਿਆ, ਬਿਮਾਰੀ ਨੂੰ ਹਰਾਇਆ ਅਤੇ ਦਿਲਾਂ ਨੂੰ ਜਿੱਤਿਆ। ਅਪਣੀ ਲੜਾਈ ਅਤੇ ਇੱਛਾ ਸ਼ਕਤੀ ਨਾਲ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ। ਜੀਵਨ ਲਈ ਸ਼ੁੱਭਕਾਮਨਾਵਾਂ ਯੂਵੀ’।

 


 

ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਮੁੰਬਈ ਵਿਚ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ, ‘ਮੈਂ 25 ਸਾਲਾਂ ਬਾਅਦ ਹੁਣ ਕ੍ਰਿਕਟ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ। ਉਹਨਾਂ ਕਿਹਾ ਕਿ, ‘ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ’। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇਕ ਰੋਜਾ ਅਤੇ 58 ਟੀ20 ਅੰਤਰਰਾਸ਼ਟਰੀ ਮੈਚ ਖੇਡੇ। ਉਹਨਾਂ ਨੇ ਟੈਸਟ ਮੈਚਾਂ ਵਿਚ 1900 ਅਤੇ ਇਕ ਰੋਜਾ ਮੈਚ ਵਿਚ 8701 ਦੌੜਾਂ ਬਣਾਈਆਂ।  ਉਹਨਾਂ ਨੂੰ ਇਕ ਰੋਜਾ ਮੈਚ ਵਿਚ ਸਭ ਤੋਂ ਜ਼ਿਆਦਾ ਸਫ਼ਲਤਾ ਮਿਲੀ। ਟੀ20 ਅੰਤਰਰਾਸ਼ਟਰੀ ਵਿਚ ਉਹਨਾਂ ਦੇ ਨਾਂਅ ‘ਤੇ 1177 ਦੌੜਾਂ ਦਰਜ ਹਨ।

ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਅਪਣੇ ਕੈਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿਚ ਵਿਸ਼ਵ ਕੱਪ 2011 ਦੀ ਜਿੱਤ ਅਤੇ ਮੈਨ ਆਫ ਦ ਮੈਚ ਬਣਨਾ, ਟੀ20 ਵਿਸ਼ਵ ਕੱਪ 2007 ਵਿਚ ਇੰਗਲੈਂਡ ਵਿਰੁੱਧ ਇਕ ਓਵਰ ਵਿਚ ਛੇ ਛੱਕੇ ਜੜਨਾ ਅਤੇ ਪਾਕਿਸਤਾਨ ਵਿਰੁੱਧ ਲਾਹੌਰ ਵਿਚ 2004 ‘ਚ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਿਲ ਕੀਤਾ। ਵਿਸ਼ਵ ਕੱਪ 2011 ਤੋਂ ਬਾਅਦ ਕੈਂਸਰ ਨਾਲ ਲੜਨਾ ਉਹਨਾਂ ਲਈ ਸਭ ਤੋਂ ਵੱਡੀ ਲੜਾਈ ਸੀ।