ਅਦਾਲਤ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ ਰੱਖਿਆ
ਅਦਾਲਤ ਨੇ ਪਹਿਲਾਂ ਫਰਨਾਂਡੀਜ਼ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।
ਨਵੀਂ ਦਿੱਲੀ - ਠੱਗ ਸੁਕੇਸ਼ ਚੰਦਰਸ਼ੇਖਰ ਖਿਲਾਫ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ ਨਿਯਮਤ ਜ਼ਮਾਨਤ ਦੇਣ ਬਾਰੇ ਦਿੱਲੀ ਦੀ ਇੱਕ ਅਦਾਲਤ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਏਗੀ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਨਾਲ-ਨਾਲ ਅਭਿਨੇਤਰੀ ਲਈ ਪੇਸ਼ ਹੋਏ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ਼ੁੱਕਰਵਾਰ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਨੇ ਪਹਿਲਾਂ ਫਰਨਾਂਡੀਜ਼ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।
ਅਦਾਲਤ 24 ਨਵੰਬਰ ਨੂੰ ਦੋਸ਼ਾਂ 'ਤੇ ਬਹਿਸ ਸੁਣੇਗੀ। ਅਦਾਲਤ ਨੇ 26 ਸਤੰਬਰ ਨੂੰ ਫਰਨਾਂਡੀਜ਼ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤਰਿਮ ਜ਼ਮਾਨਤ ਦਿੱਤੀ ਸੀ। ਫਰਨਾਂਡੀਜ਼ ਨੂੰ ਸਪਲੀਮੈਂਟਰੀ ਚਾਰਜਸ਼ੀਟ 'ਚ ਪਹਿਲੀ ਵਾਰ ਦੋਸ਼ੀ ਬਣਾਇਆ ਗਿਆ ਹੈ। ਜਾਂਚ ਦੇ ਸਿਲਸਿਲੇ 'ਚ ਈਡੀ ਨੇ ਉਸ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਹੈ।
ਇਸ ਤੋਂ ਪਹਿਲਾਂ, ਅਭਿਨੇਤਰੀ ਨੂੰ ਈਡੀ ਦੀ ਪਹਿਲਾਂ ਦੀ ਚਾਰਜਸ਼ੀਟ ਅਤੇ ਇੱਕ ਪੂਰਕ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਦਸਤਾਵੇਜ਼ਾਂ ਵਿਚ ਫਰਨਾਂਡੀਜ਼ ਅਤੇ ਅਦਾਕਾਰਾ ਨੋਰਾ ਫਤੇਹੀ ਦੁਆਰਾ ਦਰਜ ਕੀਤੇ ਗਏ ਬਿਆਨਾਂ ਦੇ ਵੇਰਵੇ ਸਨ।