ਡਰੱਗ ਮਾਮਲੇ ਵਿਚ ਰੀਆ ਚੱਕਰਵਰਤੀ ਨੂੰ ਨਹੀਂ ਮਿਲੀ ਜ਼ਮਾਨਤ, ਕੋਰਟ ਨੇ ਖਾਰਜ ਕੀਤੀ ਅਰਜੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਕੇਸ ਨਾਲ ਜੁੜੇ ਡਰੱਗ ਮਾਮਲੇ ਵਿਚ ਜੇਲ੍ਹ ਵਿਚ ਬੰਦ ਰੀਆ ਚੱਕਰਵਰਤੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ।

Rhea Chakraborty

ਮੁੰਬਈ: ਸੁਸ਼ਾਂਤ ਸਿੰਘ ਕੇਸ ਨਾਲ ਜੁੜੇ ਡਰੱਗ ਮਾਮਲੇ ਵਿਚ ਜੇਲ੍ਹ ਵਿਚ ਬੰਦ ਰੀਆ ਚੱਕਰਵਰਤੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਰੀਆ, ਸ਼ੌਵਿਕ ਸਮੇਤ ਹੋਰ ਅਰੋਪੀਆਂ ਦੀ ਜ਼ਮਾਨਤ ਪਟੀਸ਼ਨ ‘ਤੇ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਅਪਣਾ ਫੈਸਲਾ ਸੁਣਾਇਆ। ਮੁੰਬਈ ਦੀ ਕੋਰਟ ਨੇ ਮਾਮਲੇ ਵਿਚ ਗ੍ਰਿਫ਼ਤਾਰ ਰੀਆ ਦੇ ਭਰਾ ਦੀ ਜ਼ਮਾਨਤ ਅਰਜੀ ਵੀ ਖਾਰਜ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਰੀਆ ਚੱਕਰਵਰਤੀ ਅਤੇ ਉਹਨਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ‘ਤੇ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਦੱਸ ਦਈਏ ਕਿ ਇਸ ਮਾਮਲੇ ਵਿਚ ਰੀਆ ਨੂੰ ਡਰੱਗ ਖਰੀਦ ਦੇ ਅਰੋਪਾਂ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਹਨਾਂ ਦੀ ਪਹਿਲੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ ਅਤੇ ਉਹਨਾਂ ਨੂੰ 22 ਸਤੰਬਰ ਤੱਕ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਰੀਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਮੁੰਬਈ ਦੀ ਇਕ ਕੋਰਟ ਵਿਚ ਉਹਨਾਂ ਦੀ ਪਟੀਸ਼ਨ ਪਾਈ ਸੀ, ਜਿਸ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਐਨਸੀਬੀ ਨੇ ਰੀਆ ਅਤੇ ਉਸ ਦੇ ਭਰਾ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 27 ਤਹਿਤ ਕੇਸ ਦਰਜ ਕੀਤਾ ਹੈ।