ਰਾਜਪਾਲ ਨੂੰ ਮਿਲਣ ਤੋਂ ਬਾਅਦ ਬੋਲੀ ਕੰਗਨਾ- ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਪਹੁੰਚੀ ਸੀ।

Kangana Ranaut meet Governor Bhagat Singh Koshyari

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਪਹੁੰਚੀ ਸੀ। ਕੰਗਨਾ ਨੇ ਰਾਜਪਾਲ ਨਾਲ ਅਪਣੇ ਨਾਲ ਹੋਈ ਨਾਇਨਸਾਫ਼ੀ ਬਾਰੇ ਗੱਲ ਕੀਤੀ। 

ਕੰਗਨਾ ਰਣੌਤ ਨੇ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ, ‘ ਮੈਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਹੈ। ਮੇਰੇ ਨਾਲ ਜੋ ਵੀ ਨਾਇਨਸਾਫ਼ੀ ਹੋਈ ਹੈ, ਮੈਂ ਉਸ ਬਾਰੇ ਗੱਲ ਕੀਤੀ। ਮੇਰੇ ਨਾਲ ਜਿਸ ਤਰ੍ਹਾਂ ਦਾ ਸਲੂਕ ਹੋਇਆ ਹੈ, ਉਸ ਬਾਰੇ ਗੱਲ ਹੋਈ। ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਇਨਸਾਫ਼ ਮਿਲੇਗਾ ਤਾਂ ਜੋ ਨੌਜਵਾਨ ਲੜਕੀਆਂ ਸਮੇਤ ਸਾਰੇ ਨਾਗਰਿਕਾਂ ਦਾ ਵਿਸ਼ਵਾਸ ਸਿਸਟਮ ਵਿਚ ਬਣਿਆ ਰਹੇ। ਮੈਂ ਖੁਸ਼ਕਿਸਮਤ ਹਾਂ ਕਿ ਰਾਜਪਾਲ ਨੇ ਇਕ ਬੇਟੀ ਦੀ ਤਰ੍ਹਾਂ ਮੇਰੀ ਗੱਲ ਸੁਣੀ’।

 

 

ਦੱਸ ਦਈਏ ਕਿ ਰਾਜਪਾਲ ਨਾਲ ਮੁਲਾਕਾਤ ਦੌਰਾਨ ਕੰਗਨਾ ਰਣੌਤ ਦੇ ਨਾਲ ਉਹਨਾਂ ਦੀ ਭੈਣ ਰੰਗੋਲੀ ਵੀ ਸੀ। ਇਸ ਤੋਂ ਪਹਿਲਾ ਐਤਵਾਰ ਦੀ ਸਵੇਰ ਅਦਾਕਾਰਾ ਨੇ ਕਰਣੀ ਸੈਨਾ ਦੇ ਵਰਕਰਾਂ ਨਾਲ ਅਪਣੇ ਘਰ ਵਿਚ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਭਗਤ ਸਿੰਘ ਕੋਸ਼ਿਆਰੀ ਨੇ ਵੀ ਬੀਐਮਸੀ ਦੀ ਕਾਰਵਾਈ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ।  ਉੱਥੇ ਹੀ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਣੌਤ ਦੇ ਦਫ਼ਤਰ ‘ਤੇ ਬੀਐਮਸੀ ਦੀ ਕਾਰਵਾਈ ਨੂੰ ਗਲਤ ਦੱਸਦੇ ਹੋ ਮੁਆਵਜ਼ੇ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਮੁੰਬਈ ਦੇ ਪਾਲੀ ਹਿਲ ਵਿਚ ਸਥਿਤ ਕੰਗਨਾ ਰਣੌਤ ਦੇ ਦਫ਼ਤਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਿਆ ਹੋਇਆ ਦੱਸ ਕੇ ਬੀਐਮਸੀ ਨੇ ਬੀਤੇ ਬੁੱਧਵਾਰ ਨੂੰ ਉੱਥੇ ਭੰਨਤੋੜ ਕੀਤੀ ਸੀ। ਹਾਲਾਂਕਿ ਕੰਗਨਾ ਨੇ ਇਸ ਨੂੰ ਰੋਕਣ ਲਈ ਮੁੰਬਈ ਹਾਈ ਕੋਰਟ ਤੋਂ ਸਟੇਅ ਲਈ ਸੀ ਪਰ ਬੀਐਮਸੀ ਨੇ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ।